ਧਰਮ ਯੁੱਧ ਮੋਰਚੇ 'ਚ ਅਕਾਲੀ ਦਲ ਨੂੰ ਖਾਣੀ ਪਈ ਮੂੰਹ ਦੀ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਅੱਜ ਦੇ ਹੀ ਦਿਨ 1982 ਨੂੰ ਅਕਾਲੀ ਦਲ ਨੇ ਪੰਜਾਬ ਦੀਆਂ ਹੱਕੀ ਮੰਗਾਂ ਦੀ ਖ਼ਾਤਰ ਧਰਮ ਯੁੱਧ ਸ਼ੁਰੂ ਕੀਤਾ ਸੀ।

Parkash singh badal and Sukhbir sigh badal

ਤਰਨਤਾਰਨ, 4 ਅਗੱਸਤ (ਚਰਨਜੀਤ ਸਿੰਘ): ਅੱਜ 4 ਅਗੱਸਤ ਹੈ। ਅੱਜ ਦੇ ਹੀ ਦਿਨ 1982 ਨੂੰ ਅਕਾਲੀ ਦਲ ਨੇ ਪੰਜਾਬ ਦੀਆਂ ਹੱਕੀ ਮੰਗਾਂ ਦੀ ਖ਼ਾਤਰ ਧਰਮ ਯੁੱਧ ਸ਼ੁਰੂ ਕੀਤਾ ਸੀ। 4 ਅਗੱਸਤ 1982 ਨੂੰ ਕਰੀਬ 1234 ਸਿੱਖਾਂ ਦਾ ਇਕ ਜਥਾ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਪ੍ਰਕਾਸ਼ ਸਿੰਘ ਬਾਦਲ ਨੇ ਗ੍ਰਿਫ਼ਤਾਰੀ ਦਿਤੀ ਸੀ। ਇਸ ਧਰਮ ਯੁੱਧ ਦਾ ਮੁੱਖ ਕਾਰਨ ਪੰਜਾਬ ਦੀਆਂ ਹੱਕੀ ਮੰਗਾਂ ਸਨ ਜਿਸ ਵਿਚ ਪੰਜਾਬ ਦੀ ਵੰਡ ਦੌਰਾਨ ਪੰਜਾਬੀ ਬੋਲਦੇ ਇਲਾਕੇ ਜੋ ਗੁਆਂਢੀ ਰਾਜਾਂ ਵਿਚ ਰਹਿ ਗਏ ਸਨ,

ਨੂੰ ਮੁੜ ਪੰਜਾਬ ਵਿਚ ਸ਼ਾਮਲ ਕਰਨਾ, ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਪੰਜਾਬ ਨੂੰ ਦੇਣਾ, ਰਾਜਾਂ ਦੀ ਖ਼ੁਦਮੁਖ਼ਤਾਰੀ ਅਤੇ ਪੰਜਾਬ ਦੇ ਪਾਣੀਆਂ ਦਾ ਕੰਟਰੋਲ ਪੰਜਾਬ ਨੂੰ ਸੌਂਪਣ ਜਹੀਆਂ ਮੰਗਾਂ ਸਨ। ਅੱਜ ਇਸ ਮੋਰਚੇ ਦੇ 36 ਸਾਲ ਬੀਤ ਚੁੱਕੇ ਹਨ। ਇਹ ਪਹਿਲਾ ਮੋਰਚਾ ਸੀ ਜਿਸ ਵਿਚ ਅਕਾਲੀ ਦਲ ਨੂੰ ਮੂੰਹ ਦੀ ਖਾਣੀ ਪਈ। ਇਸ ਮੋਰਚੇ ਦਾ ਸੱਭ ਤੋਂ ਵੱਧ ਨੁਕਸਾਨ ਪੰਥ ਨੇ ਝੱਲਿਆ। ਅਕਾਲੀ ਦਲ ਨੂੰ ਇਸ ਮੋਰਚੇ ਦਾ ਸੱਭ ਤੋਂ ਵੱਡਾ ਲਾਭ ਇਹ ਮਿਲਿਆ ਕਿ ਅਪਣੇ ਜਨਮ ਤੋਂ ਲੈ ਕੇ ਹੁਣ ਤਕ ਪਹਿਲੀ ਵਾਰ ਅਕਾਲੀ ਦਲ ਨੂੰ ਪੰਜਾਬ ਤੇ ਪੂਰੇ ਪੰਜ ਸਾਲ ਤਕ ਰਾਜ ਕਰਨ ਦਾ ਮੌਕਾ ਹਾਸਲ ਹੋਇਆ ਭਾਵ ਅਕਾਲੀ ਦਲ ਦੀ ਕੋਈ ਵੀ ਸਰਕਾਰ ਵਿਚਾਲੇ ਨਹੀਂ ਤੋੜੀ ਗਈ।

1982 ਤੋਂ ਲੈ ਕੇ ਹੁਣ ਤਕ ਪੰਜਾਬ ਵਿਚ ਸ. ਸੁਰਜੀਤ ਸਿੰਘ ਬਰਨਾਲਾ ਅਤੇ ਸ. ਪ੍ਰਕਾਸ਼ ਸਿੰਘ ਬਾਦਲ ਦਾ ਰਾਜ ਰਿਹਾ। ਸੱਭ ਤੋਂ ਵੱਧ ਰਾਜ ਕਰਨ ਵਾਲੇ ਸ. ਪ੍ਰਕਾਸ਼ ਸਿੰਘ ਬਾਦਲ ਰਹੇ ਜਿਨ੍ਹਾਂ ਅਪਣੇ 15 ਸਾਲ ਦੇ ਸ਼ਾਸਨਕਾਲ ਦੌਰਾਨ ਸਿੱਖਾਂ ਦੀ ਕਿਸੇ ਮੰਗ ਨੂੰ ਨਾ ਤੇ ਮੰਨਵਾਉਣ ਲਈ ਕੰਮ ਕੀਤਾ ਤੇ ਨਾ ਹੀ ਸਰਕਾਰ ਦੇ ਹੁੰਦਿਆਂ ਸਿੱਖਾਂ ਦੀਆਂ ਮੰਗਾਂ ਪ੍ਰਤੀ ਕਦੇ ਵੀ ਗੰਭੀਰਤਾ ਦਿਖਾਈ। ਟਕਸਾਲੀ ਅਕਾਲੀ ਜੋ ਮੋਰਚੇ ਦੌਰਾਨ ਜੇਲਾਂ ਕਟਦੇ ਰਹੇ। ਅੱਜ ਸਵਾਲ ਤਾਂ ਜ਼ਰੂਰ ਪੁਛਦੇ ਹਨ ਕਿ ਸਾਡੀ ਕੁਰਬਾਨੀ ਦਾ ਕੀ ਬਣਿਆ? ਤਾਂ ਇਸ ਸਵਾਲ 'ਤੇ ਸਿਰਫ਼ ਖ਼ਾਮੋਸ਼ੀ ਹੀ ਮਿਲਦੀ ਹੈ।