ਅੰਬਾਲਾ ਵਿਖੇ ਸਿੱਖ ਨੌਜਵਾਨ ਦੀ ਕੁੱਟਮਾਰ, ਦੋ ਕਾਬੂ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਬੀਤੇ ਦਿਨ ਅੰਬਾਲਾ ਦੇ ਮੁਲਾਨਾ ਕਸਬੇ ਵਿਖੇ ਇਕ ਸਿੱਖ ਨੌਜਵਾਨ ਦੀ ਪਥਰਾਂ ਨਾਲ ਕੁੱਟਮਾਰ ਕਰਨ ਦੇ ਮਾਮਲੇ ਵਿਚ ਪੁਲਿਸ ਨੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।

Fight


ਯਮੁਨਾਨਗਰ, 18 ਜੁਲਾਈ (ਹਰਪ੍ਰੀਤ ਸਿੰਘ): ਬੀਤੇ ਦਿਨ ਅੰਬਾਲਾ ਦੇ ਮੁਲਾਨਾ ਕਸਬੇ ਵਿਖੇ ਇਕ ਸਿੱਖ ਨੌਜਵਾਨ ਦੀ ਪਥਰਾਂ ਨਾਲ ਕੁੱਟਮਾਰ ਕਰਨ ਦੇ ਮਾਮਲੇ ਵਿਚ ਪੁਲਿਸ ਨੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਜ਼ਿਲ੍ਹਾ ਤਰਨਤਾਰਨ ਦਾ ਰਹਿਣ ਵਾਲਾ ਸਿੱਖ ਨੌਜਵਾਨ ਅੰਬਾਲਾ ਤੋਂ ਯਮੁਨਾਨਗਰ ਜਾਣ ਵਾਲੀ ਬੱਸ 'ਤੇ ਸਫ਼ਰ ਕਰ ਰਿਹਾ ਸੀ ਕਿ ਇਸ ਦੌਰਾਨ ਇਕ ਵਿਅਕਤੀ ਨੇ ਜਾਣਬੁੱਝ ਕੇ ਸਿੱਖ ਨੌਜਵਾਨ ਦੀ ਦਸਤਾਰ ਲਾਹੁਣ ਦੀ ਕੋਸ਼ਿਸ਼ ਕੀਤੀ। ਸਿੱਖ ਨੌਜਵਾਨ ਵਲੋਂ ਇਸ ਦਾ ਵਿਰੋਧ ਕਰਨ ਤੋਂ ਬਾਅਦ ਉਸ ਨੇ ਮੁਲਾਨਾ ਨੇੜੇ ਅਪਣੇ ਹੋਰ ਦੋਸਤਾਂ ਨੂੰ ਬੁਲਾ ਲਿਆ ਅਤੇ ਉਸ ਦੀ ਕੁੱਟਮਾਰ ਕੀਤੀ।
ਸੋਸ਼ਲ ਮੀਡੀਆ ਤੇ ਵਾਇਰਲ ਹੋਈ ਵੀਡੀÀ ਦੇ ਆਧਾਰ 'ਤੇ ਪੰਜ ਵਿਕਤੀਆਂ  ਨੇ ਇਸ ਸਿੱਖ ਨਾਲ ਕੁੱਟਮਾਰ ਕੀਤੀ ਅਤੇ ਬੱਸ ਤੋਂ ਹੇਠਾਂ ਉਤਾਰ ਕੇ ਪਥਰਾਂ ਨਾਲ ਸਿਰ 'ਤੇ ਵਾਰ ਕੀਤੇ ਤੇ ਜਾਨੋਂ ਮਾਰਨ ਦੀ ਕੋਸ਼ਿਸ ਕੀਤੀ। ਇਸ ਸਬੰਧ ਵਿਚ ਹਰਿਆਣਾ ਸਿੱਖ ਗੁਰਦਵਾਰਾ ਮੈਨੇਜਮੈਂਟ ਕਮੇਟੀ ਦੇ ਜਨਰਲ ਸਕੱਤਰ ਜੋਗਾ ਸਿੰਘ ਅਤੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਮੰਡੇਬਰ ਨੇ ਦਸਿਆ ਕਿ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਜਸਬੀਰ ਸਿੰਘ ਦੋਸੜਕਾਂ ਦੀ ਕਮਾਨ ਹੇਠ ਪੰਜ ਮੈਂਬਰੀ ਕਮੇਟੀ ਬਣਾਈ ਗਈ ਹੈ ਜੋ ਇਸ ਸਾਰੇ ਮਾਮਲੇ ਦੀ ਜਾਂਚ ਕਰੇਗੀ ਅਤੇ ਪੀੜਤ ਨੌਜਵਾਨ ਦੀ ਆਰਥਕ ਮਦਦ ਵੀ ਕੀਤੀ ਜਾਵੇਗੀ। ਸੇਵਾਪੰਥੀ ਅੱਡਣਸ਼ਾਹੀ ਸਭਾ ਦੇ ਪ੍ਰਧਾਨ ਮਹੰਤ ਕਰਮਜੀਤ ਸਿੰਘ ਨੇ ਕਿਹਾ ਕਿ ਸਿੱਖਾਂ ਵਿਰੁਧ ਹੋ ਰਹੀ ਹਿੰਸਾ ਵਿਚ ਵਾਧਾ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਸਿੱਖ ਨੌਜਵਾਨਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ।