Panthak News: ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਪ੍ਰਬੰਧਕ ਕਮੇਟੀ ਦਾ ਸਾਲਾਨਾ ਬਜਟ 16 ਕਰੋੜ 20 ਲੱਖ ਰੁਪਏ ਦਾ ਪਾਸ

ਏਜੰਸੀ

ਪੰਥਕ, ਪੰਥਕ/ਗੁਰਬਾਣੀ

ਸ੍ਰੀ ਗੁਰੂ ਤੇਗ ਬਹਾਦਰ ਐਨ.ਆਰ.ਆਈ. ਯਾਤਰੀ ਨਿਵਾਸ ਐਡਵੋਕੇਟ ਧਾਮੀ ਨੇ ਕੀਤਾ ਸੰਗਤ ਨੂੰ ਲੋਕ ਅਰਪਣ

Gurdwara Sri Paonta Sahib Management Committee's annual budget of Rs 16.2 crore passed

 

 

Panthak News: ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਪ੍ਰਬੰਧਕ ਕਮੇਟੀ ਦਾ 16 ਕਰੋੜ 20 ਲੱਖ ਰੁਪਏ ਦਾ ਸਾਲਾਨਾ ਬਜਟ ਬੀਤੇ ਦਿਨੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਸ. ਹਰਜਿੰਦਰ ਸਿੰਘ ਧਾਮੀ ਦੀ ਪ੍ਰਧਾਨਗੀ ਹੇਠ ਪਾਸ ਕੀਤਾ ਗਿਆ। ਇਸ ਸਬੰਧੀ ਹੋਈ ਇਕੱਤਰਤਾ ਵਿਚ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੋਂ ਇਲਾਵਾ ਜਥੇਦਾਰ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ, ਬਾਬਾ ਨਾਗਰ ਸਿੰਘ, ਸ. ਜੋਗਾ ਸਿੰਘ, ਸ. ਹਰਭਜਨ ਸਿੰਘ, ਸ. ਹਰਪ੍ਰੀਤ ਸਿੰਘ ਤੇ ਸ. ਕਰਮਵੀਰ ਸਿੰਘ ਆਦਿ ਹਾਜ਼ਰ ਹੋਏ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਐਡਵੋਕੇਟ ਧਾਮੀ ਨੇ ਕਿਹਾ ਕਿ ਪ੍ਰਬੰਧਕ ਕਮੇਟੀ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਦਾ ਸਾਲ 2025-26 ਲਈ 16 ਕਰੋੜ 20 ਲੱਖ ਰੁਪਏ ਦਾ ਬਜਟ ਪਾਸ ਕਰਦਿਆਂ ਗੁਰੂ ਘਰ ਦੀਆਂ ਨਵੀਆਂ ਬਣ ਰਹੀਆਂ ਇਮਾਰਤਾਂ ਦੀ ਉਸਾਰੀ, ਪੁਰਾਣੀਆਂ ਇਮਾਰਤਾਂ ਦੇ ਰੱਖ-ਰਖਾਅ, ਗੁਰਦੁਆਰਾ ਸਾਹਿਬ ਵਿਖੇ ਚਲ ਰਹੀ ਮੁਫ਼ਤ ਡਿਸਪੈਂਸਰੀ, ਪ੍ਰਬੰਧ ਵਾਲੇ ਸਕੂਲਾਂ ਅਤੇ ਹੋਰ ਸੰਸਥਾਵਾਂ ਲਈ ਵਿਸ਼ੇਸ਼ ਫ਼ੰਡ ਰਾਖਵੇਂ ਰੱਖਣ ਨੂੰ ਪ੍ਰਵਾਨਗੀ ਦਿਤੀ ਗਈ ਹੈ।

ਉਨ੍ਹਾਂ ਕਿਹਾ ਕਿ ਬਜਟ ਵਿਚ ਗੁਰਦੁਆਰਾ ਸਾਹਿਬ ਵਿਖੇ ਮਨਾਏ ਜਾਣ ਵਾਲੇ ਦਿਨ-ਤਿਉਹਾਰ, ਪ੍ਰਕਾਸ਼ ਦਿਹਾੜੇ ਅਤੇ ਹੋਰ ਸਮਾਗਮਾਂ ਨੂੰ ਪਹਿਲਾਂ ਵਾਂਗ ਜਾਰੀ ਰੱਖਣ ਦੀ ਪ੍ਰਵਾਨਗੀ ਦੇ ਨਾਲ ਨਾਲ ਸੰਗਤਾਂ ਦੀ ਸਹੂਲਤ ਲਈ ਨਿਵਾਸ ਸਥਾਨਾਂ ਵਾਸਤੇ ਜ਼ਮੀਨ ਖ਼ਰੀਦ ਕਰਨ ਅਤੇ ਲੰਗਰ ਦੇ ਪ੍ਰਬੰਧ ਲਈ ਨਿਯਮਾਂ ਅਨੁਸਾਰ ਖਰੀਦ ਦੀ ਮਨਜ਼ੂਰੀ ਵੀ ਦਿਤੀ ਗਈ ਹੈ। ਇਸ ਨਾਲ ਹੀ ਇਕੱਤਰਤਾ ਵਿੱਚ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਦੀ ਕਮੇਟੀ ਦੇ ਮੀਤ ਪ੍ਰਧਾਨ ਅਤੇ ਜਨਰਲ ਸਕੱਤਰ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ, ਜਿਸ ਵਿਚ ਸ. ਹਰਭਜਨ ਸਿੰਘ ਨੂੰ ਮੀਤ ਪ੍ਰਧਾਨ ਅਤੇ ਸ. ਹਰਪ੍ਰੀਤ ਸਿੰਘ ਰਤਨ ਨੂੰ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ।

ਇਸ ਮੌਕੇ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਦੀ ਪ੍ਰਬੰਧਕ ਕਮੇਟੀ, ਕਾਰ ਸੇਵਾ ਬਾਬਾ ਅਮਰੀਕ ਸਿੰਘ ਪਟਿਆਲਾ ਵਾਲਿਆਂ ਅਤੇ ਸੰਗਤਾਂ ਦੇ ਸਹਿਯੋਗ ਨਾਲ ਬਣਾਏ ਗਏ ਸ੍ਰੀ ਗੁਰੂ ਤੇਗ ਬਹਾਦਰ ਐਨ.ਆਰ.ਆਈ. ਯਾਤਰੀ ਨਿਵਾਸ ਨੂੰ ਸੰਗਤ ਅਰਪਣ ਕੀਤਾ।