Panthak News: ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਹੋਰ ਥਾਂ ਮੱਥਾ ਟੇਕਣਾ ਮਨਮਤ ਹੈ : ਜਥੇਦਾਰ ਗੁਰਿੰਦਰ ਰਾਜਾ

ਏਜੰਸੀ

ਪੰਥਕ, ਪੰਥਕ/ਗੁਰਬਾਣੀ

ਸਾਨੂੰ ਅਪਣੇ ਗੁਰੂ ਸਾਹਿਬਾਨ ਅਤੇ ਅਨੇਕਾਂ ਪੰਜਾਬ ਦੇ ਸੂਰਮਿਆਂ ਦੀਆਂ ਕੁਰਬਾਨੀਆਂ ਅਤੇ ਉਪਦੇਸ਼ਾਂ ਨੂੰ ਯਾਦ ਰਖਣਾ ਚਾਹੀਦਾ ਹੈ

File Photo

Panthak News: ਅੰਮ੍ਰਿਤਸਰ (ਪ੍ਰਮਿੰਦਰਜੀਤ): ਪੰਜਾਬ ਦੇ ਲੋਕ ਅਣਖ ਅਤੇ ਅਪਣਾ ਸਿਰ ਉੱਚਾ ਕਰ ਕੇ ਜ਼ਿੰਦਗੀ ਬਤੀਤ ਕਰਨ ਵਾਲਿਆਂ ਵਿਚਂੋ ਹਨ ਪਰ ਜਦੋਂ ਗੱਲ ਅੰਧਵਿਸ਼ਵਾਸ਼ ਦੀ ਹੁੰਦੀ ਹੈ ਤਾਂ ਅਸੀ ਅਪਣਾ ਕੀਮਤੀ ਸਿਰ ਬਿਨਾਂ ਸੋਚੇ ਸਮਝੇ ਨਕਲੀ ਬਾਬਿਆਂ ਦੇ ਪੈਰਾਂ ਵਿਚ ਅਤੇ ਕਬਰਾਂ ਉਤੇ ਜਾ ਕੇ ਸੁੱਟ ਦਿੰਦੇ ਹਨ। ਸਾਨੂੰ ਅਪਣੇ ਗੁਰੂ ਸਾਹਿਬਾਨ ਅਤੇ ਅਨੇਕਾਂ ਪੰਜਾਬ ਦੇ ਸੂਰਮਿਆਂ ਦੀਆਂ ਕੁਰਬਾਨੀਆਂ ਅਤੇ ਉਪਦੇਸ਼ਾਂ ਨੂੰ ਯਾਦ ਰਖਣਾ ਚਾਹੀਦਾ ਹੈ ਅਤੇ ਅਪਣਾ ਸਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਹੋਰ ਕਿਸੇ ਅੱਗੇ ਨਹੀਂ ਝੁਕਾਉਣਾ ਚਾਹੀਦਾ । ਇਹ ਸ਼ਬਦ ਜਥੇਦਾਰ ਗੁਰਿੰਦਰ ਸਿੰਘ ਰਾਜਾ ਨੇ ਪਿੰਡ ਵਰਪਾਲ ਵਿਖੇ ਧਰਮ ਪ੍ਰਚਾਰ ਸਮਾਗਮ ਦੌਰਾਨ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਹੇ।

ਪੰਜਾਬ ਅਤੇ ਗੁਵਾਂਢੀ ਰਾਜਾਂ ਵਿਚ ਸਮਾਜਕ ਕੁਰੀਤੀਆਂ ਨੂੰ ਜੜ੍ਹੋਂ ਖ਼ਤਮ ਕਰਨ ਲਈ ਅਤੇ ਸਿੱਖੀ ਦੇ ਪ੍ਰਚਾਰ ਅਤੇ ਪਸਾਰ ਲਈ ਪਿਛਲੇ ਲੰਮੇ ਸਮੇਂ ਤੋਂ ਯਤਨਸ਼ੀਲ ਉੱਘੇ ਸਮਾਜ ਸੇਵੀ ਅਤੇ ਗੁਰ ਫ਼ਤਿਹ ਵੈਲਫ਼ੇਅਰ ਸੋਸਾਇਟੀ ਦੇ ਮੁਖੀ ਜਥੇਦਾਰ ਗੁਰਿੰਦਰ ਸਿੰਘ ਰਾਜਾ ਵਲੋਂ ਚਲਾਈ ਜਾ ਰਹੀ ਗੁਰ ਫ਼ਤਿਹ ਗੁਰਮਤਿ ਪ੍ਰਚਾਰ ਮੁਹਿੰਮ ਅਤੇ ਧਰਮ ਪ੍ਰਚਾਰ ਲਹਿਰ ਦੌਰਾਨ 800 ਤੋਂ ਵੱਧ ਪਿੰਡਾਂ ਵਿਚ ਪ੍ਰਚਾਰ ਤਹਿਤ, ਲੱਖਾਂ ਲੋਕ ਕੇਸ ਰੱਖਣ ਦਾ ਪ੍ਰਣ ਕਰ ਚੁਕੇ ਹਨ ਅਤੇ ਹਜ਼ਾਰਾਂ ਨੌਜਵਾਨ ਨਸ਼ਾ ਤਿਆਗ ਕੇ ਅੰਮ੍ਰਿਤਪਾਨ ਕਰ ਚੁਕੇ ਹਨ ।

