ਦਿਆਲ ਸਿੰਘ ਕਾਲਜ ਦਾ ਨਾਂ ਵੰਦੇ ਮਾਤਰਮ ਦਿਆਲ ਸਿੰਘ ਕਾਲਜ ਰੱਖਣ 'ਤੇ ਮੁੜ ਸਿਆਸਤ ਭਖੀ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਮੁਸਲਿਮ ਲੀਗ ਤੇ ਕਾਮਰੇਡਾਂ ਵਾਂਗ ਅਕਾਲੀਆਂ ਨੂੰ ਵੰਦੇ ਮਾਤਰਮ ਤੋਂ ਤਕਲੀਫ਼ ਹੈ: ਅਮਿਤਾਬ ਸਿਨਹਾ 

Amitabh Sinha

ਨਵੀਂ ਦਿੱਲੀ: 3 ਮਈ (ਅਮਨਦੀਪ ਸਿੰਘ): ਵਿਰਾਸਤੀ ਕਾਲਜ,  ਦਿਆਲ ਸਿੰਘ ਕਾਲਜ ਦਾ ਨਾਂਅ ਚੁੱਪ ਚੁਪੀਤੇ ਮੁੜ 'ਵੰਦੇ ਮਾਤਰਮ ਦਿਆਲ ਸਿੰਘ ਕਾਲਜ' ਕਰਨ ਪਿਛੋਂ ਮੁੜ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਇਸ ਮਾਮਲੇ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਚੁਕਣ 'ਤੇ ਫਿਰ ਸਿਆਸਤ ਭੱਖ ਗਈ ਹੈ।ਅੱਜ ਦਿਆਲ ਸਿੰਘ ਕਾਲਜ ਦੀ ਗਵਰਨਿੰਗ ਬਾਡੀ ਦੇ ਚੇਅਰਮੈਨ ਤੇ ਸੁਪਰੀਮ ਕੋਰਟ ਦੇ ਵਕੀਲ ਅਮਿਤਾਬ ਸਿਨਹਾ ਨੇ ਮੁੜ ਸਪਸ਼ਟ ਕੀਤਾ ਹੈ ਕਿ ਦਿਆਲ ਸਿੰਘ ਮਜੀਠੀਆ ਦੀ ਵਿਰਾਸਤ ਨਾਲ ਕੋਈ ਛੇੜਛਾੜ ਨਹੀਂ ਕੀਤੀ ਜਾ ਰਹੀ, ਸਗੋਂ ਇਸ ਮੁੱਦੇ ਨੂੰ ਅਕਾਲੀ ਜਾਣਬੁੱਝ ਕੇ, ਉਛਾਲ ਕੇ, ਸਿੱਖਾਂ ਦੇ ਜਜ਼ਬਾਤ ਨੂੰ ਭੜਕਾ ਰਹੇ ਹਨ।  ਉਨ੍ਹਾਂ ਕਿਹਾ, ''ਅਸੀਂ ਕਾਲਜ ਦਾ ਨਾਮ ਬਦਲਿਆ ਹੀ ਨਹੀਂ, ਸਿਰਫ ਇਸਨੂੰ ਵੰਦੇ ਮਾਤਰਮ ਦਿਆਲ ਸਿੰਘ ਕਾਲਜ ਕੀਤਾ ਹੈ ਜਿਸ 'ਤੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ।''
