Panthak News: 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਭਾਈ ਘੋਲੀਆ ਦਾ ਸੰਘਰਸ਼ ਸ਼ਲਾਘਾਯੋਗ : ਗੜਗੱਜ
ਕਿਹਾ, ਪੀੜਤ ਪ੍ਰਵਾਰਾਂ ਨੂੰ ਮਿਲੇ ਇਨਸਾਫ਼ ਤੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ
Panthak News: 1984 ਸਿੱਖ ਨਸਲਕੁਸ਼ੀ ਦੇ ਪੀੜਤ ਪ੍ਰਵਾਰਾਂ ਨੂੰ ਇਨਸਾਫ਼ ਦਿਵਾਉਣ ਲਈ ਲਗਾਤਾਰ ਸੰਘਰਸ਼ ਕਰ ਰਹੇ ਭਾਈ ਦਰਸ਼ਨ ਸਿੰਘ ਘੋਲੀਆ ਦੀ ਭੂਮਿਕਾ ਬੇਹੱਦ ਸ਼ਲਾਘਾਯੋਗ ਹੈ। ਉਨ੍ਹਾਂ ਦੀ ਨਿਰਸਵਾਰਥ ਯਤਨਬਾਜ਼ੀ ਨੂੰ ਦੇਖਦਿਆਂ ਅਕਾਲ ਤਖ਼ਤ ਸਾਹਿਬ ਦੇ ਮੁੱਖ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ ਹੈ।
ਜਥੇਦਾਰ ਗੜਗੱਜ ਨੇ ਦਾਅਵਾ ਕੀਤਾ ਕਿ 1984 ਸਿੱਖ ਨਸਲਕੁਸ਼ੀ ਦੇ ਕਾਤਲ ਅਜੇ ਵੀ ਖੁਲ੍ਹੇ ਘੁੰਮ ਰਹੇ ਹਨ। ਹਾਲਾਂਕਿ ਪਿਛਲੇ ਲਗਭਗ 40 ਸਾਲਾਂ ’ਚ 11 ਵਾਰ ਵੱਖ-ਵੱਖ ਕਮਿਸ਼ਨ ਬਣਾਏ ਗਏ ਪਰ ਅੱਜ ਵੀ ਪੀੜਤ ਪਰਵਾਰ ਇਨਸਾਫ਼ ਲਈ ਤਰਸ ਰਹੇ ਹਨ। ਇਨਸਾਫ਼ ਦੇ ਨਾਮ ’ਤੇ ਬਹੁਤ ਸਾਰੀਆਂ ਜਾਂਚ ਕਮੇਟੀਆਂ ਬਣਾਈਆਂ ਗਈਆਂ ਪਰ ਸਰਕਾਰਾਂ ਨੇ ਇਸ ਮਾਮਲੇ ਨੂੰ ਹਮੇਸ਼ਾਂ ਲਮਕਾਇਆ। ਵੱਖ-ਵੱਖ ਜਾਂਚ ਕਮਿਸ਼ਨਾਂ ਨੇ ਆਪਣੀਆਂ ਰਿਪੋਰਟਾਂ ਵਿਚ ਕਈ ਅਹਿਮ ਪ੍ਰਗਟਾਵੇ ਕੀਤੇ ਪਰ ਜ਼ਿਆਦਾਤਰ ਦੋਸ਼ੀਆਂ ਨੂੰ ਕੋਈ ਵੀ ਕਾਨੂੰਨੀ ਕਾਰਵਾਈ ਦਾ ਸਾਹਮਣਾ ਨਹੀਂ ਕਰਨਾ ਪਿਆ।
ਉਨ੍ਹਾਂ ਦਸਿਆ ਕਿ ਕੁਝ ਕੁ ਕੇਸਾਂ ’ਚ ਮਾਮੂਲੀ ਸਜ਼ਾਵਾਂ ਹੋਈਆਂ ਪਰ ਸੱਜਣ ਕੁਮਾਰ ਵਰਗੇ ਮੁੱਖ ਦੋਸ਼ੀਆਂ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਅਜੇ ਵੀ ਉਹ ਸਜ਼ਾ ਨਹੀਂ ਮਿਲੀ, ਜੋ ਉਨ੍ਹਾਂ ਦੇ ਅਪਰਾਧਾਂ ਦੇ ਲਾਇਕ ਸੀ। ਜਥੇਦਾਰ ਨੇ ਕਿਹਾ ਕਿ ਲੰਮੇ ਸਮੇਂ ਤੋਂ 1984 ਪੀੜਤ ਪ੍ਰਵਾਰਾਂ ਨੂੰ ਇਨਸਾਫ਼ ਦਿਵਾਉਣ ਲਈ ਜ਼ਮੀਨੀ ਪੱਧਰ ’ਤੇ ਕੰਮ ਕਰ ਰਹੇ ਭਾਈ ਦਰਸ਼ਨ ਸਿੰਘ ਘੋਲੀਆ ਦਾ ਯੋਗਦਾਨ ਬੇਮਿਸਾਲ ਹੈ। ਉਨ੍ਹਾਂ ਨੇ ਇਨਸਾਫ਼ ਦੀ ਲੜਾਈ ’ਚ ਪੀੜਤ ਪ੍ਰਵਾਰਾਂ ਦਾ ਹੌਸਲਾ ਵਧਾਇਆ ਅਤੇ ਉਨ੍ਹਾਂ ਲਈ ਕਾਨੂੰਨੀ ਅਤੇ ਸਮਾਜਕ ਪੱਧਰ ’ਤੇ ਨਿਆਂ ਦੀ ਲੜਾਈ ਲੜੀ।
ਉਨ੍ਹਾਂ ਕਿਹਾ ਕਿ ਭਾਈ ਘੋਲੀਆ ਦੀ ਨਿਸ਼ਕਾਮ ਭੂਮਿਕਾ ਕਰ ਕੇ ਹੀ 1984 ਦੀ ਨਸਲਕੁਸ਼ੀ ਬਾਰੇ ਅੰਤਰਰਾਸ਼ਟਰੀ ਪੱਧਰ ’ਤੇ ਵੀ ਆਵਾਜ਼ ਉਠਾਈ ਗਈ। ਉਨ੍ਹਾਂ ਨੇ ਪੀੜਤ ਪਰਿਵਾਰਾਂ ਦੀ ਅਵਾਜ਼ ਬਣਕੇ ਸਰਕਾਰਾਂ ਨੂੰ ਸਿੱਧੀ ਚੁਣੌਤੀ ਦਿੱਤੀ। ਉਨ੍ਹਾਂ ਕਿਹਾ ਕਿ ਭਾਈ ਘੋਲੀਆ ਅਤੇ ਹੋਰ ਸਿੱਖ ਆਗੂ ਲੰਮੇ ਸਮੇਂ ਤੋਂ ਮੰਗ ਕਰ ਰਹੇ ਹਨ ਕਿ ਸੱਜਣ ਕੁਮਾਰ ਅਤੇ ਹੋਰ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਮਿਲੇ। ਉਨ੍ਹਾਂ ਦੀ ਭੂਮਿਕਾ ਸਿੱਖ ਕੌਮ ਲਈ ਮਹੱਤਵਪੂਰਨ ਰਹੀ ਹੈ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਇਹ ਸੰਘਰਸ਼ ਇਕ ਪ੍ਰੇਰਨਾਮਈ ਬਣੇਗਾ।