ਪ੍ਰਧਾਨ ਮੰਤਰੀ ਅਯੁੱਧਿਆ ਦਾ ਦੌਰਾ ਰੱਦ ਕਰਨ ਜਾਂ ਅਹੁਦੇ ਤੋਂ ਅਸਤੀਫ਼ਾ ਦੇਣ: ਪੰਥਕ ਜਥੇਬੰਦੀਆਂ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਘੱਟ ਗਿਣਤੀ ਕੌਮਾਂ 'ਤੇ ਜਬਰ-ਜ਼ੁਲਮ ਅਤੇ ਬੇਇਨਸਾਫ਼ੀਆਂ ਬਿਲਕੁਲ ਸਹਿਣ ਨਹੀਂ ਕੀਤੀਆਂ ਜਾਣਗੀਆਂ

File Photo

ਫ਼ਤਿਹਗੜ੍ਹ ਸਾਹਿਬ, 4 ਅਗੱਸਤ (ਸੁਰਜੀਤ ਸਿੰਘ ਸਾਹੀ): ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਸਮੁੱਚੀ ਲੀਡਰਸ਼ਿਪ ਵਲੋਂ ਅਰਦਾਸ ਕਰਨ ਉਪਰੰਤ ਗੁਰਦੁਆਰਾ ਰੱਥ ਸਾਹਿਬ ਤੋਂ ਰੋਸ ਮਾਰਚ ਫ਼ਤਿਹਗੜ੍ਹ ਸਾਹਿਬ ਕੰਪਲੈਕਸ ਵਲ ਕੂਚ ਕੀਤਾ ਗਿਆ ਜਿਸ ਵਿਚ ਆਗੂਆਂ ਨੇ ਤਖ਼ਤੀਆਂ ਉਤੇ ਵੱਖ ਵੱਖ ਸਲੋਗਨਾਂ ਦੀਆਂ ਤਖ਼ਤੀਆਂ ਫੜੀਆਂ ਹੋਈਆਂ ਸਨ। ਇਸ ਮੌਕੇ ਰੋਸ ਵਿਖਾਵੇ ਤੇ ਇਕੱਤਰਤਾ ਦੌਰਾਨ ਸਵਰਨ ਸਿੰਘ ਪੰਜਗਰਾਈ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਇਕਬਾਲ ਸਿੰਘ ਟਿਵਾਣਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਇਮਾਨ ਸਿੰਘ ਮਾਨ ਸਰਪ੍ਰਸਤ ਯੂਥ, ਸ. ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਜਤਿੰਦਰ ਸਿੰਘ ਈਸੜੂ ਦਲ ਖ਼ਾਲਸਾ ਸਕੱਤਰ ਜਰਨਲ, ਮਾਸਟਰ ਕਰਨੈਲ ਸਿੰਘ ਨਾਰੀਕੇ, ਪ੍ਰੋ. ਮਹਿੰਦਰਪਾਲ ਸਿੰਘ ਆਦਿ ਨੇ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਨ੍ਹਾਂ ਵਲੋਂ ਆਰਟੀਕਲ 74ਏ ਅਤੇ 75 ਰਾਹੀਂ ਭਾਰਤ ਦੇ ਪ੍ਰੈਜੀਡੈਂਟ ਦੁਆਰਾ ਸਹੁੰ ਚੁਕਦੇ ਹੋਏ ਬਚਨ ਕੀਤਾ ਜਾਂਦਾ ਹੈ ਕਿ ਉਹ ਭਾਰਤ ਦੇ ਵਿਧਾਨ ਦੀ ਭੇਦਾਂ ਨੂੰ ਗੁਪਤ ਰੱਖਣ ਦੇ ਨਾਲ-ਨਾਲ ਇਸ ਵਿਧਾਨ ਦੀ ਸਹੀ ਦਿਸ਼ਾ ਵੱਲ ਹਰ ਕੀਮਤ 'ਤੇ ਰਖਿਆ ਕਰੇਗਾ।

ਇਹ ਵਿਧਾਨ ਜੋ ਧਰਮ ਨਿਰਪੱਖ ਦੀ ਦ੍ਰਿੜਤਾ ਨਾਲ ਗੱਲ ਕਰਦਾ ਹੈ, ਉਸ ਅਨੁਸਾਰ ਭਾਰਤ ਦਾ ਕੋਈ ਵੀ ਪ੍ਰਧਾਨ ਮੰਤਰੀ ਕਿਸੇ ਵੀ ਧਰਮ, ਕੌਮ, ਫ਼ਿਰਕੇ, ਕਬੀਲੇ ਆਦਿ ਨਾਲ ਨਿਜੀ ਤੌਰ 'ਤੇ ਕੋਈ ਨਾ ਤਾਂ ਸਬੰਧ ਰੱਖਦਾ ਹੈ ਅਤੇ ਨਾ ਹੀ ਉਨ੍ਹਾਂ ਦੇ ਅਜਿਹੇ ਧਾਰਮਕ ਪ੍ਰੋਗਰਾਮਾਂ ਵਿਚ ਸ਼ਮੂਲੀਅਤ ਕਰ ਸਕਦਾ ਹੈ, ਦੀ ਨਰਿੰਦਰ ਮੋਦੀ ਵਲੋਂ ਘੋਰ ਉਲੰਘਣਾ ਕਰਦੇ ਹੋਏ 5 ਅਗੱਸਤ ਨੂੰ ਅਯੁੱਧਿਆ ਵਿਖੇ ਰਾਮ ਮੰਦਰ ਦੇ ਉਦਘਾਟਨੀ ਸਮਾਰੋਹ ਵਿਚ ਸ਼ਾਮਲ ਹੋਣ ਦਾ ਫ਼ੈਸਲਾ ਕਰ ਕੇ ਕੇਵਲ ਵਿਧਾਨਿਕ ਲੀਹਾਂ ਨੂੰ ਹੀ ਨਹੀਂ ਕੁਚਲਿਆ ਜਾ ਰਿਹਾ, ਬਲਕਿ ਸਮੁੱਚੇ ਭਾਰਤ ਵਿਚ ਵੱਸਣ ਵਾਲੀਆਂ ਵੱਖ-ਵੱਖ ਕੌਮਾਂ, ਧਰਮਾਂ, ਫ਼ਿਰਕਿਆਂ ਦੀਆਂ ਆਤਮਾਵਾਂ ਅਤੇ ਭਾਵਾਨਾਵਾਂ ਨੂੰ ਵੀ ਡੂੰਘੀ ਠੇਸ ਪਹੁੰਚਾਈ ਜਾ ਰਹੀ ਹੈ। ਅੱਜ ਦੀ ਮੀਟਿੰਗ ਵਿਚ ਇਹ ਮੰਗ ਕੀਤੀ ਹੈ ਕਿ ਜਾਂ ਤਾਂ ਉਹ ਅਪਣੇ ਰਾਮ ਮੰਦਰ ਦੇ ਉਦਘਾਟਨੀ ਸਮਾਰੋਹ ਵਿਚ ਜਾਣ ਦੇ ਫ਼ੈਸਲੇ ਨੂੰ ਰੱਦ ਕਰਨ ਜਾਂ ਫਿਰ ਅਪਣੇ ਨਿਰਪੱਖਤਾ ਵਾਲੇ ਵਜ਼ੀਰ-ਏ-ਆਜ਼ਮ ਅਹੁਦੇ ਤੋਂ ਅਸਤੀਫ਼ਾ ਦੇਣ।