ਪੁਲਿਸ ਨੇ ਸਕੈੱਚ ਤਾਂ ਮੋਨੇ ਲੜਕਿਆਂ ਦੇ ਜਾਰੀ ਕੀਤੇ ਪਰ ਤਸ਼ੱਦਦ ਦਾ ਸ਼ਿਕਾਰ ਬਣੇ ਸਿੱਖ ਨੌਜਵਾਨ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਜਾਂਚ ਦੇ ਨਾਂਅ 'ਤੇ ਪੁਲਿਸ ਦੇ ਅਨੇਕਾਂ ਤਸੀਹਾ ਕੇਂਦਰਾਂ 'ਚ ਸਿੱਖਾਂ 'ਤੇ ਕੀਤਾ ਤਸ਼ੱਦਦ

Pic-1

ਕੋਟਕਪੂਰਾ : 'ਸਪੋਕਸਮੈਨ ਟੀਵੀ ਚੈਨਲ' ਦੀ ਟੀਮ ਨੇ ਚੌਥੇ ਪੜਾਅ ਮੌਕੇ ਬਰਗਾੜੀ ਵਿਖੇ ਉਨ੍ਹਾਂ ਪੀੜਤਾਂ ਨਾਲ ਗੱਲਬਾਤ ਕੀਤੀ, ਜੋ ਕੋਟਕਪੂਰਾ ਅਤੇ ਬਹਿਬਲ ਵਿਖੇ ਢਾਹੇ ਗਏ ਪੁਲਿਸੀਆ ਅਤਿਆਚਾਰ ਤੋਂ ਪੀੜਤ ਸਨ ਤੇ ਜਾਂ ਜਾਂਚ ਦੇ ਨਾਂਅ 'ਤੇ ਜਿਨ੍ਹਾਂ ਸਿੱਖ ਨੌਜਵਾਨਾਂ ਨੂੰ ਪੁਲਿਸ ਨੇ ਤਸੀਹਾ ਕੇਂਦਰਾਂ ਅਰਥਾਤ ਬੁੱਚੜਖ਼ਾਨਿਆਂ 'ਚ ਰੱਖ ਕੇ ਅਥਾਹ ਤਸ਼ੱਦਦ ਕੀਤਾ। ਪੀੜਤਾਂ ਵਲੋਂ ਅਜਿਹੇ ਨਵੇਂ ਪ੍ਰਗਟਾਵੇ ਅਤੇ ਪ੍ਰਗਟਾਵੇ ਕੀਤੇ ਗਏ, ਜਿਨ੍ਹਾਂ ਤੋਂ ਅਜੇ ਤਕ ਜਾਂਚ ਕਮਿਸ਼ਨ ਅਤੇ ਮੀਡੀਆ ਅਣਭਿੱਜ ਸੀ। 

ਰਣਜੀਤ ਸਿੰਘ ਵਾਂਦਰ, ਦਵਿੰਦਰ ਸਿੰਘ ਹਰੀਏਵਾਲਾ, ਜਸਵਿੰਦਰ ਸਿੰਘ ਸਾਹੋਕੇ ਅਤੇ ਸੁਖਪਾਲ ਸਿੰਘ ਬਰਗਾੜੀ ਨੇ ਦੋ ਦਰਜਨ ਤੋਂ ਜ਼ਿਆਦਾ ਅਜਿਹੇ ਸਿੱਖ ਨੌਜਵਾਨਾਂ ਦਾ ਨਾਮ ਲੈ ਕੇ ਜ਼ਿਕਰ ਕੀਤਾ, ਜਿਨ੍ਹਾਂ ਉਪਰ ਪੁਲਿਸ ਵਲੋਂ ਜਾਂਚ ਦੇ ਨਾਂਅ 'ਤੇ ਬੇਤਹਾਸ਼ਾ ਤਸ਼ੱਦਦ ਕੀਤਾ ਗਿਆ। ਰੋਜ਼ਾਨਾ ਦੀ ਤਰ੍ਹਾਂ ਪੁਲਿਸ ਵਲੋਂ ਪੁਛਗਿਛ ਦੇ ਬਹਾਨੇ ਬੁਲਾਉਣਾ ਅਤੇ ਫਿਰ ਕਈ ਕਈ ਦਿਨ ਉਨ੍ਹਾਂ ਉਪਰ ਜ਼ੁਲਮ ਢਾਹੁਣਾ ਆਮ ਜਿਹੀ ਗੱਲ ਹੋ ਗਈ ਸੀ। ਉਨ੍ਹਾਂ ਦਸਿਆ ਕਿ ਪਹਿਲੇ ਦਿਨ 1 ਜੂਨ 2015 ਨੂੰ ਪਾਵਨ ਸਰੂਪ ਚੋਰੀ ਕਰਨ ਦੀ ਵਾਪਰੀ ਘਟਨਾ ਮੌਕੇ ਪੁਲਿਸ ਨੇ ਦੋ ਸਿਰੋ ਮੋਨੇ ਕਲੀਨ ਸ਼ੇਵ ਨੌਜਵਾਨਾਂ ਦੇ ਸਕੈੱਚ ਜਾਰੀ ਕੀਤੇ ਸਨ ਪਰ ਕਦੇ ਸਿਰੋ ਮੋਨੇ ਕਿਸੇ ਇਕ ਵੀ ਨੌਜਵਾਨ ਨੂੰ ਜਾਂਚ 'ਚ ਸ਼ਾਮਲ ਕਰਨ ਦੀ ਜ਼ਰੂਰਤ ਨਾ ਸਮਝੀ ਗਈ।

