ਪੰਜਾਬ ਅਤੇ ਪੰਥ 'ਤੇ ਰਹਿਮ ਕਰਦਿਆਂ ਆਪ ਹੀ ਸਾਨੂੰ ਸਾਡੀ ਹਾਲਤ 'ਤੇ ਛੱਡ ਕੇ ਘਰ ਬੈਠੋ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਅਕਾਲੀ ਆਗੂ ਜਥੇਦਾਰ ਸੇਵਾ ਸਿੰਘ ਸੇਖਵਾਂ ਨੇ ਕਿਹਾ ਹੈ ਕਿ ਅਕਾਲੀ ਦਲ ਬਾਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਅਕਾਲੀ ਦਲ ਦੀ ਹਾਲਤ ਤਰਸਯੋਗ ਕਰ ਦਿਤੀ ਹੈ..........

Sewa Singh Sekhwan

ਅੰਮ੍ਰਿਤਸਰ/ਤਰਨਤਾਰਨ  : ਅਕਾਲੀ ਆਗੂ ਜਥੇਦਾਰ ਸੇਵਾ ਸਿੰਘ ਸੇਖਵਾਂ ਨੇ ਕਿਹਾ ਹੈ ਕਿ ਅਕਾਲੀ ਦਲ ਬਾਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਅਕਾਲੀ ਦਲ ਦੀ ਹਾਲਤ ਤਰਸਯੋਗ ਕਰ ਦਿਤੀ ਹੈ, ਜੋ ਪਾਰਟੀ 10 ਸਾਲ ਤਕ ਸੱਤਾ ਵਿਚ ਰਹੀ, ਅੱਜ ਹਾਲਤ ਇਹ ਹੈ ਕਿ ਵਿਧਾਨ ਸਭਾ ਦੀਆਂ 117 ਸੀਟਾਂ ਵਿਚੋਂ ਮਹਿਜ਼ 15 ਸੀਟਾਂ 'ਤੇ ਸੀਮਤ ਹੋ ਕੇ ਰਹਿ ਗਈ ਹੈ। ਸਪੋਕਸਮੈਨ ਟੀਵੀ ਨਾਲ ਵਿਸ਼ੇਸ਼ ਗੱਲ ਕਰਦਿਆਂ ਜਥੇਦਾਰ ਸੇਖਵਾਂ ਨੇ ਕਿਹਾ ਕਿ ਪਾਰਟੀ ਵਿਚ ਹੋ ਰਹੀਆਂ ਆਪ ਹੁਦਰੀਆਂ ਬਾਰੇ ਅਸੀ ਪਾਰਟੀ ਦੇ ਪਲੇਟਫ਼ਾਰਮ ਤੇ ਅਵਾਜ਼ ਬੁਲੰਦ ਕਰਦੇ ਰਹੇ ਪਰ ਸੁਣਵਾਈ ਹੀ ਨਹੀਂ ਸੀ ਹੋ ਰਹੀ।

ਉਨ੍ਹਾਂ ਕਿਹਾ ਕਿ ਅਕਾਲੀ ਦਲ ਦਾ ਇਤਿਹਾਸ ਰਿਹਾ ਹੈ ਕਿ ਜੇਕਰ ਪਾਰਟੀ ਪ੍ਰਧਾਨ ਕਿਸੇ ਤਰ੍ਹਾਂ ਦੀ ਗ਼ਲਤੀ ਕਰੇ ਤਾਂ ਉਹ ਆਪ ਹੀ ਘਰ ਤੁਰ ਜਾਂਦਾ ਰਿਹਾ ਹੈ। ਮਿਸਾਲ ਦਿੰਦੇ ਹੋਏ ਜਥੇਦਾਰ ਸੇਖਵਾਂ ਨੇ ਕਿਹਾ ਕਿ ਮਾਸਟਰ ਤਾਰਾ ਸਿੰਘ, ਸੰਤ ਫ਼ਤਿਹ ਸਿੰਘ, ਜਥੇਦਾਰ ਮੋਹਨ ਸਿੰਘ ਤੁੜ, ਜਥੇਦਾਰ ਜਗਦੇਵਸਿੰਘ ਤਲਵੰਡੀ ਆਦਿ ਦਾ ਨਾਮ ਇਸ ਵਿਚ ਲਿਆ ਜਾ ਸਕਦਾ ਹੈ। ਇਨ੍ਹਾਂ ਜਦ ਕੋਈ ਗ਼ਲਤੀ ਕੀਤੀ ਤਾਂ ਆਪ ਹੀ ਪ੍ਰਧਾਨਗੀ ਛਡ ਕੇ ਲਾਂਭੇ ਹੋ ਗਏ। ਜਦ ਤੋ ਬਾਦਲ ਪ੍ਰਵਾਰ ਦਾ ਅਕਾਲੀ ਦਲ 'ਤੇ ਕਬਜ਼ਾ ਹੋਇਆ ਹੈ ਅਕਾਲੀ ਦਲ ਨੂੰ ਪਾਣੀ ਵਿਚ ਬਿਠਾਉਣ ਦੀ ਇਸ ਪ੍ਰਵਾਰ ਨੇ ਕੋਈ ਕਸਰ ਬਾਕੀ ਨਹੀਂ ਛਡੀ। 

