ਮੂਲ ਨਾਨਕਸ਼ਾਹੀ ਕੈਲੰਡਰ ਲਾਗੂ ਕਰਵਾਉਣ ਸਬੰਧੀ UK ਸਿੱਖਾਂ ਦਾ ਵਫ਼ਦ ਪਹੁੰਚਿਆ ਪੰਜਾਬ 

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਕਿਹਾ- ਗੁਰੂ ਸਹਿਬਾਨਾਂ ਦੇ ਪੁਰਬਾਂ ਦੀਆਂ ਤਰੀਕਾਂ ਪੱਕੀਆਂ ਕੀਤੀਆਂ ਜਾਣ ਤਾਂ ਜੋ ਅਸੀਂ ਆਪਣੇ ਬੱਚਿਆਂ ਤੇ ਸੰਗਤ ਨੂੰ ਅਜ਼ੀਮ ਸਿੱਖ ਇਤਿਹਾਸ ਤੋਂ ਕਰਵਾ ਸਕੀਏ ਜਾਣੂ 

A delegation of UK Sikhs reached Punjab to implement the original Nanakshahi calendar

SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਸੌਂਪਿਆ ਮੰਗ ਪੱਤਰ

****
ਮੂਲ ਨਾਨਕਸ਼ਾਹੀ ਕੈਲੰਡਰ ਲਾਗੂ ਕਰਨਾ ਸਮੇਂ ਦੀ ਲੋੜ: ਰਜਿੰਦਰ ਸਿੰਘ ਰਾਏ
ਵਿਦੇਸ਼ੀ ਸਿੱਖਾਂ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਦਿੱਤਾ ਮੰਗ ਪੱਤਰ    

 ਚੰਡੀਗੜ੍ਹ : ਯੂ ਕੇ ਦੀ ਸਿੱਖ ਸੰਗਤ ਵਲੋੰ ਮੂਲ ਨਾਨਕਸ਼ਾਹੀ ਕੈਲੰਡਰ ਲਾਗੂ ਕਰਵਾਉਣ ਦੇ ਸਬੰਧ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ, ਸੈਕਟਰ 28 ਏ ਚੰਡੀਗੜ੍ਹ ਵਿਖੇ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਸਹਿਯੋਗ ਨਾਲ ਪ੍ਰੈੱਸ ਕਾਨਫਰੰਸ ਕੀਤੀ। ਜਿਸ ਵਿਚ ਉਨ੍ਹਾਂ ਦੱਸਿਆ ਕਿ
ਬੀਤੇ ਦਿਨੀਂ  ਇੰਗਲੈਂਡ ਦੇ ਸਿੱਖਾਂ ਦਾ ਇਕ ਵਫ਼ਦ ਸ: ਰਜਿੰਦਰ ਸਿੰਘ ਰਾਏ ਦੀ ਅਗਵਾਈ ਵਿਚ ਭਾਰਤ ਦੀ ਧਰਤੀ 'ਤੇ ਆਇਆ। ਗਿਆਨੀ ਅੰਮ੍ਰਿਤਪਾਲ ਸਿੰਘ ਯੂ ਕੇ ਨੇ ਕਿਹਾ ਕਿ ਗੁਰਪੁਰਬਾਂ ਦੀਆਂ ਤਰੀਕਾਂ ਪੱਕੀਆਂ ਕਰਨ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨਾਲ ਚੰਡੀਗੜ੍ਹ ਵਿਖੇ ਵਿਸ਼ੇਸ਼ ਮੁਲਾਕਾਤ ਕੀਤੀ।

