ਜੰਮੂ : ਸਿੱਖ ਵਿਦਿਆਰਥਣ ਨੂੰ ਮਿਲੀ ਦੁਮਾਲਾ ਸਜਾਉਣ ਦੀ ਇਜਾਜ਼ਤ, ਸਕੂਲ ਨੇ ਮੰਗੀ ਮੁਆਫ਼ੀ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸਕੂਲ ਨੇ ਮੰਨੀ ਗ਼ਲਤੀ ਤੇ ਭਵਿੱਖ 'ਚ ਅਜਿਹੀ ਬੰਦਸ਼ ਨਾ ਲਗਾਉਣ ਦਾ ਦਿਤਾ ਭਰੋਸਾ 

Jammu: Sikh girl gets permission to wear Dumala,

ਜੰਮੂ : ਆਏ ਦਿਨ ਦੇਸ਼ ਵਿਚ ਧਾਰਮਿਕ ਚਿੰਨ੍ਹਾਂ ਨੂੰ ਲੈ ਕੇ ਵਿਵਾਦ ਖੜ੍ਹਾ ਕੀਤਾ ਜਾਂਦਾ ਹੈ। ਕਦੇ ਹਿਜਾਬ ਅਤੇ ਕਦੇ ਸਿੱਖ ਧਰਮ ਦੇ ਕਕਾਰਾਂ ਨੂੰ ਲੈ ਕੇ ਵੱਖ-ਵੱਖ ਪਾਬੰਦੀਆਂ ਲਗਾਈਆਂ ਜਾਂਦੀਆਂ ਹਨ। ਅਜਿਹਾ ਹੀ ਇੱਕ ਮਾਮਲਾ ਜੰਮੂ ਕਸ਼ਮੀਰ ਤੋਂ ਸਾਹਮਣੇ ਆਇਆ ਹੈ ਜਿਥੇ ਇੱਕ ਅੰਮ੍ਰਿਤਧਾਰੀ ਬੱਚੀ ਨੂੰ ਕਕਾਰ ਪਾ ਕੇ ਸਕੂਲ ਵਿਚ ਆਉਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ।

ਦੱਸ ਦੇਈਏ ਕਿ ਇਹ ਮਾਮਲਾ ਜੰਮੂ ਦੇ ਇੱਕ ਨਿੱਜੀ ਹੈਰੀਟੇਜ ਸਕੂਲ ਦਾ ਹੈ ਜਿਥੇ ਸਕੂਲ ਪ੍ਰਬੰਧਕਾਂ ਵਲੋਂ ਅੰਮ੍ਰਿਤਧਾਰੀ ਵਿਦਿਆਰਥਣ ਅਮਿਤੋਜ ਕੌਰ ਨੂੰ ਕਿਰਪਾਨ ਅਤੇ ਸਿਰ 'ਤੇ ਬੰਨਿਆ ਸਕਾਫ਼ ਉਤਾਰਨ ਲਈ ਕਿਹਾ ਗਿਆ ਸੀ। ਇਸ ਪੂਰੇ ਮਾਮਲੇ ਨੂੰ ਲੈ ਕੇ ਸਿੱਖ ਭਾਈਚਾਰੇ ਵਿਚ ਰੋਸ ਪਾਇਆ ਗਿਆ ਹੈ ਅਤੇ ਸਕੂਲ ਦਾ ਵਿਰੋਧ ਵੀ ਕੀਤਾ ਗਿਆ ਹੈ।

ਸਿੱਖ ਭਾਈਚਾਰੇ ਵਲੋਂ ਕੀਤੇ ਵਿਰੋਧ ਅੱਗੇ ਸਕੂਲ ਪ੍ਰਸ਼ਾਸਨ ਨੂੰ ਝੁਕਣਾ ਪਿਆ ਅਤੇ ਸਕੂਲ ਦੇ ਚੇਅਰਪਰਸਨ ਵਲੋਂ ਆਪਣੀ ਗ਼ਲਤੀ ਮੰਨਦਿਆਂ ਮੁਆਫ਼ੀ ਵੀ ਮੰਗੀ ਹੈ। ਉਨ੍ਹਾਂ ਨੇ ਭਰੋਸਾ ਦਵਾਇਆ ਹੈ ਕਿ ਭਵਿੱਖ ਵਿਚ ਅਜਿਹਾ ਨਹੀਂ ਹੋਵੇਗਾ ਅਤੇ ਵਿਦਿਆਰਥਣ ਨੂੰ ਦੁਮਾਲਾ ਸਜਾ ਕੇ ਸਕੂਲ ਅੰਦਰ ਆਉਣ ਦੀ ਇਜਾਜ਼ਤ ਵੀ ਦਿਤੀ ਹੈ। ਸਕੂਲ ਵਲੋਂ ਕਿਹਾ ਗਿਆ ਹੈ ਕਿ ਸਿੱਖ ਵਿਦਿਆਰਥਣਾਂ ਸਕੂਲ ਦੀ ਵਰਦੀ ਅਨੁਸਾਰ ਆਪਣੇ ਸਿਰ 'ਤੇ ਦੁਪੱਟਾ ਜਾਂ ਦੁਮਾਲਾ ਸਜਾ ਸਕਦੀਆਂ ਹਨ ਪਰ ਉਨ੍ਹਾਂ ਦਾ ਰੰਗ ਸਕੂਲ ਵਲੋਂ ਨਿਰਧਾਰਤ ਵਰਦੀ ਵਰਗਾ ਹੀ ਹੋਣਾ ਚਾਹੀਦਾ ਹੈ।

