ਬਰਗਾੜੀ ਕਾਂਡ ਦੇ ਦੋਸ਼ੀਆਂ ਦੀ ਪੁਸ਼ਤਪਨਾਹੀ ਕਰਨ ਵਾਲਿਆਂ ਨੂੰ ਲੋਕ ਕਦੇ ਮਾਫ਼ ਨਹੀਂ ਕਰਨਗੇ : ਸੰਧਵਾਂ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਆਮ ਆਦਮੀ ਪਾਰਟੀ ਦੇ ਬੁਲਾਰੇ ਅਤੇ ਸਥਾਨਕ ਹਲਕਾ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਤਤਕਾਲੀਨ ਬਾਦਲ ਸਰਕਾਰ ਵੇਲੇ ਵਾਪਰੇ ਬਰਗਾੜੀ ਬੇਅਦਬੀ ਕਾਂਡ, ਕੋਟਕਪੂਰਾ

kultar singh sandhwa


ਕੋਟਕਪੂਰਾ, 4 ਅਗੱਸਤ (ਗੁਰਿੰਦਰ ਸਿੰਘ) : ਆਮ ਆਦਮੀ ਪਾਰਟੀ ਦੇ ਬੁਲਾਰੇ ਅਤੇ ਸਥਾਨਕ ਹਲਕਾ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਤਤਕਾਲੀਨ ਬਾਦਲ ਸਰਕਾਰ ਵੇਲੇ ਵਾਪਰੇ ਬਰਗਾੜੀ ਬੇਅਦਬੀ ਕਾਂਡ, ਕੋਟਕਪੂਰਾ ਅਤੇ ਬਹਿਬਲ ਕਲਾਂ 'ਚ ਸਿੱਖ ਸੰਗਤਾਂ 'ਤੇ ਹੋਏ ਪੁਲਿਸੀਆ ਅਤਿਆਚਾਰ ਦੇ ਦੋਸ਼ੀਆਂ ਦੀ ਪੁਸ਼ਤਪਨਾਹੀ ਕਰਨ 'ਤੇ ਬਾਦਲ ਦਲ ਨੂੰ ਘੇਰਦਿਆਂ ਸਵਾਲ ਕੀਤਾ ਹੈ ਕਿ ਜਦ ਹੁਣ ਬਾਦਲ ਸਰਕਾਰ ਵਲੋਂ ਗਠਤ ਐਸ.ਆਈ.ਟੀ. ਦੀ ਗੁਪਤ ਰੀਪੋਰਟ ਨੇ ਦੋਸ਼ੀਆਂ ਦਾ ਪ੍ਰਗਟਾਵਾ ਕਰ ਦਿਤਾ ਹੈ ਤਾਂ ਇਹ ਬਾਦਲਕੇ ਹੁਣ ਅਪਣੀ ਹੀ ਬਣਾਈ ਐਸ.ਆਈ.ਟੀ ਨੂੰ ਝੂਠਾ ਕਹਿਣਗੇ ਜਾਂ ਫਿਰ ਅਪਣੀ ਸਰਕਾਰ ਵੇਲੇ ਦੋਸ਼ੀਆਂ ਦੀ ਕੀਤੀ ਪੁਸ਼ਤਪੁਨਾਹੀ ਲਈ ਕੌਮ ਤੋਂ ਮਾਫ਼ੀ ਮੰਗਣਗੇ? 


ਸ. ਸੰਧਵਾਂ ਨੇ ਕਿਹਾ ਕਿ ਉਕਤ ਕਾਰਵਾਈਆਂ ਕਰ ਕੇ ਬਾਦਲ ਜੁੰਡਲੀ ਨੇ ਅਕਾਲੀ ਦਲ ਦੇ ਮਾਣਮੱਤੇ ਇਤਿਹਾਸ ਨੂੰ ਕਲੰਕਿਤ ਕਰ ਕੇ ਰੱਖ ਦਿਤਾ ਹੈ, ਉਨ੍ਹਾਂ ਕੈਪਟਨ ਸਰਕਾਰ ਵਲੋਂ ਸੀ.ਬੀ.ਆਈ. ਨੂੰ ਜਾਂਚ ਸੌਂਪਣ 'ਤੇ ਪ੍ਰਤੀਕਿਰਿਆ ਕਰਦਿਆਂ ਕਿਹਾ ਕਿ ਜਦ ਐਸ.ਆਈ.ਟੀ. ਅਪਣੀ ਜਾਂਚ 'ਚ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਰ ਚੁੱਕੀ ਹੈ ਤਾਂ ਅਜਿਹੇ 'ਚ ਸੀਬੀਆਈ ਨੂੰ ਕੇਸ ਸੌਂਪ ਕੇ ਠੰਡੇ ਬਸਤੇ 'ਚ ਪਾਉਣ ਦੀ ਕਾਰਵਾਈ ਨਿਰਪੱਖ ਧਿਰਾਂ 'ਚ ਸ਼ੰਕਾ ਪੈਦਾ ਕਰਦੀ ਹੈ ਕਿ ਕਿਧਰੇ ਆਪਸੀ ਮਿਲੀਭੁਗਤ ਰਾਹੀਂ ਮਸਲੇ ਨੂੰ ਹੋਰ ਲਟਕਾਉਣ ਦੀ ਸਾਜ਼ਸ਼ ਤਾਂ ਨਹੀਂ ਹੋ ਰਹੀ?

ਉਨ੍ਹਾਂ ਕੈਪਟਨ ਸਰਕਾਰ ਨੂੰ ਚੌਕਸ ਕਰਦਿਆਂ ਕਿਹਾ ਕਿ ਜੇਕਰ ਇਸ ਗੰਭੀਰ ਮਸਲੇ ਨੂੰ ਹੱਲ ਕਰਨ 'ਚ ਢਿੱਲਮਠ ਦੀ ਰਣਨੀਤੀ ਅਪਣਾਈ ਤਾਂ ਮੌਜੂਦਾ ਸਰਕਾਰ ਵੀ ਬੀਤੀ ਸਰਕਾਰ ਵਾਂਗ ਲੋਕ ਰੋਹ ਦਾ ਸਾਹਮਣਾ ਕਰਨ ਲਈ ਤਿਆਰ ਰਹੇ, ਉਨ੍ਹਾਂ ਪੰਥ ਦੇ ਨਾਮ 'ਤੇ ਅਜੇ ਵੀ ਬਾਦਲਕਿਆਂ 'ਤੇ ਮਾਣ ਕਰਨ ਵਾਲਿਆਂ ਨੂੰ ਅਪੀਲ ਕੀਤੀ ਕਿ ਬਾਦਲ ਪਰਵਾਰ ਨੂੰ ਪੰਥ ਦਾ ਕਿੰਨਾਂ ਕੁ ਹੇਜ ਹੈ ਇਹ ਤਾਂ ਉਨ੍ਹਾਂ ਦੀ ਪਿਛਲੀ ਕਾਰਗੁਜ਼ਾਰੀ ਵੇਖ ਕੇ ਹੀ ਸਪੱਸ਼ਟ ਹੋ ਜਾਂਦਾ ਹੈ ਕਿ ਕਿਸ ਤਰ੍ਹਾਂ ਉਸ ਵੇਲੇ ਪੰਥ ਵਿਰੋਧੀ ਤਾਕਤਾਂ ਦਾ ਸਾਥ ਦਿਤਾ।