ਉਨਾਂ੍ਹ ਸਾਫ਼ ਕੀਤਾ ਕਿ ਸਵੇਰ ਦੇ ਕਾਲਜ ਦਾ ਨਾਂਅ ਪਹਿਲਾਂ ਤੋਂ ਹੀ ਦਿਆਲ ਸਿੰਘ ਕਾਲਜ ਚਲ ਰਿਹਾ ਹੈ ਤੇ ਸ਼ਾਮ ਦੇ ਕਾਲਜ ਦਾ ਨਾਂਅ ਹੀ ਵੰਦੇ ਮਾਤਰਮ ਦਿਆਲ ਸਿੰਘ ਕਾਲਜ ਕੀਤਾ ਗਿਆ ਹੈ ਤੇ ਇਹੀ ਰਹੇਗਾ, ਜਿਸਨੇ ਕਾਨੂੰਨੀ ਕਾਰਵਾਈ ਕਰਨੀ ਹੈ, ਉਹ ਜੋ ਮਰਜ਼ੀ ਕਰੇ। ਨਾਲ ਹੀ ਉਨਾਂ੍ਹ ਕਿਹਾ, ''ਕਾਲਜ ਦੇ ਸਾਲਾਨਾ ਸਮਾਗਮ ਵਿਚ ਵਿਦਿਆਰਥੀਆਂ ਨੇ ਬੈਨਰ ਵੰਡੇ ਮਾਤਰਮ ਦਿਆਲ ਸਿੰਘ ਕਾਲਜ ਦਾ ਬਣਾ ਕੇ ਲਾਇਆ ਸੀ, ਕਾਲਜ ਪ੍ਰਬੰਧਕ ਕਮੇਟੀ ਨੇ ਨਹੀਂ।'' ਉਨ੍ਹਾਂ ਰਾਸ਼ਟਰਵਾਦ ਦਾ ਚੇਤਾ ਕਰਵਾਉਂਦਿਆਂ ਅਕਾਲੀਆਂ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ, ''ਸਿਧਾ ਕਹੋ, ਤੁਹਾਨੂੰ ਮੁਸਲਿਮ ਲੀਗ ਤੇ ਕਾਮਰੇਡਾਂ ਵਾਂਗ 'ਵੰਦੇ ਮਾਤਰਮ' ਤੋਂ ਤਕਲੀਫ਼ ਹੈ। ਤੁਸੀਂ ਦਿਆਲ ਸਿੰਘ ਵਰਗੇ ਮਹਾਨ ਦੇਸ਼ ਭਗਤ ਦੀ ਆੜ ਹੇਠ ਵੰਦੇ ਮਾਤਰਮ ਦਾ ਵਿਰੋਧ ਕਰ ਰਹੇ ਹੋ।'' ਉਨਾਂ੍ਹ ਕਿਹਾ ਕਿ ਜਦੋਂ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਪਿਛੋਕੜ ਵਿਚ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ,(ਈਵਨਿੰਗ)  ਦੇਵ ਨਗਰ ਦਾ ਨਾਂਅ ਬਦਲ ਕੇ, ਗੁਰੂ ਨਾਨਕ ਦੇਵ ਖਾਲਸਾ ਕਾਲਜ ਕਰ ਦਿਤਾ ਸੀ, ਉਦੋਂ ਇਨਾਂ੍ਹ ਗੁਰੂ ਤੇਗ਼ ਬਹਾਦਰ ਜੀ ਦਾ ਅਪਮਾਨ ਨਹੀਂ ਸੀ ਕੀਤਾ?


ਅੱਜ ਬਾਅਦ ਦੁਪਹਿਰ ਇਥੋਂ ਦੇ ਦ ਫੋਰਇਜ਼ਨ ਕੋਰੈਸਪੋਂਡੇਂਟਸ ਕਲੱਬ ਆਫ ਸਾਊਥ ਏਸ਼ੀਆ ਵਿਖੇ ਪੱਤਰਕਾਰ ਮਿਲਣੀ ਕਰਦਿਆਂ ਅਮਿਤਾਬ ਸਿਨਹਾ ਨੇ ਸਾਫ਼ ਕੀਤਾ ਕਿ ਪਹਿਲੀ ਗੱਲ ਤਾਂ ਦਿਆਲ ਸਿੰਘ ਕਾਲਜ ਘੱਟ-ਗਿਣਤੀ ਕਾਲਜ ਹੀ ਨਹੀਂ, ਜਿਵੇਂ ਕਿ ਅਕਾਲੀ ਦਲ ਨੇ ਗੁਮਰਾਹ ਦਾਅਵਾ ਕੀਤਾ ਸੀ ਤੇ ਕਰ ਰਹੇ ਹਨ ਹੈ। ਦੂਜਾ ਗਵਰਨਿੰਗ ਬਾਡੀ ਨੂੰ ਇਹ ਅਖ਼ਤਿਆਰ ਹੈ ਕਿ ਉਹ ਸ਼ਾਮ ਦੇ ਕਾਲਜ ਦਾ ਨਾਮ ਦਿਆਲ ਸਿੰਘ ਕਾਲਜ ਤੋਂ ਵੰਦੇ ਮਾਤਰਮ ਦਿਆਲ ਸਿੰਘ ਕਾਲਜ ਕਰ ਸਕਦੀ ਹੈ। ਉਨਾਂ੍ਹ ਇਸ ਮਾਮਲੇ ਵਿਚ ਅਕਾਲੀ ਐਮ ਪੀ ਨਰੇਸ਼ ਗੁਜ਼ਰਾਲ ਵਲੋਂ ਪਾਰਲੀਮੈਂਟ ਵਿਚ ਮਨੁੱਖੀ ਸਰੋਤ ਵਿਕਾਸ ਮੰਤਰੀ ਪ੍ਰਕਾਸ਼ ਜਾਵੇਡਕਰ ਨੂੰ ਗੁਮਰਾਹ ਕਰਨ ਦਾ ਦੋਸ਼ ਲਾਇਆ ਤੇ ਕਿਹਾ ਕਿ ਅਕਾਲੀ ਐਮ ਪੀ ਨੇ ਖਾਹਮਖਾਹ ਇਸ ਕਾਲਜ ਨੂੰ ਘੱਟ-ਗਿਣਤੀ ਕਾਲਜ ਸਾਬਤ ਕਰਨ ਦਾ ਯਤਨ ਕੀਤਾ ਜਦ ਕਿ ਇਹ ਘੱਟ ਗਿਣਤੀ ਕਾਲਜ ਹੈ ਹੀ ਨਹੀਂ।ਦਿਆਲ ਸਿੰਘ ਮਜੀਠੀਆ ਦੇ ਸਿੱਖ ਹੋਣ 'ਤੇ ਹੀ ਸਵਾਲ ਚੁਕਦਿਆਂ ਅਮਿਤਾਬ ਸਿਨਹਾ ਨੇ ਕਿਹਾ, '' ਪਹਿਲੀ ਗੱਲ ਦਿਆਲ ਸਿੰਘ ਮਜੀਠੀਆ ਅਪਣੀ ਮੌਤ ਤੋਂ ਕਾਫੀ ਚਿਰ ਪਹਿਲਾਂ ਪੂਰੀ ਤਰ੍ਹਾਂ ਬ੍ਰਮਹੋ ਧਰਮ ਨੂੰ ਅਪਣਾ ਚੁਕੇ ਸਨ। ਦੂਜਾ, ਦਿਆਲ ਸਿੰਘ ਨੇ ਇਹ ਕਾਲਜ ਸਥਾਪਤ ਨਹੀਂ ਸੀ ਕੀਤਾ, ਸਗੋਂ 19 ਵੀਂ ਸਦੀ ਵਿਚ ਉਨਾਂ੍ਹ ਦੇ ਚਲਾਣੇ ਪਿਛੋਂ 1950 'ਚ ਇਕ ਟਰੱਸਟ ਨੇ ਉਨਾਂ੍ਹ ਦੇ ਨਾਮ 'ਤੇ ਕਾਇਮ ਕੀਤਾ ਸੀ। ਬਦਕਿਸਮਤੀ ਨਾਲ ਇਹ ਟਰੱਸਟ  ਆਪਣੇ ਕੋਲੋਂ 5 ਫ਼ੀ ਸਦੀ ਦੀ ਰਕਮ ਵੀ ਨਹੀਂ ਸੀ ਦੇ ਸਕਦਾ,ਜਦ ਕਿ 95 ਫ਼ੀ ਸਦੀ ਦੀ ਰਕਮ ਯੂਨੀਵਰਸਟੀ ਗ੍ਰਾਂਟ ਕਮਿਸ਼ਨ ਦਿੰਦਾ ਆ ਰਿਹਾ ਹੈ। 5 ਫ਼ੀ ਸਦੀ ਦੀ ਰਕਮ ਵੀ ਨਾ ਦੇਣ ਕਾਰਨ ਕਾਨੂੰਨੀ ਤੌਰ 'ਤੇ ਦਿੱਲੀ ਯੂਨੀਵਰਸਟੀ ਨੂੰ ਇਹ ਹੱਕ ਹੈ ਕਿ ਉਹ ਪ੍ਰਬੰਧਕੀ ਅਖਤਿਆਰ ਲੈ ਚੁਕੀ ਹੈ ਜਿਸ ਵਿਚ ਕਾਲਜ ਦਾ ਨਾਂਅ ਤਬਦੀਲ ਕਰਨਾ ਵੀ ਸ਼ਾਮਲ ਹੈ।''