ਮਹਾਰਾਸ਼ਟਰ ਸਰਕਾਰ ਸ੍ਰੀ ਹਜ਼ੂਰ ਸਾਹਿਬ 'ਤੇ ਕਬਜ਼ਾ ਕਰਨ ਲਈ ਤਤਪਰ : ਲੱਡੂ ਸਿੰਘ ਮਹਾਜਨ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਤਖ਼ਤ ਸਚਖੰਡ ਸ੍ਰੀ ਹਜ਼ੂਰ ਸਾਹਿਬ ਬੋਰਡ ਦੇ ਸਾਬਕਾ ਪ੍ਰਧਾਨ ਸ. ਲੱਡੂ ਸਿੰਘ ਮਹਾਜਨ ਨੇ ਤਖ਼ਤ ਸਾਹਿਬ ਬੋਰਡ ਦੇ ਐਕਟ 'ਚ ਤਬਦੀਲੀ ਕਰਨ ਦੀਆਂ ਚੱਲ ਰਹੀਆਂ...

Laddu Singh Mahajan

ਤਰਨਤਾਰਨ,  ਤਖ਼ਤ ਸਚਖੰਡ ਸ੍ਰੀ ਹਜ਼ੂਰ ਸਾਹਿਬ ਬੋਰਡ ਦੇ ਸਾਬਕਾ ਪ੍ਰਧਾਨ ਸ. ਲੱਡੂ ਸਿੰਘ ਮਹਾਜਨ ਨੇ ਤਖ਼ਤ ਸਾਹਿਬ ਬੋਰਡ ਦੇ ਐਕਟ 'ਚ ਤਬਦੀਲੀ ਕਰਨ ਦੀਆਂ ਚੱਲ ਰਹੀਆਂ ਕੋਸ਼ਿਸ਼ਾਂ 'ਤੇ ਚਿੰਤਾ ਪ੍ਰਗਟ ਕੀਤੀ ਹੈ। ਕਰੀਬ 15 ਸਾਲ ਤਕ ਬੋਰਡ ਦੇ ਪ੍ਰਧਾਨ ਰਹੇ ਸ. ਲੱਡੂ ਸਿੰਘ ਮਹਾਜਨ ਨੇ ਕਿਹਾ ਕਿ ਸਿੱਖਾਂ ਦੀ ਲੀਡਰਸ਼ਿਪ ਦੀ ਕਮਜ਼ੋਰੀ ਕਾਰਨ ਹੀ ਮਹਾਰਾਸ਼ਟਰ ਸਰਕਾਰ ਅਪਣੀਆਂ ਕੋਸ਼ਿਸ਼ਾਂ ਵਿਚ ਸਫ਼ਲ ਹੁੰਦੀ ਨਜ਼ਰ ਆ ਰਹੀ ਹੈ।

ਸ. ਮਹਾਜਨ ਨੇ ਕਿਹਾ ਕਿ ਇਕ ਸਮਾਂ ਸੀ ਜਦੋਂ ਸਿੱਖਾਂ ਕੋਲ ਜਥੇਦਾਰ ਗੁਰਚਰਨ ਸਿੰਘ ਟੌਹੜਾ ਵਰਗੇ ਕੱਦਾਵਾਰ ਆਗੂ ਸਨ ਜਿਸ ਦੀ ਗਰਜ਼ ਤੋਂ ਕੇਂਦਰ ਸਰਕਾਰ ਵੀ ਡਰਦੀ ਸੀ। ਅੱਜ ਹਾਲਾਤ ਇਹ ਹਨ ਕਿ ਰਾਜ ਸਰਕਾਰ ਵੀ ਸਿੱਖਾਂ ਦੇ ਧਾਰਮਕ ਸਥਾਨਾਂ 'ਤੇ ਕਬਜ਼ਾ ਕਰਨ ਲਈ ਕਾਨੂੰਨ ਦਾ ਸਹਾਰਾ ਲੈ ਰਹੀ ਹੈ ਤੇ ਇਸ ਮਾਮਲੇ ਬਾਰੇ ਨਾ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਨਾ ਹੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਕੁੱਝ ਬੋਲਦੇ ਹਨ।

ਉਨ੍ਹਾਂ ਕਿਹਾ ਕਿ ਇਨ੍ਹਾਂ ਨੂੰ ਯਾਦ ਰਖਣਾ ਚਾਹੀਦਾ ਹੈ ਕਿ ਅੱਜ ਜੋ ਤਖ਼ਤ ਸ੍ਰੀ ਹਜ਼ੂਰ ਸਾਹਿਬ ਬੋਰਡ 'ਤੇ ਕਬਜ਼ਾ ਕਰਨ ਲਈ ਸਰਕਾਰ ਯਤਨ ਕਰ ਰਹੀ ਹੈ, ਉਹ ਭਵਿੱਖ ਵਿਚ ਇਨ੍ਹਾਂ ਕਮੇਟੀਆਂ ਨਾਲ ਵੀ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਸਾਡੇ ਪਾਵਨ ਤਖ਼ਤਾਂ ਨੂੰ ਕਬਜ਼ੇ 'ਚ ਲੈਣ ਲਈ ਉਤਾਵਲੀਆਂ ਹਨ ਤੇ ਸਿੱਖ ਆਗੂ ਖ਼ਾਮੋਸ਼ ਹਨ ਜੋ ਸੰਕੇਤ ਕਰਦਾ ਹੈ ਕਿ ਇਨ੍ਹਾਂ ਦੀ ਵੀ ਮੂਕ ਸਹਿਮਤੀ ਹੈ।