ਉਨ੍ਹਾਂ ਕਿਹਾ ਕਿ ਅਕਾਲੀ ਦਲ ਲਈ ਪ੍ਰਕਾਸ਼ ਸਿੰਘ ਬਾਦਲ ਤੋਂ ਜ਼ਿਆਦਾ ਕੁਰਬਾਨੀ ਉਨ੍ਹਾਂ ਦੇ ਪਿਤਾ ਜਥੇਦਾਰ ਉਜਾਗਰ ਸਿੰਘ ਸੇਖਵਾਂ ਦੀ ਰਹੀ ਹੈ। ਜਥੇਦਾਰ ਸੇਖਵਾਂ ਨੇ ਪ੍ਰਕਾਸ਼ ਸਿੰਘ ਬਾਦਲ ਅਤੇ ਬਾਦਲ ਪਰਵਾਰ ਨੂੰ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਪੰਜ ਵਾਰ ਸੂਬੇ ਦੀ ਸੱਤਾ ਸੌਂਪੀ, ਇਸ ਵਿਚ ਸਾਰੇ ਵੱਡੇ ਅਹੁਦੇ ਬਾਦਲ ਪ੍ਰਵਾਰ ਕੋਲ ਰਹੇ। ਹੁਣ ਪੰਜਾਬ ਤੇ ਪੰਥ ਤੇ ਰਹਿਮ ਕਰਦਿਆਂ ਆਪ ਹੀ ਸਾਨੂੰ ਸਾਡੀ ਹਾਲਤ ਤੇ ਛਡ ਕੇ ਘਰ ਬੈਠੋ। ਉਨ੍ਹਾਂ ਕਿਹਾ ਕਿ ਨਵੇ ਬਨਣ ਜਾ ਰਹੇ ਅਕਾਲੀ ਦਲ ਦਾ ਸਵਿਧਾਨ 1920 ਵਾਲਾ ਹੋਵੇਗਾ ਅਤੇ ਸਰਕਲ ਪ੍ਰਧਾਨ ਤਕ ਅੰਮ੍ਰਿਤਧਾਰੀ ਹੋਵੇਗਾ।

ਜਥੇਦਾਰ ਸੇਖਵਾਂ ਨੇ ਕਿਹਾ ਕਿ 1920 ਵਿਚ ਜਦ ਪਾਰਟੀ ਹੋਂਦ ਵਿਚ ਆਈ ਸੀ ਤਾਂ ਮਕਸਦ ਸਰਕਾਰਾਂ ਬਣਾਉਣਾ ਨਹੀਂ ਸੀ। ਸਰਕਾਰ ਬਣਾਉਣ ਲਈ ਜੇਕਰ ਵਿਧਾਨ ਵਿਚ ਸੋਧ ਕਰਨੀ ਪਈ ਤਾਂ ਵੀ ਮੂਲ ਵਿਚਾਰਧਾਰਾ ਨਹੀਂ ਛੱਡਾਂਗੇ। ਉਨ੍ਹਾਂ ਕਿਹਾ ਕਿ ਪਾਰਟੀ ਪਲੇਟਫ਼ਾਰਮ ਤੇ ਉਨ੍ਹਾਂ ਸਮੇਂ ਸਮੇਂ 'ਤੇ ਅਪਣੀ ਅਵਾਜ਼ ਬੁਲੰਦ ਕੀਤੀ ਪਰ ਸੁਣਵਾਈ ਨਹੀਂ ਸੀ ਹੋ ਰਹੀ। ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਬਾਰੇ ਪੁੱਛੇ ਇਕ ਸਵਾਲ ਦੇ ਜਵਾਬ ਵਿਚ ਜਥੇਦਾਰ ਸੇਖਵਾਂ ਨੇ ਕਿਹਾ ਉਹ ਨਾ ਤਾਂ ਪ੍ਰਧਾਨਗੀ ਮੰਗਦੇ ਹਨ ਤੇ ਨਾ ਹੀ ਇਸ ਦੀ ਲੋੜ ਮਹਿਸੂਸ ਕਰਦੇ ਹਨ।

