'ਉੱਚਾ ਦਰ..' ਵਿਖੇ ਤਿਆਰ ਹੋਣ ਵਾਲੀਆਂ ਇਮਾਰਤਾਂ 'ਚੋਂ ਕੁੱਝ ਨੂੰ ਅਪਣਾਉਣ ਸਬੰਧੀ ਵਿਚਾਰਾਂ
ਜਿਵੇਂ ਮੁਕਤਸਰ, ਬਠਿੰਡਾ ਅਤੇ ਦਿੱਲੀ ਸਮੇਤ ਦੇਸ਼-ਵਿਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਵਸਦੇ ਸਪੋਕਸਮੈਨ ਪਾਠਕਾਂ ਅਤੇ ਪੰਥ ਦਰਦੀਆਂ ਵਲੋਂ 'ਉੱਚਾ ਦਰ ਬਾਬੇ ਨਾਨਕ ਦਾ' ਦੇ ਨੂੰ
ਕੋਟਕਪੂਰਾ, 23 ਜੁਲਾਈ (ਗੁਰਮੀਤ ਸਿੰਘ ਮੀਤਾ): ਜਿਵੇਂ ਮੁਕਤਸਰ, ਬਠਿੰਡਾ ਅਤੇ ਦਿੱਲੀ ਸਮੇਤ ਦੇਸ਼-ਵਿਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਵਸਦੇ ਸਪੋਕਸਮੈਨ ਪਾਠਕਾਂ ਅਤੇ ਪੰਥ ਦਰਦੀਆਂ ਵਲੋਂ 'ਉੱਚਾ ਦਰ ਬਾਬੇ ਨਾਨਕ ਦਾ' ਦੇ ਨੂੰ ਚਾਲੂ ਕਰਨ ਲਈ ਆਖ਼ਰੀ ਪੜਾਅ 'ਤੇ ਸੇਵਾਵਾਂ ਲਈਆਂ ਜਾ ਰਹੀਆਂ ਹਨ, ਉਸੇ ਤਹਿਤ ਸਪੋਕਸਮੈਨ ਦੇ ਸਥਾਨਕ ਸਬ ਦਫ਼ਤਰ ਵਿਖੇ ਹੋਈ ਮੀਟਿੰਗ ਦੌਰਾਨ ਚਾਰ ਲੱਖ ਰੁਪਏ ਨਾਲ ਜੀ.ਟੀ. ਰੋਡ 'ਤੇ ਉੱਚਾ ਦਰ.. ਦੇ ਬਣਨ ਵਾਲੇ ਕ੍ਰਮਵਾਰ ਵੱਡਾ ਗੇਟ ਜਾਂ ਭਾਈ ਲਾਲੋ ਦਾ ਘਰ, ਪੰਜ ਲੱਖ ਰੁਪਏ ਨਾਲ ਤਿਆਰ ਹੋਣ ਵਾਲਾ ਬਾਣੀ ਭਵਨ, ਭਾਈ ਲਾਲੋ ਦਾ ਘਰ, ਪਾਣੀ ਲਈ ਵੱਡਾ ਟਿਊਬਵੈੱਲ, 10 ਤੋਂ 12 ਲੱਖ ਰੁਪਏ ਦੇ ਖ਼ਰਚੇ ਨਾਲ ਤਿਆਰ ਹੋਣ ਵਾਲੇ 8 ਹਾਲ, ਪੰਜਾਬ ਦਾ ਇਤਿਹਾਸ, ਬੱਚਿਆਂ ਦੀ ਫ਼ਿਲਮ ਜਾਂ ਉਦਾਸੀਆਂ/ਯਾਤਰਾਵਾਂ ਲਈ ਏਕਸ ਕੇ ਬਾਰਕ ਜ਼ਿਲ੍ਹਾ ਇਕਾਈ ਫ਼ਰੀਦਕੋਟ ਵਲੋਂ ਜ਼ਿੰਮੇਵਾਰੀ ਲੈਣ ਬਾਰੇ ਵਿਚਾਰ ਵਟਾਂਦਰਾ ਹੋਇਆ।