ਜ਼ਿਕਰਯੋਗ ਹੈ ਕਿ ਸਕੂਲ ਵਲੋਂ ਅੰਮ੍ਰਿਤਧਾਰੀ ਵਿਦਿਆਰਥਣ ਨੂੰ ਦੁਮਾਲਾ ਸਜਾ ਕੇ ਆਉਣ ਤੋਂ ਰੋਕਿਆ ਗਿਆ ਸੀ ਅਤੇ ਹੱਥ ਵਿਚ ਪਾਇਆ ਕੜਾ ਵੀ ਛੋਟੇ ਆਕਾਰ ਦਾ ਪਾਉਣ ਲਈ ਕਿਹਾ ਗਿਆ ਸੀ ਪਰ ਜਦੋਂ ਬੱਚੀ ਨੇ ਅਜਿਹਾ ਕਰਨ ਤੋਂ ਇਨਕਾਰ ਕੀਤਾ ਤਾਂ ਸਕੂਲ ਪ੍ਰਬੰਧਕਾਂ ਨੇ ਉਸ ਨੂੰ ਸਕੂਲ ਤੋਂ ਬਾਹਰ ਕੱਢ ਦਿੱਤਾ ਅਤੇ ਧਮਕੀ ਵੀ ਦਿਤੀ ਕਿ ਤੈਨੂੰ ਇਹ ਸਿਰ 'ਤੇ ਬੰਨਿਆ ਕਪੜਾ ਉਤਾਰਨਾ ਪਵੇਗਾ।

ਇੰਨਾ ਹੀ ਨਹੀਂ ਸਗੋਂ ਵਿਦਿਆਰਥਣ ਨੂੰ ਇਹ ਵੀ ਕਿਹਾ ਗਿਆ ਕਿ ਜੋ ਉਸ ਨੇ ਆਪਣੇ ਹੱਥ ਵਿਚ ਕੜਾ ਪਾਇਆ ਹੋਇਆ ਹੈ ਉਸ ਦਾ ਆਕਾਰ ਵੀ ਛੋਟਾ ਕੀਤਾ ਜਾਵੇ। ਦੱਸ ਦੇਈਏ ਕਿ ਸਕੂਲ ਵਲੋਂ ਕਿਹਾ ਗਿਆ ਕਿ ਜੋ ਕਿਰਪਾਨ (ਸ੍ਰੀ ਸਾਹਿਬ) ਬੱਚੀ ਨੇ ਧਾਰਨ ਕੀਤੀ ਹੈ ਉਹ ਵੀ ਅਜਿਹੀ ਹੋਵੇ ਜਿਸ ਨੂੰ ਮਿਆਨ ਵਿਚੋਂ ਬਾਹਰ ਨਾ ਕੱਢਿਆ ਜਾ ਸਕੇ। 

ਇਸ ਮੌਕੇ ਵਿਰੋਧ ਕਰ ਰਹੇ ਸਿਖਾਂ ਨੇ ਕਿਹਾ ਕਿ ਵੱਡੇ-ਵੱਡੇ ਅਹੁਦਿਆਂ 'ਤੇ ਕਾਬਜ਼ ਸਿੱਖ ਬੱਚਿਆਂ ਨੂੰ ਕਕਾਰ ਪਾਉਣ ਦੀ ਇਜਾਜ਼ਤ ਹੈ ਤਾਂ ਸਕੂਲਾਂ ਵਿਚ ਅਜਿਹੀਆਂ ਪਾਬੰਦੀਆਂ ਨਹੀਂ ਲਗਾਈਆਂ ਜਾਣੀਆਂ ਚਾਹੀਦੀਆਂ ਹਨ। ਉਨ੍ਹਾਂ ਦੱਸਿਆ ਕਿ ਸਕੂਲ ਪ੍ਰਬੰਧਕਾਂ ਨੇ ਵਿਸ਼ਵਾਸ ਦਵਾਇਆ ਹੈ ਕਿ ਬੱਚਿਆਂ ਨੂੰ ਕੋਈ ਪ੍ਰੇਸ਼ਾਨੀ ਨਹੀਂ ਹੋਵੇਗੀ ਅਤੇ ਉਹ ਕਕਾਰ ਪਾ ਕੇ ਸਕੂਲ ਵਿਚ ਦਾਖਲ ਹੋ ਸਕਦੇ ਹਨ।