ਸੁੱਚਾ ਸਿੰਘ ਲੰਗਾਹ ਦਾ ਮਾਮਲਾ ਅਕਾਲ ਤਖ਼ਤ 'ਤੇ ਪੁੱਜਾ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਦਮਦਮੀ ਟਕਸਾਲ ਦੇ ਭਾਈ ਲਖਵਿੰਦਰ ਸਿੰਘ ਆਦੀਆਂ ਦੀ ਅਗਵਾਈ 'ਚ ਵਫ਼ਦ 'ਜਥੇਦਾਰ' ਨੂੰ ਮਿਲਿਆ

File Photo

ਅੰਮ੍ਰਿਤਸਰ, 4 ਅਗੱਸਤ (ਪਰਮਿੰਦਰਜੀਤ): ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਨੂੰ ਟਿਚ ਜਾਣਦੇ ਹੋਏ ਗੁਰਦਾਸ ਨੰਗਲ ਗੜ੍ਹੀ ਵਿਚ ਨਿਹੰਗ ਸਿੰਘਾਂ ਤੋਂ ਅੰਮ੍ਰਿਤ ਛਕਣ ਵਾਲੇ ਸੁੱਚਾ ਸਿੰਘ ਲੰਗਾਹ ਦਾ ਮਾਮਲਾ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਪੁੱਜ ਗਿਆ ਹੈ। ਇਹ ਮਾਮਲਾ ਦਮਦਮੀ ਟਕਸਾਲ ਦੇ ਭਾਈ ਲਖਵਿੰਦਰ ਸਿੰਘ ਆਦੀਆਂ ਦੀ ਅਗਵਾਈ ਹੇਠ ਇਕ ਵਫ਼ਦ 'ਜਥੇਦਾਰ' ਕੋਲ ਲੈ ਕੇ ਪੁੱਜਾ। ਇਸ ਵਫ਼ਦ ਵਿਚ ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਇਕ ਮੰਗ ਪੱਤਰ ਸੌਂਪ ਕੇ ਸ਼੍ਰੋਮਣੀ ਕਮੇਟੀ ਮੈਂਬਰ ਗੁਰਿੰਦਰਪਾਲ ਸਿੰਘ ਗੋਰਾ ਅਤੇ ਰਤਨ ਸਿੰਘ ਜ਼ਫ਼ਰਵਾਲ ਵਿਰੁਧ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ।

ਪੱਤਰਕਾਰਾਂ ਨਾਲ ਗੱਲ ਕਰਦਿਆਂ ਵਫ਼ਦ ਦੀ ਅਗਵਾਈ ਕਰ ਰਹੇ ਭਾਈ ਲਖਵਿੰਦਰ ਸਿੰਘ ਆਦੀਆਂ ਨੇ ਕਿਹਾ ਕਿ ਇਕ ਵਿਧਵਾ ਔਰਤ ਨਾਲ ਬਲਾਤਕਾਰ ਕਰਨ ਦੇ ਦੋਸ਼ੀ ਲੰਗਾਹ ਨੇ ਸਿੱਖ ਰਹੁਰੀਤਾਂ ਵਿਰੁਧ ਜਾ ਕੇ ਅਕਾਲ ਤਖ਼ਤ ਸਾਹਿਬ ਨੂੰ ਚੁਨੌਤੀ ਦਿਤੀ ਹੈ। ਇਸ ਦੀ ਅਸ਼ਲੀਲ ਵੀਡੀਉ ਆਉਣ ਨਾਲ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਤੇ ਸ਼੍ਰੋ੍ਰਮਣੀ ਅਕਾਲੀ ਦਲ ਨੂੰ ਭਾਰੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਸੀ ਤੇ ਦੋਵਾਂ ਜਥੇਬੰਦੀਆਂ ਦੇ ਅਕਸ ਨੂੰ ਢਾਹ ਲੱਗੀ ਹੈ।