ਇਸ ਮੁਲਾਕਾਤ ਵਿਚ ਰਜਿੰਦਰ ਸਿੰਘ ਰਾਏ ਦੀ ਅਗਵਾਈ ਵਿਚ ਮਨਜੀਤ ਸਿੰਘ ਸੀਨੀਅਰ ਐਡਵੋਕੇਟ ਹਾਈ ਕੋਰਟ ਪੰਜਾਬ,  ਅਮਰਜੀਤ ਸਿੰਘ ਬੰਗਾ, ਅਮਰੀਕ ਸਿੰਘ ਜੀ, ਜਸਵੀਰ ਸਿੰਘ ਭੁੱਲਾਰਾਈ,  ਭੁਪਿੰਦਰ ਸਿੰਘ ਭੁੱਲਾਰਾਈ ਅਤੇ ਹੋਰ ਵੀ ਪ੍ਰਮੁੱਖ ਸਖਸ਼ੀਅਤਾਂ ਦੇ ਵਿਦੇਸ਼ੀ ਸਿੱਖਾਂ ਦੇ ਜਥੇ ਨੇ ਪ੍ਰਧਾਨ ਜੀ ਨੂੰ ਗੁਰਪੁਰਬਾਂ ਦੀਆਂ ਤਰੀਕਾਂ ਸਬੰਧੀ ਆਈਆਂ ਮੁਸ਼ਕਲਾਂ ਬਾਰੇ ਦੱਸਿਆ। 

ਉਹਨਾਂ ਕਿਹਾ ਕਿ ਕੁੱਝ ਗੁਰਪੁਰਬਾਂ ਦੀਆਂ ਤਰੀਕਾਂ ਨਿਸ਼ਚਿਤ ਨਾ ਹੋਣ ਕਾਰਨ ਵਿਦੇਸ਼ਾਂ ਵਿਚ ਅਸੀਂ ਹਾਸੇ ਦੇ ਪਾਤਰ ਬਣ ਰਹੇ ਹਾਂ, ਜਿਹਨਾਂ ਨੂੰ ਆਪਣੇ ਗੁਰੂ ਸਾਹਿਬਾਨਾਂ ਦੇ ਪੁਰਬਾਂ ਦੀਆਂ ਪੱਕੀਆਂ ਤਰੀਕਾਂ ਵੀ ਪਤਾ ਨਹੀਂ ਹਨ। ਇਸ ਸਬੰਧੀ ਸਾਡੇ ਬੱਚੇ ਵੀ ਹੈਰਾਨੀ ਪ੍ਰਗਟ ਕਰਦੇ ਹਨ ਕਿ ਉਹਨਾਂ ਦਾ ਜਨਮ ਦਿਨ ਤਾਂ ਸਾਲ ਵਿਚ ਇਕ ਵਾਰ ਆਉਂਦਾ ਹੈ ਪਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਾਵਨ ਪ੍ਰਕਾਸ਼ ਪੁਰਬ ਕਦੀ ਸਾਲ ਵਿਚ ਦੋ ਵਾਰ ਆ ਜਾਂਦਾ ਹੈ ਅਤੇ ਕਦੀ ਇਕ ਸਾਲ ਵਿਚ ਇਕ ਵਾਰ ਵੀ ਨਹੀਂ ਆਉਂਦਾ। ਕਈ ਵਾਰ ਪ੍ਰਕਾਸ਼ ਪੁਰਬ ਅਤੇ ਸ਼ਹੀਦੀ ਪੁਰਬ ਇਕੱਠੇ ਵੀ ਆ ਜਾਂਦੇ ਹਨ। ਗੁਰਪੁਰਬਾਂ ਨੂੰ ਮਨਾਉਣ ਸਮੇਂ ਵੱਖ-ਵੱਖ ਕੈਲੰਡਰਾਂ ਦੀਆਂ ਤਰੀਕਾਂ ਹੋਣ ਕਾਰਨ ਗੁਰਦੁਆਰਾ ਸਾਹਿਬਾਨਾਂ ਦੇ ਪ੍ਰਬੰਧਕਾਂ ਵਿਚ ਵੀ ਧੜੇਬੰਦੀਆਂ ਵੱਧ ਰਹੀਆਂ ਹਨ, ਜੋ ਕਿ ਸਿੱਖ ਕੌਮ ਲਈ ਘਾਤਕ ਸਾਬਤ ਹੋ ਰਹੀਆਂ ਹਨ।

