ਡੇਰਾ ਸਿਰਸਾ ਤੇ ਅਕਾਲੀ-ਭਾਜਪਾ ਗਠਜੋੜ ਦੀ ਸਾਜ਼ਸ਼ ਹੈ ਬੇਅਦਬੀ ਮਾਮਲੇ: : ਮਾਨ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਪਿਛਲੀ ਸਰਕਾਰ ਦੌਰਾਨ ਸੂਬੇ 'ਚ ਵਾਪਰੇ ਬਰਗਾੜੀ ਤੇ ਬਹਿਬਲ ਗੋਲੀ ਕਾਂਡ ਨੂੰ ਡੇਰਾ ਸਿਰਸਾ ਤੇ ਅਕਾਲੀ-ਭਾਜਪਾ ਗਠਜੋੜ ਦੀ ਸਾਜ਼ਸ਼ ਦਾ ਸਿੱਟਾ ਕਰਾਰ ਦਿੰਦਿਆਂ....

Simranjit Singh Mann With Others

ਬਠਿੰਡਾ : ਪਿਛਲੀ ਸਰਕਾਰ ਦੌਰਾਨ ਸੂਬੇ 'ਚ ਵਾਪਰੇ ਬਰਗਾੜੀ ਤੇ ਬਹਿਬਲ ਗੋਲੀ ਕਾਂਡ ਨੂੰ ਡੇਰਾ ਸਿਰਸਾ ਤੇ ਅਕਾਲੀ-ਭਾਜਪਾ ਗਠਜੋੜ ਦੀ ਸਾਜ਼ਸ਼ ਦਾ ਸਿੱਟਾ ਕਰਾਰ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਤਤਕਾਲੀ ਪੁਲਿਸ ਮੁਖੀ ਸੁਮੈਧ ਸਿੰਘ ਸੈਣੀ ਤੇ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ। 

ਅੱਜ ਸਥਾਨਕ ਸਰਕਟ ਹਾਊਸ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਾਨ ਨੇ ਦਾਅਵਾ ਕੀਤਾ ਕਿ ਹੁਣ ਤਕ ਸਾਹਮਣੇ ਆਈਆਂ ਰੀਪੋਰਟਾਂ ਮੁਤਾਬਕ ਇਸ ਬੇਅਦਬੀ ਕਾਂਡ 'ਚ ਸ਼ਾਮਲ ਡੇਰਾ ਪ੍ਰੇਮੀਆਂ ਨੂੰ ਨਾ ਸਿਰਫ਼ ਅਕਾਲੀ-ਭਾਜਪਾ ਸਰਕਾਰ ਵਲੋਂ ਬਚਾਇਆ ਗਿਆ ਬਲਕਿ ਉਨ੍ਹਾਂ ਨੂੰ ਸੁਰੱਖਿਆ ਵਜੋਂ ਪਾਇਲਟ ਗੱਡੀਆਂ ਵੀ ਦਿਤੀਆਂ ਗਈਆਂ।

ਇਸ ਤੋਂ ਇਲਾਵਾ ਵੋਟਾਂ ਲੈਣ ਲਈ ਤਤਕਾਲੀ ਜਥੇਦਾਰਾਂ 'ਤੇ ਦਬਾਅ ਪਾ ਕੇ ਸੌਦਾ ਸਾਧ ਨੂੰ ਮਾਫ਼ੀ ਵੀ ਦਵਾਈ ਗਈ ਪਰ ਸਿੱਖਾਂ ਦੇ ਮਾਫ਼ੀ ਦੇ ਵਿਰੋਧ ਵਿਚ ਉਠ ਖੜੇ ਹੋਣ ਕਾਰਨ ਸ਼੍ਰੋਮਣੀ ਕਮੇਟੀ ਨੂੰ ਇਸ਼ਤਿਹਾਰਾਂ 'ਤੇ 97 ਲੱਖ ਰੁਪਏ ਖ਼ਰਚ ਕਰਨੇ ਪਏ।  ਸਾਬਕਾ ਐਮ.ਪੀ ਨੇ ਕਿਹਾ ਕਿ ਬੇਅਦਬੀ ਕਾਂਡ ਦੀ ਜਾਂਚ ਲਈ ਬਣੀ ਵਿਸ਼ੇਸ਼ ਜਾਂਚ ਟੀਮ ਵਲੋਂ ਪਿਛਲੇ ਦਿਨਾਂ 'ਚ ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਅਤੇ ਹੋਰਨਾਂ ਕਥਿਤ ਦੋਸ਼ੀ ਪ੍ਰੇਮੀਆਂ ਨੂੰ ਗ੍ਰਿਫਤਾਰ ਕੀਤੇ ਜਾਣ ਤੋਂ ਸਪੱਸ਼ਟ ਹੋ ਗਿਆ ਹੈ ਕਿ ਇਸ ਕਾਂਡ 'ਚ ਸੌਦਾ ਸਾਧ ਦਾ ਸਿੱਧਾ ਹੱਥ ਸੀ

ਕਿਉਂਕਿ ਉਸ ਦਾ ਪੀਏ ਰਾਕੇਸ਼ ਕੁਮਾਰ ਨੇ ਹੀ ਹਦਾਇਤਾਂ ਜਾਰੀ ਕੀਤੀਆਂ ਸਨ।  ਉਨ੍ਹਾਂ ਬਹਿਬਲ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਅਤੇ ਬੰਦੀ ਸਿੰਘਾਂ ਨੂੰ ਤੁਰਤ ਰਿਹਾਅ ਕਰਨ ਦੀ ਮੰਗ ਕੀਤੀ। ਇਸ ਮੌਕੇ ਸਿੱਖ ਫ਼ੈਡਰੇਸਨ ਗਰੇਵਾਲ ਦੇ 12 ਲੀਡਰਾਂ ਨੇ ਅਕਾਲੀ ਦਲ ਅੰਮ੍ਰਿਤਸਰ ਵਿਚ ਸਾਮਲ ਹੋਣ ਦਾ ਐਲਾਨ ਕੀਤਾ ਜਿਨ੍ਹਾਂ ਨੂੰ ਸਿਰੋਪਾਉ ਦੇ ਕੇ ਸਨਮਾਨਤ ਕੀਤਾ ਗਿਆ।