ਉਨ੍ਹਾਂ ਕਿਹਾ ਕਿ ਨਿਹੰਗ ਤਰਸੇਮ ਸਿੰਘ ਨੇ ਲੰਗਾਹ ਨੂੰ ਅੰਮ੍ਰਿਤ ਛਕਾ ਕੇ ਸਿੱਧੇ ਤੌਰ 'ਤੇ ਦੋ ਸੰਸਥਾਵਾਂ ਪੰਜ ਪਿਆਰਿਆਂ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਚਾਲੇ ਟਕਰਾਅ ਪੈਦਾ ਕਰਨ ਦੀ ਬਜਰ ਗ਼ਲਤੀ ਕੀਤੀ ਹੈ। ਅਕਾਲ ਤਖ਼ਤ ਸਾਹਿਬ ਤੋਂ ਛੇਕੇ ਕਿਸੇ ਵੀ ਵਿਅਕਤੀ ਨੂੰ ਕਿਸੇ ਦੂਜੀ ਥਾਂ 'ਤੇ ਅੰਮ੍ਰਿਤ ਨਹੀਂ ਛਕਾਇਆ ਜਾ ਸਕਦਾ। ਲੰਗਾਹ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਚੁਨੌਤੀ ਦੇ ਕੇ ਨਰੈਣੂ ਮਹੰਤ ਵਾਲੀ ਕਰਤੂਤ ਦੁਹਰਾਈ ਹੈ। ਇਸ ਮੌਕੇ ਭਾਈ ਚਰਨਜੀਤ ਸਿੰਘ, ਭਾਈ ਪ੍ਰੇਮ ਸਿੰਘ, ਭਾਈ ਮੇਜਰ ਸਿੰਘ, ਭਾਈ ਹਰਪ੍ਰੀਤ ਸਿੰਘ, ਭਾਈ ਜੋਗਿੰਦਰ ਸਿੰਘ, ਬੀਬੀ ਮਨਿੰਦਰ ਕੌਰ ਆਦਿ ਹਾਜ਼ਰ ਸਨ।

'ਜਥੇਦਾਰ' ਨੇ ਜ਼ਫ਼ਰਵਾਲ ਤੇ ਗੋਰਾ ਨੂੰ ਤਨਖ਼ਾਹੀਆ ਕਰਾਰ ਦਿਤਾ- ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪੰਥ ਵਿਚੋਂ ਛੇਕੇ ਸੁੱਚਾ ਸਿੰਘ ਲੰਗਾਹ ਨਾਲ ਮਿਲਵਰਤਣ ਰੱਖਣ ਦੇ ਦੋਸ਼ ਵਿਚ ਰਤਨ ਸਿੰਘ ਜ਼ਫ਼ਰਵਾਲ ਸਾਬਕਾ ਮੈਂਬਰ ਧਰਮ ਪ੍ਰਚਾਰ ਕਮੇਟੀ ਅਤੇ ਗੁਰਿੰਦਰਪਾਲ ਸਿੰਘ ਗੋਰਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਹਲਕਾ ਕਾਦੀਆਂ ਨੂੰ ਪੁੱਜੀ ਰੀਪੋਰਟ ਅਨੁਸਾਰ ਤਨਖ਼ਾਹੀਆ ਕਰਾਰ ਦਿਤਾ ਜਾਂਦਾ ਹੈ। ਇਸ ਤੋਂ ਇਲਾਵਾ 'ਜਥੇਦਾਰ' ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਨੂੰ ਆਦੇਸ਼ ਕੀਤਾ ਹੈ ਕਿ ਇਨ੍ਹਾਂ ਨੂੰ ਬਣੀਆਂ ਸਬ ਕਮੇਟੀਆਂ ਵਿਚੋਂ ਵੀ ਹਟਾਇਆ ਜਾਵੇ। ਅੱਜ ਅਕਾਲ ਤਖ਼ਤ ਸਾਹਿਬ ਦੀ ਇਤਿਹਾਸਕ ਫਸੀਲ ਤੋਂ 'ਜਥੇਦਾਰ' ਨੇ ਇਹ ਹੁਕਮਨਾਮਾ ਜਾਰੀ ਕੀਤਾ।