ਰਜਿੰਦਰ ਸਿੰਘ ਜੀ ਦੀ ਅਗਵਾਈ ਵਿਚ ਵਿਦੇਸ਼ੀ ਸਿੱਖਾਂ ਦੇ ਜਥੇ ਨੇ ਕਿਹਾ ਕਿ ਅਸੀਂ ਉਚੇਚੇ ਤੌਰ 'ਤੇ ਇਕ ਕੌਮੀ ਦਰਦ ਲੈ ਕੇ ਇੰਗਲੈਂਡ ਦੀ ਧਰਤੀ ਤੋਂ ਚੱਲ ਕੇ ਪ੍ਰਧਾਨ ਜੀ ਪਾਸ ਪੁੱਜੇ ਹਾਂ। ਅਸੀਂ ਇੰਗਲੈਂਡ ਦੀ ਨਿਰੋਲ ਸਾਧਸੰਗਤ ਅਤੇ ਗੁਰਦੁਆਰਾ ਸਾਹਿਬਾਨਾਂ ਦੇ ਪ੍ਰਬੰਧ ਚਲਾਉਣ ਵਾਲੇ ਆਮ ਗੁਰਸਿੱਖ ਹਾਂ। ਸਾਡਾ ਕਿਸੇ ਵੀ ਵਿਸ਼ੇਸ਼ ਸੰਸਥਾ ਜਾਂ ਜਥੇਬੰਦੀ ਨਾਲ ਕੋਈ ਸਬੰਧ ਨਹੀਂ ਹੈ। ਸਾਰੀ ਸਿੱਖ ਕੌਮ ਹੀ ਸਾਡੀ ਧਾਰਮਿਕ ਸੰਸਥਾ ਹੈ। ਸਾਡਾ ਕੌਮੀ ਦਰਦ ਇਹ ਹੈ ਕਿ ਅਸੀਂ ਇਥੇ ਕਿਸੇ ਵੀ ਕੈਲੰਡਰ ਦੀ ਪ੍ਰੋੜਤਾ ਜਾਂ ਵਿਰੋਧ ਕਰਨ ਨਹੀਂ ਆਏ। ਅਸੀਂ ਸਿਰਫ ਗੁਰਪੁਰਬਾਂ ਦੀਆਂ ਪੱਕੀਆਂ ਤਰੀਕਾਂ ਨਿਸ਼ਚਿਤ ਕਰਨ ਲਈ ਪ੍ਰਧਾਨ ਜੀ ਨੂੰ ਬੇਨਤੀ ਕਰਨ ਆਏ ਹਾਂ। 

ਪੱਕੀਆਂ ਤਰੀਕਾਂ ਸਦਕਾ ਵਿਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਬਾਕੀ ਕੌਮਾਂ ਵਾਂਗ, ਅਸੀਂ ਵੀ ਸਰਕਾਰੀ ਛੁੱਟੀਆਂ ਲੈ ਸਕਦੇ ਹਾਂ ਅਤੇ ਉਸ ਦਿਨ ਦੀ ਮਹਾਨਤਾ ਦੱਸ ਕੇ ਆਪਣੇ ਬੱਚਿਆਂ ਤੇ ਵਿਦੇਸ਼ੀ ਲੋਕਾਂ ਨੂੰ ਵੀ ਸਿੱਖ ਕੌਮ ਦੇ ਲਾਸਾਨੀ ਇਤਿਹਾਸ ਬਾਰੇ ਵੱਡੇ ਪੱਧਰ 'ਤੇ ਜਾਣਕਾਰੀ ਮੁਹੱਈਆ ਕਰਵਾ ਸਕਦੇ ਹਾਂ।

