ਆਪ ਵਿਧਾਇਕ ਵਲੋਂ ਅਸੈਂਬਲੀ ਵਿਚ ਗੁਰੂ ਗੋਬਿੰਦ ਸਿੰਘ ਜੀ ਦੀ ਤੌਹੀਨ 

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਮੁਖ ਮੰਤਰੀ ਅਰਵਿੰਦ ਕੇਜਰੀਵਾਲ ਖ਼ੁਦ ਵਿਧਾਨ ਸਭਾ ਵਿਚ ਇਸ ਬਾਰੇ ਮਾਫ਼ੀ ਮੰਗਣ ਤੇ ਵਿਧਾਨ ਸਭਾ ਦੀ ਕਾਰਵਾਈ 'ਚੋਂ ਵਿਵਾਦਤ ਸ਼ਬਦ ਕੱਢੇ ਜਾਣ।

AAP

ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਅੱਜ 'ਆਪ' ਵਿਧਾਇਕ ਸੋਰਭ ਭਾਰਦਵਾਜ 'ਤੇ ਵਿਧਾਨ ਸਭਾ ਵਿਚ ਸਿੱਖ ਇਤਿਹਾਸ ਬਾਰੇ ਅਖੌਤੀ ਟਿਪਣੀ ਕਰਨ ਦਾ ਦੋਸ਼ ਲਾਉਂਦੇ ਹੋਏ ਮੰਗ ਕੀਤੀ ਕਿ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਖ਼ੁਦ ਵਿਧਾਨ ਸਭਾ ਵਿਚ ਇਸ ਬਾਰੇ ਮਾਫ਼ੀ ਮੰਗਣ ਤੇ ਵਿਧਾਨ ਸਭਾ ਦੀ ਕਾਰਵਾਈ 'ਚੋਂ ਵਿਵਾਦਤ ਸ਼ਬਦ ਕੱਢੇ ਜਾਣ।ਅੱਜ ਕਮੇਟੀ ਦਫ਼ਤਰ ਵਿਖੇ ਦਿੱਲੀ ਗੁਰਦਵਾਰਾ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ.ਹਰਮੀਤ ਸਿੰਘ ਕਾਲਕਾ, ਜਾਇੰਟ ਸਕੱਤਰ ਸ.ਅਮਰਜੀਤ ਸਿੰਘ ਫ਼ਤਿਹ ਨਗਰ ਅਤੇ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਸ.ਪਰਮਜੀਤ ਸਿੰਘ ਰਾਣਾ ਨੇ ਸਾਂਝੇ ਤੌਰ 'ਤੇ ਕਿਹਾ ਕਿ ਦਿੱਲੀ ਵਿਧਾਨ ਸਭਾ ਵਿਚ ਕਮੇਟੀ ਦੇ ਜਨਰਲ ਸਕੱਤਰ ਤੇ ਅਕਾਲੀ ਭਾਜਪਾ ਵਿਧਾਇਕ ਸ.ਮਨਜਿੰਦਰ ਸਿੰਘ ਸਿਰਸਾ ਨੇ ਐਸਸੀ/ਐਸਟੀ ਮਸਲੇ ਬਾਰੇ ਚਰਚਾ ਕਰਦੇ ਹੋਏ ਦਸਿਆ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਦਲਿਤਾਂ ਨੂੰ ਉੱਚਾ ਚੁਕਣ ਲਈ ਕੀ-ਕੀ  ਘਾਲਣਾਵਾਂ ਘਾਲੀਆਂ ਸਨ ਤੇ ਭਾਈ ਜੈਤਾ ਜੀ ਨੂੰ ਹਿੱਕ ਨਾਲ ਲਾ ਕੇ, 'ਰੰਗ ਰੇਟਾ ਗੁਰੂ ਕਾ ਬੇਟਾ' ਆਖ ਕੇ, ਵਡਿਆਈ ਦਿਤੀ ਸੀ, ਪਰ ਇਸ ਮਸਲੇ ਨੂੰ ਆਪ ਵਿਧਾਇਕ ਸੋਰਭ ਭਾਰਦਵਾਰ ਨੇ 'ਨੋਟੰਕੀ' ਨਾਲ ਜੋੜ ਕੇ, ਸਿੱਖਾਂ ਦੇ ਜਜ਼ਬਾਤ ਨੂੰ ਸੱਟ ਮਾਰੀ ਹੈ। ਇਸ ਲਈ ਕੇਜਰੀਵਾਲ ਤੁਰਤ ਮਾਫ਼ੀ ਮੰਗਣ।ਸ.ਹਰਮੀਤ ਸਿੰਘ ਕਾਲਕਾ ਨੇ ਕਿਹਾ, “ ਹੈਰਾਨੀ ਦੀ ਗੱਲ ਹੈ ਕਿ ਉਸ ਵੇਲੇ ਵਿਧਾਨ ਸਭਾ ਵਿਚ ਬੈਠੇ ਹੋਏ ਆਪ ਦੇ ਤਿੰਨ ਸਿੱਖ ਵਿਧਾਇਕ ਸੋਰਭ ਭਾਰਦਵਾਜ ਨੂੰ ਟੋਕਣ ਦੀ ਬਜਾਏ ਉਸਦੀ ਗ਼ਲਤ ਬਿਆਨੀ ਨੂੰ ਚੁੱਪ ਚਾਪ ਸੁਣਦੇ ਰਹੇ।