ਤਸ਼ੱਦਦ ਦਾ ਸ਼ਿਕਾਰ ਦੋ ਦਰਜਨ ਤੋਂ ਜ਼ਿਆਦਾ ਸਿੱਖ ਨੌਜਵਾਨ ਹੀ ਬਣੇ, ਪੁਲਿਸੀਆ ਤਸ਼ੱਦਦ ਕਾਰਨ ਦੋ ਸਿੱਖ ਨੌਜਵਾਨ ਅਪਣਾ ਮਾਨਸਿਕ ਸੰਤੁਲਨ ਵੀ ਖੋਹ ਬੈਠੇ ਹਨ। ਉਨ੍ਹਾਂ ਦਸਿਆ ਕਿ 1 ਜੂਨ, 25 ਸਤੰਬਰ ਅਤੇ 12 ਅਕਤੂਬਰ 2015 ਨੂੰ ਬਾਜਾਖ਼ਾਨਾ ਥਾਣੇ ਵਿਖੇ ਧਾਰਾ 295-ਏ ਤਹਿਤ 3 ਮਾਮਲੇ ਅਣਪਛਾਤਿਆਂ ਵਿਰੁਧ ਦਰਜ ਹੋਏ ਪਰ ਡੇਰਾ ਪ੍ਰੇਮੀਆਂ ਵਲੋਂ ਅਪਣੀ ਸ਼ਰਮਨਾਕ ਕਰਤੂਤ ਪ੍ਰਵਾਨ ਕਰ ਲੈਣ ਉਪਰੰਤ ਵੀ ਪੁਲਿਸ ਨੇ ਉਨ੍ਹਾਂ ਨੂੰ ਉਕਤ ਤਿੰਨ ਮਾਮਲਿਆਂ 'ਚ ਸ਼ਾਮਲ ਨਾ ਕੀਤਾ। ਉਨ੍ਹਾਂ ਦਸਿਆ ਕਿ ਪਾਵਨ ਸਰੂਪ ਚੋਰੀ ਕਰਨ, ਭੜਕਾਊ ਪੋਸਟਰ ਲਾਉਣ ਅਤੇ ਬੇਅਦਬੀ ਕਾਂਡ ਨੂੰ ਅੰਜਾਮ ਦੇਣ ਵਾਲੇ ਲਗਭਗ 15 ਡੇਰਾ ਪ੍ਰੇਮੀਆਂ ਦੀ ਸ਼ਨਾਖਤ ਹੋ ਜਾਣ ਦੇ ਬਾਵਜੂਦ ਵੀ ਪੁਲਿਸ ਪ੍ਰਸ਼ਾਸਨ ਸਖ਼ਤੀ ਕਰਨ ਨੂੰ ਤਿਆਰ ਨਹੀਂ।

ਉਨ੍ਹਾਂ ਹੈਰਾਨੀ ਪ੍ਰਗਟਾਈ ਕਿ ਜਾਂਚ ਦੇ ਨਾਂਅ 'ਤੇ ਹਿਰਾਸਤ 'ਚ ਲੈਣ ਵਾਲੇ ਸਿੱਖ ਨੌਜਵਾਨਾਂ ਨੂੰ ਨੈਤਿਕਤਾ ਦੀਆਂ ਕਲਾਸਾਂ ਲਾਉਣ, ਦਸਤਾਰ ਮੁਕਾਬਲੇ ਕਰਾਉਣ, ਗਤਕਾ ਸਿਖਾਉਣ ਅਤੇ ਹੋਰ ਅਜਿਹੇ ਪੰਥਕ ਕਾਰਜ ਰੋਕਣ ਵਾਲੀਆਂ ਪੁਲਿਸ ਅਧਿਕਾਰੀਆਂ ਦੀਆਂ ਕੋਸ਼ਿਸ਼ਾਂ ਬਾਰੇ ਤਖ਼ਤਾਂ ਦੇ ਜਥੇਦਾਰਾਂ, ਸ਼੍ਰੋਮਣੀ ਕਮੇਟੀ ਪ੍ਰਧਾਨ ਸਮੇਤ ਸਮੂਹ ਅਹੁਦੇਦਾਰਾਂ, ਸਿੱਖ ਸੰਸਥਾਵਾਂ ਅਤੇ ਪੰਥਕ ਜਥੇਬੰਦੀਆਂ ਦੀ ਹੈਰਾਨੀਜਨਕ ਚੁੱਪੀ ਵੀ ਕਈ ਸ਼ੰਕੇ ਖੜੇ ਕਰਦੀ ਹੈ। ਇਸ ਮੌਕੇ ਉਪਰੋਕਤ ਤੋਂ ਇਲਾਵਾ ਇਕਬਾਲ ਸਿੰਘ ਸੰਧੂ, ਅਮਰਜੀਤ ਸਿੰਘ ਖ਼ਾਲਸਾ, ਡਾ. ਬਲਵੀਰ ਸਿੰਘ ਸਰਾਵਾਂ, ਰਣਧੀਰ ਸਿੰਘ ਬਰਗਾੜੀ, ਬਹਾਦਰ ਸਿੰਘ ਵਾਂਦਰ, ਗੁਰਮੁੱਖ ਸਿੰਘ ਆਦਿ ਨੇ ਵੀ ਅਨੇਕਾਂ ਪ੍ਰਗਟਾਵੇ ਕੀਤੇ।