ਬੀਬੀ ਜਗੀਰ ਕੌਰ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਪੱਤਰ ਲਿਖ ਕੀਤੀ ਇਹ ਖਾਸ ਬੇਨਤੀ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਕਿਹਾ- ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਸਿੱਖਾਂ ਵਿਰੁੱਧ ਹੋ ਰਹੇ ਨਫ਼ਰਤੀ ਪ੍ਰਚਾਰ ਨੂੰ ਰੋਕਣ ਲਈ ਬਣਾਇਆ ਜਾਵੇ ਸਿੱਖ ਕੌਮ ਦਾ ਆਪਣਾ ਪਲੇਟਫਾਰਮ 

Bibi Jagir Kaur

ਮੋਹਾਲੀ : ਬੀਬੀ ਜਗੀਰ ਕੌਰ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਇੱਕ ਪੱਤਰ ਲਿਖਿਆ ਹੈ ਜਿਸ ਵਿਚ ਉਨ੍ਹਾਂ ਵਲੋਂ ਇੱਕ ਖਾਸ ਅਪੀਲ ਕੀਤੀ ਗਈ ਹੈ। ਅਸਲ ਵਿਚ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਸਿੱਖਾਂ ਵਿਰੁੱਧ ਹੋ ਰਹੇ ਨਫ਼ਰਤੀ ਪ੍ਰਚਾਰ ਨੂੰ ਰੋਕਣ ਲਈ ਉਨ੍ਹਾਂ ਨੇ ਮੰਗ ਕੀਤੀ ਹੈ ਕਿ ਸਿੱਖ ਕੌਮ ਦਾ ਆਪਣਾ ਪਲੇਟਫਾਰਮ ਬਣਾਇਆ ਜਾਣਾ ਚਾਹੀਦਾ ਹੈ। ਬੀਬੀ ਜਗੀਰ ਕੌਰ ਵਲੋਂ ਲਿਖੀ ਚਿੱਠੀ:

''ਸਿੰਘ ਸਾਹਿਬ ਜੀ ਆਪ ਜੀ ਦੇ ਧਿਆਨ ਵਿੱਚ ਲਿਆਂਦਾ ਜਾ ਰਿਹਾ ਹੈ ਕਿ ਦੇਸ਼ ਵਿੱਚ ਬੜੇ ਯੋਜਨਾਬੱਧ ਢੰਗ ਨਾਲ ਸਿੱਖਾਂ ਵਿਰੁੱਧ ਨਫ਼ਰਤੀ ਪ੍ਰਚਾਰ ਕੀਤਾ ਜਾ ਰਿਹਾ ਹੈ। ਸ਼ੋਸ਼ਲ ਮੀਡੀਆ 'ਤੇ ਇੱਕ ਗਿਣੀ ਮਿੱਥੀ ਚਾਲ ਨਾਲ ਸਿੱਖਾਂ ਵਿਰੁੱਧ ਨਫ਼ਰਤੀ ਮਾਹੌਲ ਤਿਆਰ ਕੀਤਾ ਜਾ ਰਿਹਾ ਹੈ। ਪੰਜਾਬ ਵਿੱਚ ਵੀ ਜਿਹੜਾ ਸਿੱਖ ਕੌਮ ਬਾਰੇ ਨਫ਼ਰਤੀ ਭਾਸ਼ਣ ਦਿੰਦਾ ਹੈ ਜਾਂ ਊਲ-ਜਲੂਲ ਬੋਲਦਾ ਉਸ ਨੂੰ ਸੁਰੱਖਿਆ ਪ੍ਰਦਾਨ ਕੀਤੀ ਜਾਂਦੀ ਹੈ। ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਉਦਾਹਰਣਾਂ ਹਨ। ਹਾਲ ਵਿੱਚ ਮਾਰੇ ਸ਼ਿਵ ਸੈਨਾ ਦੇ ਕਥਿਤ ਆਗੂ ਸੂਰੀ ਦੇ ਸ਼ੋਸ਼ਲ ਮੀਡੀਆ 'ਤੇ ਕੀਤਾ ਜਾਣ ਵਾਲਾ ਕੂੜ ਪ੍ਰਚਾਰ ਸੁਣਿਆ ਨਹੀਂ ਸੀ ਜਾ ਸਕਦਾ ਪਰ ਉਸ ਨੂੰ ਵੱਡੇ ਪੱਧਰ 'ਤੇ ਸੁਰੱਖਿਆ ਪ੍ਰਦਾਨ ਕੀਤੀ ਹੋਈ ਸੀ।

ਸੋ ਕਿਰਪਾ ਕਰ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹਦਾਇਤਾਂ ਜਾਰੀ ਕੀਤੀਆਂ ਜਾਣ ਤਾਂ ਜੋ ਇਸ ਨਫ਼ਰਤੀ ਪ੍ਰਚਾਰ ਦਾ ਟਾਕਰਾ ਕੀਤਾ ਜਾ ਸਕੇ ਤੇ ਨਫ਼ਰਤੀ ਪ੍ਰਚਾਰ ਦਾ ਟਾਕਰਾ ਕਰਨ ਲਈ ਮੁਕਾਬਲੇ ਦਾ ਸਿੱਖ ਕੌਮ ਦਾ ਆਪਣਾ ਪਲੇਟਫਾਰਮ ਹੋਣਾ ਬਹੁਤ ਜਰੂਰੀ ਹੈ ਤਾਂ ਜੋ ਸਿੱਖ ਕੌਮ ਬਾਰੇ ਦੇਸ਼ 'ਤੇ ਲੋਕਾਂ ਨੂੰ ਸਹੀ ਜਾਣਕਾਰੀ ਮਿਲ ਸਕੇ।

ਕੁਰਬਾਨੀਆਂ ਕਰਕੇ ਦੂਜੇ ਧਰਮਾਂ ਦੀ ਰੱਖਿਆ ਕਰਨ ਵਾਲੀ ਸਿੱਖ ਕੌਮ ਨੂੰ ਨਫਰਤੀ ਪ੍ਰਚਾਰ ਨੇ ਅੱਤਵਾਦੀਆਂ ਦੇ ਤੌਰ 'ਤੇ ਪਛਾਣ ਬਣਾਉਣ ਵਿੱਚ ਕੋਈ ਕਸਰ ਨਹੀਂ ਸੀ ਛੱਡੀ ਇਸੇ ਨਫ਼ਰਤੀ ਪ੍ਰਚਾਰ ਦਾ ਹੀ ਸਿੱਟਾ ਸਿੱਖ ਕੌਮ ਨੂੰ ਬਹੁਤ ਮਹਿੰਗਾ ਪਿਆ ਸੀ ਤੇ 1984 ਵਰਗੇ ਅਕਿਹ ਦੁਖਾਂਤ ਵਿੱਚੋਂ ਕੌਮ ਨੂੰ ਲੰਘਣਾ ਪਿਆ ਸੀ।

ਇਸ ਕਰ ਕੇ ਜਿੰਨੀ ਜਲਦੀ ਹੋ ਸਕੇ । ਇਸ ਨਫ਼ਰਤੀ ਪ੍ਰਚਾਰ ਦੀ ਧਾਰ ਨੂੰ ਖੁੰਡਾ ਕਰਨ ਲਈ ਸ਼੍ਰੋਮਣੀ ਕਮੇਟੀ ਨੂੰ ਆਪਣਾ ਪਲੇਟਫਾਰਮ ਖੜਾ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਜਾਣ ਜੀ।''