ਵਿਦਿਆ ਦਾ ਭਗਵਾਂਕਰਨ ਕਰਨ ਵਾਲਿਆਂ ਦਾ ਵਿਰੋਧ ਕਰਨ ਪੰਜਾਬੀ: ਮਾਝੀ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸਖੀ ਸਰਵਰ ਵਰਗੀਆਂ ਮਨੋਕਾਲਪਿਨਕ ਕਹਾਣੀਆਂ ਨੂੰ ਸ਼ਾਮਲ ਕਰ ਕੇ ਵਿਦਿਆਰਥੀਆਂ ਨੂੰ ਵਹਿਮਾਂ-ਭਰਮਾਂ ਦੇ ਭਿਆਨਕ ਖੂਹ ਵਿਚ ਸੁੱਟਣ ਦਾ ਵੀ ਯਤਨ ਕੀਤਾ ਗਿਆ ਹੈ।

harjinder majhi

ਸੰਗਰੂਰ, 4 ਮਈ (ਗੁਰਦਰਸ਼ਨ ਸਿੰਘ ਸਿੱਧੂ): ਬਾਰ੍ਹਵੀਂ ਜਮਤ ਦੀ ਇਤਿਹਾਸ ਦੀ ਕਿਤਾਬ ਵਿਚੋਂ ਗੁਰੂ ਸਾਹਿਬਾਨ ਦਾ ਵਿਲੱਖਣ ਇਤਿਹਾਸ ਕੱਢ ਕੇ ਜਿਥੇ ਵਿਦਿਆਰਥੀ ਵਰਗ ਨੂੰ ਅਮੀਰ ਸਿੱਖ ਵਿਰਸੇ ਤੋਂ ਅਣਜਾਣ ਰੱਖਣ ਦੀ ਕੋਸ਼ਿਸ਼ ਕੀਤੀ ਗਈ ਹੈ, ਉਥੇ ਸਖੀ ਸਰਵਰ ਵਰਗੀਆਂ ਮਨੋਕਾਲਪਿਨਕ ਕਹਾਣੀਆਂ ਨੂੰ ਸ਼ਾਮਲ ਕਰ ਕੇ ਵਿਦਿਆਰਥੀਆਂ ਨੂੰ ਵਹਿਮਾਂ-ਭਰਮਾਂ ਦੇ ਭਿਆਨਕ ਖੂਹ ਵਿਚ ਸੁੱਟਣ ਦਾ ਵੀ ਯਤਨ ਕੀਤਾ ਗਿਆ ਹੈ। 
ਪੰਥ ਪ੍ਰਸਿੱਧ ਕਥਾਵਾਚਕ ਭਾਈ ਹਰਜਿੰਦਰ ਸਿੰਘ ਮਾਝੀ ਨੇ ਨਿਊਜ਼ੀਲੈਂਡ ਤੋਂ ਫ਼ੋਨ ਰਾਹੀਂ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪੰਜਾਬੀਆਂ ਨੂੰ ਸਿਖਿਆ ਦੇ ਭਗਵਾਂਕਰਨ ਕੀਤੇ ਜਾਣ ਦਾ ਵਿਰੋਧ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਕੂਲ ਸਿਖਿਆ ਬੋਰਡ ਦੀ ਵੈਬਸਾਈਟ ਤੋਂ ਇਹ ਕਿਤਾਬ ਪੜ੍ਹ ਕੇ ਮਹਿਸੂਸ ਹੋਇਆ ਹੈ ਕਿ ਇਸ ਕਿਤਾਬ ਵਿਚ ਤਬਦੀਲੀ ਅਚਾਨਕ ਨਹੀਂ ਹੋਈ ਬਲਕਿ ਕਿਸੇ ਡੂੰਘੀ ਸਾਜ਼ਸ਼ ਤਹਿਤ ਹੋਈ ਹੈ। ਉਨ੍ਹਾਂ ਕਿਹਾ ਕਿ ਕਿਤਾਬ ਵਿਚ ਭਗਤ ਕਬੀਰ ਜੀ ਨੂੰ ਰਾਮ ਭਗਤ ਦਸਿਆ ਗਿਆ ਹੈ ਜਦ ਇਹ ਸਪੱਸ਼ਟ ਨਹੀਂ ਕੀਤਾ ਗਿਆ ਕਿ ਭਗਤ ਕਬੀਰ ਜੀ ਦਾ ਰਾਮ ਵਿਆਪਕ ਹੈ ਨਾ ਕਿ ਉਹ ਦੇਹਧਾਰੀ ਰਾਮ ਦੇ ਭਗਤ ਹਨ। ਮਾਝੀ ਨੇ ਕਿਹਾ ਕਿ ਪਹਿਲਾਂ ਸ਼੍ਰੋਮਣੀ ਕਮੇਟੀ ਵੀ ਗੁਰੂ ਸਾਹਿਬਾਨ ਦੇ ਪਵਿੱਤਰ ਜੀਵਨ ਤੇ ਅਪਮਾਨਜਨਕ ਟਿਪਣੀਆਂ ਕਰਨ ਵਾਲੀਆਂ ਲਿਖਤਾਂ ਛਪਵਾ ਚੁੱਕੀ ਹੈ ਅਤੇ ਹੁਣ ਪੰਜਾਬ ਸਕੂਲ ਸਿਖਿਆ ਬੋਰਡ ਵੀ ਵਿਦਿਆ ਦੀ ਥਾਂ ਤੇ ਵਿਦਿਆਰਥੀਆਂ ਨੂੰ ਹਨੇਰਾ, ਵਹਿਮ ਭਰਮ ਅਤੇ ਝੂਠ ਵੰਡਣ ਵਾਲੇ ਪਾਸੇ ਤੁਰ ਪਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਅਨੁਸਾਰ ਕਿਤਾਬ ਵਿਚ ਤਬਦੀਲੀ ਦੀ ਕਿਰਿਆ ਅਕਾਲੀ-ਭਾਜਪਾ ਸਰਕਾਰ ਸਮੇਂ ਆਰੰਭ ਹੋਈ ਸੀ ਪਰ ਕਾਂਗਰਸ ਨੂੰ ਸਰਕਾਰ ਵਿਚ ਆ ਕੇ ਇਸ ਬਦਲੇ ਸਿਲੇਬਸ ਨੂੰ ਕਾਇਮ ਰਖਣਾ ਕਿਉਂ ਜ਼ਰੂਰੀ ਸੀ।