“ ਸ.ਪਰਮਜੀਤ ਸਿੰਘ ਰਾਣਾ ਨੇ ਕਿਹਾ, “ਸਿੱਖਾਂ ਦੀ ਹਮਦਰਦ ਪਾਰਟੀ ਕਹਾਉਣ ਵਾਲੀ ਆਪ ਦੇ ਸਿੱਖ ਵਿਧਾਇਕ ਸਿੱਖ ਕਹਾਉਣ ਦੇ ਕਾਬਲ ਨਹੀਂ, ਕਿਉਂਕਿ ਇਨ੍ਹਾਂ ਸੋਰਭ ਭਾਰਦਵਾਜ ਦਾ ਨੋਟਿਸ ਕਿਉਂ ਨਹੀਂ ਲਿਆ। ਇਹ ਧਾਰਮਕ ਸਜ਼ਾ ਲਈ ਤਿਆਰ ਰਹਿਣ।'' ਸ.ਅਮਰਜੀਤ ਸਿੰਘ ਫ਼ਤਿਹ ਨਗਰ ਨੇ ਕਿਹਾ, “  ਕੀ ਇਹ ਐਨੇ ਅਹਿਸਾਨ ਫ਼ਰਾਮੋਸ਼ ਹੋ ਗਏ ਹਨ ਕਿ ਗੁਰੂ ਸਾਹਿਬ ਵਲੋਂ ਤਿਲਕ ਤੇ ਜਨੇਊ ਲਈ ਦਿਤੀ ਸ਼ਹੀਦੀ ਨੂੰ ਭੁੱਲ ਕੇ, ਗੁਰੂ ਇਤਿਹਾਸ ਵਿਰੁਧ ਅਵਾ ਤਵਾ ਬੋਲੀ ਜਾ ਰਹੇ ਹਨ?”ਆਗੂਆਂ  ਨੇ ਮੰਗ ਕੀਤੀ ਕਿ ਵਿਧਾਨ ਸਭਾ ਦੀ ਜ਼ਾਬਤਾ ਕਮੇਟੀ ਆਪ ਵਿਧਾਇਕ ਵਿਰੁਧ ਕਾਰਵਾਈ ਕਰੇ, ਨਹੀਂ ਤਾਂ ਵਿਧਾਨ ਸਭਾ ਘੇਰੀ ਜਾਵੇਗੀ।ਇਸ ਮੌਕੇ ਕਮੇਟੀ ਮੈਂਬਰ ਸ.ਵਿਕਰਮ ਸਿੰਘ ਰੋਹਿਣੀ, ਸ.ਗੁਰਮੀਤ ਸਿੰਘ ਮੀਤਾ, ਸ.ਜਸਪ੍ਰੀਤ ਸਿੰਘ ਵਿੱਕੀ ਮਾਨ ਤੇ ਹੋਰ ਹਾਜ਼ਰ ਸਨ।ਜ਼ਿਕਰਯੋਗ ਹੈ ਕਿ ਮੰਗਲਵਾਰ ਸ਼ਾਮ ਨੂੰ  ਵਿਧਾਨ ਸਭਾ ਵਿਚ ਜਦੋਂ ਸ.ਮਨਜਿੰਦਰ ਸਿੰਘ ਸਿਰਸਾ ਦਲਿਤਾਂ ਲਈ ਗੁਰੂ ਗੋਬਿੰਦ ਸਿੰਘ ਜੀ ਦੇ ਯੋਗਦਾਨ ਬਾਰੇ ਚਾਨਣਾ  ਪਾ ਰਹੇ ਸਨ, ਉਦੋਂ ਉਨਾਂ੍ਹ ਦੇ ਇਕ ਸ਼ਬਦ 'ਤੇ ਆਪ ਵਿਧਾਇਕਾਂ ਨੇ ਇਤਰਾਜ਼ ਕੀਤਾ। ਇਸ ਵਿਚਕਾਰ ਇਕ ਵਿਧਾਇਕ  ਨੇ ਸਿਰਸਾ ਨੂੰ ਮੁਖਾਤਬ ਹੁੰਦਿਆਂ 'ਨੋਟੰਕੀ' ਸ਼ਬਦ ਦੀ ਵਰਤੋਂ ਕੀਤੀ, ਪਿਛੋਂ ਸਿਰਸਾ ਨੇ ਕਿਹਾ, “ਮਾਫ਼ੀ ਤੁਸੀਂ ਮੰਗੋ, ਜੋ ਗੁਰੂ ਸਾਹਿਬ ਬਾਰੇ ਨੋਟੰਕੀ ਲਫ਼ਜ਼ ਦੀ ਵਰਤੋਂ ਕਰ ਰਹੇ ਹੋ।“