ਸਿੱਖ ਕਤਲੇਆਮ : 1000 ਤੋਂ ਵੱਧ ਗਵਾਹਾਂ ਕੋਲੋਂ ਪੁੱਛ-ਪੜਤਾਲ ਮੁਕੰਮਲ
ਕੇਂਦਰ ਸਰਕਾਰ ਨੇ 1984 ਦੇ ਸਿੱਖ ਕਤਲੇਆਮ ਮਾਮਲਿਆਂ ਦੀ ਜਾਂਚ ਲਈ ਬਣਾਈ ਵਿਸ਼ੇਸ਼ ਜਾਂਚ ਟੀਮ ਯਾਨੀ ਐਸਆਈਟੀ ਦੁਆਰਾ ਵੱਖ ਵੱਖ ਰਾਜਾਂ ਵਿਚ 1000 ਰਾਜਾਂ ਤੋਂ ਵੱਧ ਗਵਾਹਾਂ...
ਨਵੀਂ ਦਿੱਲੀ, 19 ਜੁਲਾਈ : ਕੇਂਦਰ ਸਰਕਾਰ ਨੇ 1984 ਦੇ ਸਿੱਖ ਕਤਲੇਆਮ ਮਾਮਲਿਆਂ ਦੀ ਜਾਂਚ ਲਈ ਬਣਾਈ ਵਿਸ਼ੇਸ਼ ਜਾਂਚ ਟੀਮ ਯਾਨੀ ਐਸਆਈਟੀ ਦੁਆਰਾ ਵੱਖ ਵੱਖ ਰਾਜਾਂ ਵਿਚ 1000 ਰਾਜਾਂ ਤੋਂ ਵੱਧ ਗਵਾਹਾਂ ਕੋਲੋਂ ਪੁੱਛ-ਪੜਤਾਲ ਪੂਰੀ ਕਰ ਲੈਣ ਦੀ ਜਾਣਕਾਰੀ ਦਿਤੀ ਹੈ।
ਰਾਜ ਸਭਾ ਵਿਚ ਅੱਜ ਗ੍ਰਹਿ ਰਾਜ ਮੰਤਰੀ ਹੰਸਰਾਜ ਅਹੀਰ ਨੇ ਦਸਿਆ ਕਿ 293 ਮਾਮਲਿਆਂ ਦੀ ਪੜਤਾਲ ਕੀਤੀ ਜਾ ਚੁੱਕੀ ਹੈ। ਇਨ੍ਹਾਂ ਵਿਚ 60 ਮਾਮਲਿਆਂ ਦੀ ਜਾਂਚ ਫਿਰ ਸ਼ੁਰੂ ਕੀਤੀ ਗਈ ਹੈ। ਜਾਂਚ ਲਈ ਦੁਬਾਰਾ ਖੋਲ੍ਹੇ ਗਏ 60 ਮਾਮਲਿਆਂ ਵਿਚੋਂ 4 ਵਿਚ ਦੋਸ਼ ਪੱਤਰ ਦਾਖ਼ਲ ਕੀਤੇ ਜਾ ਚੁੱਕੇ ਹਨ ਜਦਕਿ ਅਗਲੇ ਦੌਰ ਦੀ ਜਾਂਚ ਤੋਂ ਬਾਅਦ ਮਾਮਲੇ ਬੰਦ ਕਰ ਦਿਤੇ ਗਏ ਹਨ ਅਤੇ ਪੰਜ ਮਾਮਲਿਆਂ ਵਿਚ ਅੱਗੇ ਦੀ ਜਾਂਚ ਚੱਲ ਰਹੀ ਹੈ।
ਅਹੀਰ ਨੇ ਦਸਿਆ ਕਿ ਜਾਂਚ ਦੌਰਾਨ ਦੇਸ਼ ਦੇ ਵੱਖ ਵੱਖ ਇਲਾਕਿਆਂ ਵਿਚ 1000 ਤੋਂ ਵੱਧ ਗਵਾਹਾਂ ਕੋਲੋਂ ਪੁੱਛ-ਪੜਤਾਲ ਕੀਤੀ ਗਈ ਹੈ। ਜਾਂਚ ਵਿਚ ਦੇਰੀ ਦੇ ਦੋਸ਼ ਤੋਂ ਇਨਕਾਰ ਕਰਦਿਆਂ ਅਹੀਰ ਨੇ ਕਿਹਾ ਕਿ ਇਨ੍ਹਾਂ ਮਾਮਲਿਆਂ ਨਾਲ ਜੁੜੇ ਰੀਕਾਰਡ ਬਹੁਤ ਪੁਰਾਣੇ ਅਤੇ ਖ਼ਰਾਬ ਹਾਲਤ ਵਿਚ ਹੋਣ ਤੋਂ ਇਲਾਵਾ ਉਰਦੂ ਭਾਸ਼ਾ ਵਿਚ ਹੋਣ ਕਾਰਨ ਇਨ੍ਹਾਂ ਦਾ ਅਨੁਵਾਦ ਵੀ ਕਰਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼ਿਕਾਇਤਕਰਤਾਵਾਂ ਅਤੇ ਗਵਾਹਾਂ ਦੀ ਪਛਾਣ ਵਿਚ ਮੁਸ਼ਕਲ ਹੋਣ ਕਾਰਨ ਜਾਂਚ ਲਟਕੀ ਹੋਈ ਹੈ। ਉਨ੍ਹਾਂ ਕਿਹਾ ਕਿ ਗ੍ਰਹਿ ਮੰਤਰਾਲਾ ਐਸਆਈਟੀ ਦੇ ਕੰਮ ਦੀ ਲਗਾਤਾਰ ਨਿਗਰਾਨੀ ਰੱਖ ਰਿਹਾ ਹੈ। (ਏਜੰਸੀ)