ਕੁੱਝ ਪਤਵੰਤਿਆਂ ਨੇ 15 ਲੱਖ ਰੁਪਏ 'ਚ 6 ਫ਼ਵਾਰਿਆਂ ਦੀ ਸੇਵਾ, 20 ਲੱਖ ਰੁਪਏ 'ਚ ਸੱਚਾ ਸੌਦਾ ਬਾਜ਼ਾਰ ਦੀ ਜ਼ਿੰਮੇਵਾਰੀ ਲੈਣ ਬਾਰੇ ਵੱਧ ਮਿਹਨਤ ਕਰਨ ਅਤੇ ਹੋਰ ਸੰਗਤ ਨੂੰ ਇਸ ਬਾਰੇ ਜਾਗਰੂਕ ਕਰਨ ਦਾ ਸੁਝਾਅ ਵੀ ਦਿਤਾ। ਉੱਚਾ ਦਰ.. ਦੀ ਗਵਰਨਿੰਗ ਕੌਂਸਲ ਦੇ ਮੈਂਬਰ ਅਤੇ ਏਕਸ ਕੇ ਬਾਰਕ ਦੇ ਕਨਵੀਨਰ ਇੰਜ. ਬਲਵਿੰਦਰ ਸਿੰਘ ਮਿਸ਼ਨਰੀ ਨੇ ਬੇਨਤੀ ਕੀਤੀ ਕਿ ਜੇ ਇਕ-ਦੋ ਦਿਨਾਂ 'ਚ ਕਿਸੇ ਵੀ ਇਮਾਰਤ ਦੀ ਜ਼ਿੰਮੇਵਾਰੀ ਲੈਣ ਦਾ ਫ਼ੈਸਲਾ ਕਰ ਲਿਆ ਜਾਵੇ ਤਾਂ 30 ਜੁਲਾਈ ਦਿਨ ਐਤਵਾਰ ਨੂੰ ਉੱਚਾ ਦਰ.. ਵਿਖੇ ਹੋਣ ਵਾਲੀ ਮਾਸਿਕ ਮੀਟਿੰਗ 'ਚ ਇਸ ਦਾ ਐਲਾਨ ਕਰਨਾ ਸੌਖਾ ਹੋ ਜਾਵੇਗਾ।
ਇੰਜ. ਬਲਵਿੰਦਰ ਸਿੰਘ ਮਿਸ਼ਨਰੀ ਨੇ ਉੱਚਾ ਦਰ.. ਦੀ ਲੋੜ ਕਿਉਂ, ਦੇਸ਼ ਵਿਦੇਸ਼ 'ਚ ਵਸਦੀ ਸੰਗਤ ਨੂੰ ਇਸ ਤੋਂ ਹੋਣ ਵਾਲੇ ਫ਼ਾਇਦਿਆਂ ਅਤੇ ਪੰਥ ਵਿਰੋਧੀ ਸ਼ਕਤੀਆਂ ਵਲੋਂ ਕੀਤੇ ਜਾ ਰਹੇ ਬੇਲੋੜੇ ਵਿਰੋਧ ਦਾ ਜ਼ਿਕਰ ਕਰਦਿਆਂ ਦਸਿਆ ਕਿ ਇਕ ਪਾਸੇ ਅਮਰੀਕਾ ਵਿਖੇ 100 ਏਕੜ 'ਚ ਬਣਨ ਵਾਲੇ ਯਹੂਦੀਆਂ ਦੇ ਹਾਲੋਕਾਸਟ ਮਿਊਜ਼ੀਅਮ ਦੇ ਬਾਹਰ ਯਹੂਦੀਆਂ ਦੇ ਬੋਰਡ ਨਾ ਲਾਉਣ ਬਾਰੇ ਦਿਤੀ ਦਲੀਲ ਨੂੰ ਸਮੁੱਚੀ ਯਹੂਦੀ ਕੌਮ ਖਿੜੇ ਮੱਥੇ ਸਵੀਕਾਰ ਕਰ ਰਹੀ ਹੈ ਪਰ ਦੂਜੇ ਪਾਸੇ ਗੁਰਦਵਾਰਾ ਸਿਸਟਮ ਤੋਂ ਵਖਰੇ ਤੌਰ 'ਤੇ ਉੱਚਾ ਦਰ.. ਬਣਾਉਣ ਬਾਰੇ ਦਿਤੀਆਂ ਦਲੀਲਾਂ ਦਾ ਵਿਰੋਧੀਆਂ ਵਲੋਂ ਗ਼ਲਤ ਅਰਥ ਕੱਢ ਕੇ ਸੰਗਤ ਨੂੰ ਗੁਮਰਾਹ ਕਰਨ ਦਾ ਸਿਲਸਿਲਾ ਜਾਰੀ ਹੈ। ਉਨ੍ਹਾਂ ਅਫ਼ਸੋਸ ਜ਼ਾਹਰ ਕੀਤਾ ਕਿ ਪੰਜਾਬ, ਪੰਜਾਬੀ, ਪੰਜਾਬੀਅਤ, ਸਿੱਖ ਕੌਮ, ਪੰਥ ਅਤੇ ਸਮੁੱਚੀ ਮਨੁੱਖਤਾ ਲਈ ਅਪਣਾ ਸੁਖ ਅਰਾਮ ਤਿਆਗ਼ ਕੇ ਹਰ ਕੁਰਬਾਨੀ ਕਰਨ ਵਾਲੇ ਸ. ਜੋਗਿੰਦਰ ਸਿੰਘ ਨੂੰ ਬਦਨਾਮ ਕਰਨ ਲਈ ਹੱਥਕੰਡੇ ਵਰਤੇ ਜਾ ਰਹੇ ਹਨ ਪਰ ਦੂਜੇ ਪਾਸੇ ਪੰਥ ਦਾ ਬੇੜਾ ਗਰਕ ਕਰਨ ਵਾਲਿਆਂ ਨੂੰ ਪੰਥ ਰਤਨ ਅਤੇ ਕੌਮ ਦੀਆਂ ਬੇੜੀਆਂ 'ਚ ਵੱਟੇ ਪਾਉਣ ਵਾਲਿਆਂ ਨੂੰ ਫਖ਼ਰ-ਏ-ਕੌਮ ਦੇ ਖ਼ਿਤਾਬ ਦੇ ਕੇ ਸੰਗਤ ਦੇ ਜਖ਼ਮਾਂ 'ਤੇ ਨਮਕ ਛਿੜਕਣ ਵਾਲੀਆਂ ਹਰਕਤਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਅਪੀਲ ਕੀਤੀ ਕਿ ਪੰਥ ਵਿਰੋਧੀ ਸ਼ਕਤੀਆਂ ਦੇ ਹੱਥ ਠੌਕੇ ਬਣ ਚੁੱਕੇ ਲੋਕਾਂ ਨਾਲ ਉਲਝਣ ਦੀ ਬਜਾਇ ਅਪਣੇ ਨਿਸ਼ਾਨੇ ਤਕ ਪਹੁੰਚਣ ਲਈ ਯਤਨ ਜਾਰੀ ਰੱਖੇ ਜਾਣ ਅਤੇ ਅਪਣਾ ਇਕੋ-ਇਕ ਮਕਸਦ ਉੱਚਾ ਦਰ.. ਦੀ ਉਸਾਰੀ ਨੂੰ ਜਲਦ ਮੁਕੰਮਲ ਕਰਨਾ ਹੀ ਹੋਵੇ।
ਸੇਵਾਮੁਕਤ ਸੀਨੀਅਰ ਬੈਂਕ ਮੈਨੇਜਰ ਗੁਰਦੀਪ ਸਿੰਘ, ਇੰਜ. ਬਲਵਿੰਦਰ ਸਿੰਘ ਮਿਸ਼ਨਰੀ ਅਤੇ ਸੁਖਵਿੰਦਰ ਸਿੰਘ ਬੱਬੂ ਨੇ ਦੋ-ਦੋ ਮੈਂਬਰ ਇਸੇ ਹਫ਼ਤੇ ਬਣਾਉਣ ਜਾਂ ਇਕ-ਇਕ ਲੱਖ ਰੁਪਿਆ ਉੱਚਾ ਦਰ.. ਦੀ ਉਸਾਰੀ ਲਈ ਜਮ੍ਹਾਂ ਕਰਾਉਣ ਦਾ ਭਰੋਸਾ ਦਿਤਾ। ਉਨ੍ਹਾਂ ਮੀਟਿੰਗ 'ਚ ਹਾਜ਼ਰ ਸਾਰਿਆਂ ਨੂੰ ਇਸ ਤਰ੍ਹਾਂ ਯਤਨ ਜਾਰੀ ਰੱਖਣ ਦਾ ਸੱਦਾ ਦਿੰਦਿਆਂ ਕਿਹਾ ਕਿ ਅਜੇ ਤਕ ਬਹੁਤ ਸਾਰੇ ਵੀਰਾਂ-ਭੈਣਾਂ ਨੂੰ ਸ਼ਾਇਦ ਅਸੀਂ ਇਹ ਵੀ ਨਹੀਂ ਸਮਝਾ ਸਕੇ ਕਿ ਉਨ੍ਹਾ ਨੂੰ ਲਾਈਫ਼, ਸਰਪ੍ਰਸਤ ਜਾਂ ਮੁੱਖ ਸਰਪ੍ਰਸਤ ਬਣਨ ਦੇ ਕੀ-ਕੀ ਫ਼ਾਇਦੇ ਹਨ। ਯਾਦਵਿੰਦਰ ਸਿੰਘ ਸਿੱਧੂ ਸਰਪੰਚ, ਡਾ. ਜੀਵਨਜੋਤ ਕੌਰ, ਪ੍ਰੀਤਮ ਸਿੰਘ ਸਮਰਾ, ਜਗਵੀਰ ਸਿੰਘ ਖਾਰਾ, ਮਾ. ਜਗਤਾਰ ਸਿੰਘ ਦਬੜੀਖਾਨਾ, ਜਸਵਿੰਦਰ ਸਿੰਘ ਮੱਤਾ ਤੇ ਗੁਰਿੰਦਰ ਸਿੰਘ ਕੋਟਕਪੂਰਾ ਨੇ ਵੀ ਨਵੇਂ ਮੈਂਬਰ ਬਣਾਉਣ ਜਾਂ ਫ਼ੰਡ ਜਮ੍ਹਾਂ ਕਰਾਉਣ ਦੀ ਹਾਮੀ ਭਰੀ। ਉਨਾ ਇਹ ਵੀ ਕਿਹਾ ਕਿ ਹੁਣ ਸ. ਜੋਗਿੰਦਰ ਸਿੰਘ ਨੂੰ ਬਹੁਤੀਆਂ ਅਪੀਲਾਂ ਕਰਨ ਦਾ ਮੌਕਾ ਵੀ ਨਹੀਂ ਦੇਣਾ ਚਾਹੀਦਾ ਕਿਉਂਕਿ ਉਨ੍ਹਾਂ ਅਪਣੀ ਸਾਰੀ ਉਮਰ ਦੀ ਕਮਾਈ ਪਹਿਲਾਂ ਅਰਪਨ ਕਰ ਕੇ ਬਾਅਦ 'ਚ ਸੰਗਤ ਨੂੰ ਯੋਗਦਾਨ ਪਾਉਣ ਦੀ ਅਪੀਲ ਕੀਤੀ ਪਰ ਹੁਣ ਰੋਜ਼ਾਨਾ ਕੀਤੀਆਂ ਜਾ ਰਹੀਆਂ ਅਪੀਲਾਂ ਪੜ੍ਹ ਕੇ ਸਾਨੂੰ ਖ਼ੁਦ ਨੂੰ ਅਪਣੇ ਆਪ 'ਤੇ ਸ਼ਰਮ ਮਹਿਸੂਸ ਹੁੰਦੀ ਹੈ। ਪ੍ਰੋ. ਦਵਿੰਦਰਪਾਲ ਸਿੰਘ ਲੱਕੀ, ਲਖਵਿੰਦਰ ਸਿੰਘ ਰੋਮਾਣਾ ਤੇ ਬਲਵਿੰਦਰ ਸਿੰਘ ਖ਼ਾਲਸਾ ਨੇ ਉੱਚਾ ਦਰ.. ਦੀ ਉਸਾਰੀ 'ਚ ਯੋਗਦਾਨ ਪਾਉਣ ਲਈ ਅਪਣੇ ਰਿਸ਼ਤੇਦਾਰਾਂ, ਦੋਸਤਾਂ ਮਿੱਤਰਾਂ ਅਤੇ ਹੋਰ ਜਾਣਕਾਰਾਂ ਤਕ ਪਹੁੰਚ ਕਰਨ ਦਾ ਭਰੋਸਾ ਦਿੰਦਿਆਂ ਕਿਹਾ ਕਿ ਉਹ ਵੱਧ ਤੋਂ ਵੱਧ ਰਿਸ਼ਤੇਦਾਰਾਂ ਨੂੰ ਉੱਚਾ ਦਰ.. ਲਈ ਬਣਦਾ ਯੋਗਦਾਨ ਪਾਉਣ ਵਾਸਤੇ ਪ੍ਰੇਰਿਤ ਕਰਨਗੇ। ਇਸ ਮੌਕੇ ਉਪਰੋਕਤ ਤੋਂ ਇਲਾਵਾ ਸੇਵਾਮੁਕਤ ਇੰਜ. ਗੁਰਸੇਵਕ ਸਿੰਘ ਧਾਲੀਵਾਲ, ਸਵਰਨ ਸਿੰਘ ਢੀਮਾਵਾਲੀ, ਸੁਰਜੀਤ ਸਿੰਘ ਘੁਲਿਆਣੀ, ਬਲਵੰਤ ਸਿੰਘ ਸੰਧੂ, ਸੁਖਦੇਵ ਸਿੰਘ ਆਦਿ ਵੀ ਹਾਜਰ ਸਨ।