ਇਸੇ ਲੜੀ ਤਹਿਤ ਅੱਜ 137ਵੇਂ ਗੇੜ ਦੇ ਸਮਾਗਮ ਪਿੰਡ ਬੱਲ ਖ਼ੁਰਦ, ਜ਼ਿਲ੍ਹਾ ਅੰਮ੍ਰਿਤਸਰ, ਵਿਖੇ ਸਥਿਤ ਗੁਰਦੁਆਰਾ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਵਿਖੇ ਭਾਈ ਜਗਪ੍ਰੀਤ ਸਿੰਘ ਪ੍ਰਧਾਨ, ਭਾਈ ਅਮਨਦੀਪ ਸਿੰਘ ਗ੍ਰੰਥੀ, ਭਾਈ ਗੁਰਜਿੰਦਰ ਸਿੰਘ, ਭਾਈ ਕੁਲਵਿੰਦਰ ਸਿੰਘ, ਭਾਈ ਕਸ਼ਮੀਰ ਸਿੰਘ, ਬਾਬਾ ਇੰਦਰਜੀਤ ਸਿੰਘ, ਭਾਈ ਗੁਰਜੰਟ ਸਿੰਘ, ਭਾਈ ਦਿਲਬਾਗ ਸਿੰਘ, ਭਾਈ ਜਸਪਾਲ ਸਿੰਘ, ਅਤੇ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਸਦਕਾ ਕਰਵਾਏ ਗਏ।

ਇਸ ਮੌਕੇ ਅੰਮ੍ਰਿਤ ਵੇਲੇ ਤੋਂ ਪ੍ਰਚਾਰ ਫੇਰੀ ਕੱਢੀ ਗਈ ਜਿਸ ਵਿਚ ਗੁਰ ਫ਼ਤਿਹ ਵੈਲਫੇਅਰ ਸੁਸਾਇਟੀ ਦੇ ਮੁਖੀ, ਜਥੇਦਾਰ ਗੁਰਿੰਦਰ ਸਿੰਘ ਨੇ ਘਰ ਘਰ ਜਾ ਕੇ ਸੰਗਤਾਂ ਨੂੰ ਨਕਲੀ ਬਾਬਾਵਾਦ, ਨਸ਼ਾ, ਭਰੂਣ ਹਤਿਆ, ਕੇਸ ਕਤਲ, ਦਹੇਜ, ਆਦਿ ਸਮਾਜਕ ਕੁਰੀਤੀਆਂ ਤਂੋ ਬਚਣ ਲਈ ਪ੍ਰੇਰਿਆ ਅਤੇ ਸਿੱਖ ਸੰਗਤਾਂ ਨੂੰ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣਨ ਲਈ ਪ੍ਰੇਰਿਆ। ਇਸ ਮੌਕੇ ਜਿਨ੍ਹਾਂ ਨੌਜਵਾਨਾਂ ਨੇ ਨਸ਼ਾ ਛੱਡਣ ਅਤੇ ਕੇਸ ਰੱਖਣ ਦਾ ਪ੍ਰਣ ਕੀਤਾ, ਉਨ੍ਹਾਂ ਨੂੰ ਗੁਰੂ ਘਰ ਦੀ ਬਖ਼ਸ਼ਿਸ਼ ਸਿਰੋਪਾਉ ਦੇ ਕੇ ਸਨਮਾਨਤ ਵੀ ਕੀਤਾ ਗਿਆ।