ਇਸ ਸਬੰਧੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਨੇ ਵਿਸ਼ਵਾਸ ਦੁਆਇਆ ਕਿ ਇਸ ਸਬੰਧੀ ਜਲਦੀ ਹੀ ਕੋਈ ਹੱਲ ਕੱਢਿਆ ਜਾਵੇਗਾ। ਨਾਨਕਸ਼ਾਹੀ ਕੈਲੰਡਰ ਦੇ ਇਸ ਗੰਭੀਰ ਮੁੱਦੇ ’ਤੇ ਵਿਸ਼ੇਸ਼ ਵਿਚਾਰਾਂ ਚੱਲ ਰਹੀਆਂ ਹਨ। ਇਸ ਮੁੱਦੇ 'ਤੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਹੀ ਸਾਰਥਕ ਉਪਰਾਲਾ ਕਰ ਸਕਦੇ ਹਨ। ਜਲਦੀ ਹੀ ਨਾਨਕਸ਼ਾਹੀ ਕੈਲੰਡਰ ਦੇ ਗੁਰਪੁਰਬਾਂ ਦੀਆਂ ਤਰੀਕਾਂ ਪੱਕੀਆਂ ਕਰਨ ਲਈ ਕੋਈ ਠੋਸ ਹੱਲ ਕੀਤਾ ਜਾਵੇਗਾ।

ਇਸ ਮੌਕੇ ਰਜਿੰਦਰ ਸਿੰਘ ਰਾਏ ਨੇ ਪ੍ਰਧਾਨ ਸ਼੍ਰੋ:ਗੁ:ਪ੍ਰ: ਕਮੇਟੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਨੂੰ ਪੂਰਨ ਆਸ ਹੈ ਕਿ ਪ੍ਰਧਾਨ ਜੀ ਜਲਦੀ ਹੀ ਗੁਰਪੁਰਬਾਂ ਦੀਆਂ ਪੱਕੀਆਂ ਤਰੀਕਾਂ ਨਿਸ਼ਚਿਤ ਕਰ ਕੇ ਸਮੁੱਚੀ ਕੌਮ ਨੂੰ ਹਮੇਸ਼ਾਂ ਲਈ ਹਰ ਸਾਲ ਬਦਲ ਜਾਣ ਵਾਲੀਆਂ ਤਰੀਕਾਂ ਦੀ ਦੁਬਿਧਾ ਵਿਚੋਂ ਕੱਢ ਦੇਣਗੇ। ਇਸ ਮਹਾਨ ਕੌਮੀ ਸੇਵਾ ਨਾਲ ਉਹਨਾਂ ਦਾ ਕੱਦ ਸਿੱਖ ਕੌਮ ਵਿਚ ਹੋਰ ਉਚਾ ਹੋ ਜਾਵੇਗਾ। ਇਸ ਵਫ਼ਦ ਵਿਚ ਰਜਿੰਦਰ ਸਿੰਘ ਜੀ ਰਾਏ ਤੋਂ ਇਲਾਵਾ ਮਨਜੀਤ ਸਿੰਘ ਸੀਨੀਅਰ ਐਡਵੋਕੇਟ ਹਾਈ ਕੋਰਟ ਪੰਜਾਬ, ਅਮਰਜੀਤ ਸਿੰਘ, ਅਮਰੀਕ ਸਿੰਘ ਜੀ, ਜਸਵੀਰ ਸਿੰਘ ਭੁਲਾਰਾਈ, ਭੁਪਿੰਦਰ ਸਿੰਘ ਭੁੱਲਾਰਾਈ, ਗਿਆਨੀ ਅੰਮ੍ਰਿਤਪਾਲ ਸਿੰਘ ਯੂ.ਕੇ. ਵਾਲੇ, ਭਾਈ ਜਰਨੈਲ ਸਿੰਘ ਅਤੇ ਹੋਰ ਵੀ ਪ੍ਰਮੁੱਖ ਸਖਸ਼ੀਅਤਾਂ ਸ਼ਾਮਲ ਸਨ।