ਸਿੱਖੀ ਮਿਟਾਉਣ ਵਾਲੇ ਇਕ ਦਿਨ ਖ਼ੁਦ ਮਿੱਟ ਜਾਣਗੇ : ਖਾਲੜਾ ਮਿਸ਼ਨ
ਇਤਿਹਾਸ ਗਵਾਹ ਹੈ ਸਿੱਖੀ ਨੂੰ ਮਨਫੀ ਕਰਨ ਵਾਲੇ ਲੋਕ ਇਕ ਦਿਨ ਖ਼ੁਦ ਮਨਫ਼ੀ ਹੋ ਜਾਣਗੇ।
ਅੰਮ੍ਰਿਤਸਰ, 3 ਮਈ (ਸੁਖਵਿੰਦਰਜੀਤ ਸਿੰਘ ਬਹੋੜੂ): ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ, ਮਨੁੱਖੀ ਅਧਿਕਾਰ ਇਨਸਾਫ਼ ਸੰਘਰਸ਼ ਕਮੇਟੀ ਦੇ ਆਗੂਆਂ ਨੇ ਕਿਹਾ ਕਿ ਇਤਿਹਾਸ ਗਵਾਹ ਹੈ ਸਿੱਖੀ ਨੂੰ ਮਨਫੀ ਕਰਨ ਵਾਲੇ ਲੋਕ ਇਕ ਦਿਨ ਖ਼ੁਦ ਮਨਫ਼ੀ ਹੋ ਜਾਣਗੇ। ਵਿਰਸਾ ਸਿੰਘ ਬਹਿਲਾ, ਬਾਬਾ ਦਰਸ਼ਨ ਸਿੰਘ, ਸਤਵਿੰਦਰ ਸਿੰਘ ਪਲਾਸੌਰ, ਕਾਬਲ ਸਿੰਘ ਜੱਥੇਬੰਦਕ ਸਕੱਤਰ ਅਤੇ ਕ੍ਰਿਪਾਲ ਸਿੰਘ ਰੰਧਾਵਾ ਨੇ ਕਿਹਾ ਕਿ ਸਿੱਖੀ ਦੀ ਸੇਧ ਜੁਲਮ ਨੂੰ ਵੰਗਾਰਨਾ, ਜਾਤਪਾਤ ਦਾ ਖ਼ਾਤਮਾ, ਮਨੁੱਖੀ ਬਰਾਬਰਤਾ, ਨਿਮਾਣਿਆਂ, ਨਿਤਾਣਿਆਂ ਦਾ ਸੰਗ ਵੱਖ-ਵੱਖ ਰੰਗਾਂ ਦੇ ਮਨੂੰਵਾਦੀਆਂ ਦੀ ਬਰਦਾਸ਼ਤ ਤੋਂ ਬਾਹਰ ਹੈ। ਆਗੂਆਂ ਨੇ ਕਿਹਾ ਕਿ ਬਾਦਲਾਂ ਨੇ ਜੂਨ 84 ਵਿਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਸਰੀਰਕ ਖ਼ਾਤਮੇ ਦੇ ਮੰਤਵ ਨਾਲ ਅਪਣਾ ਰਾਜਨੀਤਕ ਜੀਵਨ ਬਚਾਉਣ ਲਈ ਪੰਥਦੋਖੀਆਂ ਦੀ ਘਟੀਆ ਯੋਜਨਾਬੰਦੀ ਦਾ ਹਿੱਸਾ ਬਣੇ। ਉਨ੍ਹਾਂ ਕਿਹਾ ਕਿ ਸਿੱਖੀ ਮਨਫ਼ੀ ਹੁੰਦੀ ਹੈ ਜਦ ਬਾਦਲਾਂ ਧਰਮ ਯੁੱਧ ਮੋਰਚੇ ਨੂੰ ਇਤਿਹਾਸ ਵਿਚੋਂ ਮਨਫ਼ੀ ਕਰਨ ਜਦ ਉਹ ਦਰਬਾਰ ਸਾਹਿਬ 'ਤੇ ਫ਼ੌਜੀ ਹਮਲੇ ਸਮੇਂ ਦਿੱਲੀ ਦਰਬਾਰ ਨਾਲ ਗੁਪਤ ਮੀਟਿੰਗਾਂ ਕਰਨ ਅਤੇ ਗੁਪਤ ਚਿੱਠੀਆਂ ਲਿਖਣ।
ਸਿੱਖੀ ਉਦੋਂ ਮਨਫ਼ੀ ਹੁੰਦੀ ਹੈ ਜਦ ਬਾਦਲਾਂ ਵਲੋਂ ਫ਼ੌਜੀ ਹਮਲੇ ਦੇ ਸੱਭ ਸਬੂਤ ਖ਼ਤਮ ਕਰ ਦੇਣ ਅਤੇ ਆਖ਼ਰੀ ਸਬੂਤ ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਦਰਬਾਰ ਸਾਹਿਬ ਸਮੂਹ ਵਿਚੋਂ ਬਾਹਰ ਕੱਢਣ ਦੇ ਯਤਨ ਕਰਨ। ਉਨ੍ਹਾਂ ਕਿਹਾ ਕਿ ਸਿੱਖੀ ਉਦੋਂ ਮਨਫੀ ਹੁੰਦੀ ਹੈ ਜਦੋਂ ਬਾਦਲਾਂ ਫੌਜੀ ਹਮਲੇ ਅਤੇ ਝੂਠੇ ਮੁਕਾਬਲਿਆਂ ਦੀ ਪੜਤਾਲ ਕਰਾਉਣ ਦੀ ਬਜਾਏ ਦੋਸ਼ੀਆਂ ਨੂੰ ਬਚਾਉਣ ਅਤੇ ਤਰੱਕੀਆਂ ਦੇਣ। ਸਿੱਖੀ ਉਦੋਂ ਮਨਫ਼ੀ ਹੁੰਦੀ ਹੈ ਜਦ ਪ੍ਰਕਾਸ਼ ਸਿੰਘ ਬਾਦਲ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ ਦੇ ਕਾਤਲਾਂ ਨੂੰ ਬਚਾਵੇ ਅਤੇ ਤਰੱਕੀਆਂ ਦੇਵੇ। ਜਥੇਬੰਦੀਆਂ ਨੇ ਕਿਹਾ ਜਦ ਕੇ.ਪੀ.ਐਸ. ਗਿੱਲ ਨਾਲ ਗੁਪਤ ਮੀਟਿੰਗਾਂ ਹੋਣ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਥਾਂ-ਥਾਂ ਬੇਅਦਬੀ ਹੋਵੇ ਅਤੇ ਦੋਸ਼ੀ ਬਚ ਜਾਣ ਸਿੱਖੀ ਉਦੋਂ ਮਨਫ਼ੀ ਹੁੰਦੀ ਹੈ। ਸਿੱਖੀ ਮਨਫੀ ਹੁੰਦੀ ਹੈ ਜਦੋਂ ਬੰਦੀ ਸਿੱਖਾਂ ਨੂੰ ਜੇਲਾਂ ਵਿੱਚ ਰੋਲ ਕੇ ਖਤਮ ਕੀਤਾ ਜਾਂਦਾ ਹੈ। ਜਦੋਂ ਜਵਾਨੀ ਨੂੰ ਨਸ਼ਿਆਂ ਰਾਹੀਂ ਅਤੇ ਕਿਸਾਨ ਗਰੀਬ ਨੂੰ ਖੁਦਕਸ਼ੀਆਂ ਰਾਹੀਂ ਬਰਬਾਦ ਕੀਤਾ ਜਾਂਦਾ ਹੈ।