ਮੇਰੀ ਸੀਨੀਅਰਟੀ ਨੂੰ ਦੇਖ ਕੇ ਪੱਤਰਕਾਰ ਭਰਾ ਹੀ ਮੈਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਲਈ ਮੇਰਾ ਨਾਮ ਲਿਖ ਦਿੰਦੇ ਹਨ। ਅਕਾਲੀ ਦਲ ਬਾਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਬਾਰੇ ਬੋਲਦਿਆਂ ਜਥੇਦਾਰ ਸੇਖਵਾਂ ਨੇ ਕਿਹਾ ਕਿ ਬਿਕਰਮ ਸਿੰਘ ਕੌਣ ਹੈ। ਉਸ ਦੀ ਅਕਾਲੀ ਦਲ ਨੂੰ ਕੀ ਦੇਣ ਹੈ? ਉਸ ਨੇ ਅਕਾਲੀ ਦਲ ਲਈ ਕਿੰਨੀ ਜੇਲ ਕਟੀ ਹੈ। ਉਸ ਦੇ ਬਾਪ ਦਾਦਾ ਅੱਜ ਵੀ ਕਾਂਗਰਸੀ ਹਨ। ਸਿਰਫ਼ ਸੁਖਬੀਰ ਸਿੰਘ ਬਾਦਲ ਦਾ ਸਾਲਾ ਹੋਣਾ ਹੀ ਸੱਭ ਕੁੱਝ ਨਹੀਂ ਹੈ। ਕੁੱਝ ਚਾਪਲੂਸ ਤੇ ਚਿਮਚਾਗਿਰੀ ਕਰਨ ਵਾਲਿਆਂ ਨੇ ਬਿਕਰਮ ਸਿੰਘ ਨੂੰ ਮਾਝੇ ਦਾ ਜਰਨੈਲ ਕਹਿਣਾ ਸ਼ੁਰੂ ਕੀਤਾ ਹੋਇਆ ਹੈ।

ਅਜਿਹੇ ਕਈ ਆਏ ਤੇ ਕਈ ਗਏ। ਮਾਝੇ ਦਾ ਜਰਨੈਲ ਸਿਰਫ਼ ਇਕ ਹੀ ਵਿਅਕਤੀ ਹੈ ਤੇ ਉਹ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਹੈ। ਅਕਾਲੀ ਦਲ ਦੇ ਸੰਵਿਧਾਨ ਬਾਰੇ ਗੱਲ ਕਰਦਿਆਂ ਜਥੇਦਾਰ ਸੇਖਵਾਂ ਨੇ ਕਿਹਾ ਕਿ ਪੰਜਾਬ ਦੇ ਬੁਧੀਜੀਵੀਆਂ ਦੀ ਮਦਦ ਨਾਲ ਆਪ ਅਕਾਲੀ ਆਗੂ ਵਿਚ ਬੈਠ ਕੇ ਅਕਾਲੀ ਦਲ ਦੇ ਵਿਧਾਨ ਨੂੰ 1920 ਵਾਲੇ ਵਿਧਾਨ ਮੁਤਾਬਕ ਤਿਆਰ ਕਰਵਾਉਣਗੇ। 

(ਇਹ ਮੁਕੰਮਲ ਇੰਟਰਵਿਊ 'ਸਪੋਕਸਮੈਨ ਵੈਬ ਟੀਵੀ' ਉਤੇ ਉਪਲਬਧ ਹੈ)

Youtube : spokesmantv.com 

Facebook : @RozanaSpokesmanOfficial