ਗੁਰੂ ਸਾਹਿਬ ਦੀ ਹਜ਼ੂਰੀ ਵਿਚ ਜਥੇਦਾਰ ਦਾ ਵਿਰੋਧ, ਇਕ ਸ਼ਖਸ ਨੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਸਿਰੋਪਾਓ ਦੇਣ ਤੋਂ ਰੋਕਿਆ
ਕਿਹਾ- ਕੌਮ ਇਨ੍ਹਾਂ ਨੂੰ ਜਥੇਦਾਰ ਨਹੀਂ ਮੰਨਦੀ
Jathedar Kuldeep Singh Gargajj prevented from giving Siropao: ਪਿਛਲੇ ਦਿਨੀਂ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਅਕਾਲ ਚਲਾਣਾ ਕਰ ਗਏ ਬੱਬਰ ਖ਼ਾਲਸਾ ਇੰਟਰਨੈਸ਼ਨਲ ਜਥੇਬੰਦੀ ਦੇ ਜਨਰਲ ਸਕੱਤਰ ਭਾਈ ਮਹਿਲ ਸਿੰਘ ਬੱਬਰ ਦੀ ਆਤਮਿਕ ਸ਼ਾਂਤੀ ਨਮਿੱਤ ਅੱਜ ਸਿੱਖ ਜਥੇਬੰਦੀਆਂ ਵਲੋਂ ਸ੍ਰੀ ਦਰਬਾਰ ਸਾਹਿਬ ਸਮੂਹ ਵਿਖੇ ਸਥਿਤ ਗੁਰਦੁਆਰਾ ਸ਼ਹੀਦ ਬਾਬਾ ਗੁਰਬਖ਼ਸ਼ ਸਿੰਘ ਜੀ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ।
ਰਾਗੀ ਜਥਿਆਂ ਜਥੇ ਵਲੋਂ ਗੁਰਬਾਣੀ ਕੀਰਤਨ ਗਾਇਨ ਕੀਤੇ ਜਾਣ ਉਪਰੰਤ ਅਰਦਾਸ ਕੀਤੀ ਗਈ। ਇਸ ਸਮਾਗਮ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਵ ਨਿਯੁਕਤ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ, ਅਖੰਡ ਕੀਰਤਨੀ ਜਥੇ ਦੇ ਮੁਖੀ ਜਥੇਦਾਰ ਬਖ਼ਸ਼ੀਸ਼ ਸਿੰਘ, ਭਾਈ ਭੁਪਿੰਦਰ ਸਿੰਘ ਭਲਵਾਨ ਜਰਮਨੀ ਪ੍ਰੋਫ਼ੈਸਰ ਬਲਜਿੰਦਰ ਸਿੰਘ ਤੇ ਬਾਪੂ ਗੁਰਚਰਨ ਸਿੰਘ ਪਟਿਆਲਾ ਹਵਾਰਾ ਕਮੇਟੀ, ਕਵਰਪਾਲ ਸਿੰਘ ਬਿੱਟੂ ਦਲ ਖ਼ਾਲਸਾ, ਭਾਈ ਮਹਾਵੀਰ ਸਿੰਘ ਸੁਲਤਾਨਵਿੰਡ ਸੁਖਦੇਵ ਸਿੰਘ ਬਾਬਾ ਸਮੇਤ ਹੋਰ ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਆਗੂ ਅਤੇ ਸੰਗਤਾਂ ਹਾਜ਼ਰ ਸਨ।
ਇਸ ਮੌਕੇ ਇਕ ਬੜੀ ਅਜੀਬ ਜਿਹੀ ਘਟਨਾ ਵਾਪਰੀ ਜਦੋਂ ਜਥੇਦਾਰ ਕੁਲਦੀਪ ਸਿੰਘ ਗੜਗੱਜ ਇਕ ਵਿਅਕਤੀ ਨੂੰ ਸਿਰੋਪਾਓ ਦੇ ਰਹੇ ਸਨ ਤਾਂ ਸੰਗਤ ਵਿਚੋਂ ਅਕਾਲੀ ਦਲ ਮਾਨ ਦੇ ਆਗੂ ਜਰਨੈਲ ਸਿੰਘ ਸਖ਼ੀਰਾ ਉੱਠੇ ਅਤੇ ਉਨ੍ਹਾਂ ਜਥੇਦਾਰ ਨੂੰ ਸਿਰੋਪਾਓ ਦੇਣ ਤੋਂ ਰੋਕ ਦਿੱਤਾ ਤੇ ਕਿਹਾ ਕਿ ਸੰਗਤ ਉਨ੍ਹਾਂ ਨੂੰ ਜਥੇਦਾਰ ਹੀ ਨਹੀਂ ਮੰਨਦੀ। ਇਸ ਤੋਂ ਬਾਅਦ ਜਥੇਦਾਰ ਗੜਗੱਜ ਹੱਥ ਜੋੜ ਕੇ ਸੰਗਤ ਵਿਚ ਬੈਠ ਗਏ।