ਪ੍ਰਚਾਰਕਾਂ ਨੂੰ ਛੇਕਣ ਤੋਂ ਪਹਿਲਾਂ ਖੂਹ 'ਚੋਂ ਮਰੀ ਬਿੱਲੀ ਕੱਢ ਦੇਣੀ ਚਾਹੀਦੀ ਹੈ: ਸੁਰਿੰਦਰ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਕਹਿੰਦੇ ਹਨ ਕਿ ਕਿਸੇ ਖੂਹ ਦੇ ਪਾਣੀ ਵਿਚੋਂ ਬਦਬੂ ਆਉਣੀ ਸ਼ੁਰੂ ਹੋ ਗਈ। ਪਿੰਡ ਵਾਸੀਆਂ ਨੇ ਵਾਰ-ਵਾਰ ਪਾਣੀ ਕੱਢ ਕੇ ਉਸ ਬਦਬੂ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ।

principal surinder singh

ਸ੍ਰੀ ਅਨੰਦਪੁਰ ਸਾਹਿਬ  (ਸੁਖਵਿੰਦਰਪਾਲ ਸਿੰਘ ਸੁੱਖੂ): ਕਹਿੰਦੇ ਹਨ ਕਿ ਕਿਸੇ ਖੂਹ ਦੇ ਪਾਣੀ ਵਿਚੋਂ ਬਦਬੂ ਆਉਣੀ ਸ਼ੁਰੂ ਹੋ ਗਈ। ਪਿੰਡ ਵਾਸੀਆਂ ਨੇ ਵਾਰ-ਵਾਰ ਪਾਣੀ ਕੱਢ ਕੇ ਉਸ ਬਦਬੂ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ। ਪਰ ਬਦਬੂ ਖ਼ਤਮ ਨਾ ਹੋਈ। ਪਿੰਡ ਵਾਸੀ ਇਕ ਦੂਜੇ ਤੇ ਸ਼ੱਕ ਕਰਦੇ ਹੋਏ ਆਪਸ ਵਿਚ ਲੜਨ ਲੱਗ ਪਏ। ਦੋਵੇਂ ਧਿਰਾਂ ਲਹੂ ਲੁਹਾਨ ਹੋ ਗਈਆਂ। ਕਿਸੇ ਸਿਆਣੇ ਨੇ ਆ ਕੇ ਕਿਹਾ ਕਿ ਮੂਰਖੋ! ਲੜਦੇ ਕਿਉਂ ਹੋ, ਤੁਹਾਡੇ ਕਿਸੇ ਦੁਸ਼ਮਣ ਨੇ ਖੂਹ ਵਿਚ ਮਰੀ ਹੋਈ ਬਿੱਲੀ ਸੁੱਟ ਦਿਤੀ ਹੈ। ਇਸ ਮਰੀ ਹੋਈ ਬਿੱਲੀ ਨੂੰ ਕੱਢ ਕੇ ਹੀ ਪਾਣੀ ਦੀ ਬਦਬੂ ਖ਼ਤਮ ਹੋ ਸਕਦੀ ਹੈ।

ਇਹ ਘਟਨਾ ਸਿੱਖ ਕੌਮ ਤੇ ਪੂਰੀ ਢੁਕਦੀ ਹੈ। ਸਾਡੇ ਇਤਿਹਾਸ ਰੂਪੀ ਖੂਹ ਵਿਚ ਦੁਸ਼ਮਣ ਨੇ ਕਲਮ ਨਾਲ (ਕੋਝੀਆਂ ਲਿਖਤਾਂ ਰੂਪੀ) ਮਰੀ ਹੋਈ ਬਿੱਲੀ ਸੁੱਟ ਦਿਤੀ ਹੈ। ਸਿੱਖਾਂ ਦੀ ਲੜਾਈ ਖ਼ਤਮ ਕਰਨ ਲਈ ਵਿਦਵਾਨਾਂ ਦੀ ਕਮੇਟੀ ਬਣਾ ਕੇ ਗੁਰਬਾਣੀ ਦੀ ਕਸਵੱਟੀ ਤੇ ਪਰਖ ਕੇ ਕੋਝੀਆਂ ਲਿਖਤਾਂ ਨੂੰ ਕੱਢ ਦੇਣਾ ਚਾਹੀਦਾ ਹੈ। ਸਾਰੇ ਪੰਥਕ ਝਗੜੇ ਖ਼ਤਮ ਹੋ ਜਾਣਗੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪ੍ਰਿੰ: ਸੁਰਿੰਦਰ ਸਿੰਘ ਮੈਂਬਰ ਸ਼੍ਰੋ: ਗੁ: ਪ੍ਰੰ: ਕਮੇਟੀ ਸ੍ਰੀ ਅਨੰਦਪੁਰ ਸਾਹਿਬ ਨੇ ਕੀਤਾ। ਪ੍ਰਿੰਸੀਪਲ ਨੇ ਅੱਗੇ ਕਿਹਾ ਕਿ ਭਾਈ ਕਾਹਨ ਸਿੰਘ ਜੀ ਨਾਭਾ ਨੇ ਲਿਖਿਆ ਹੈ

ਕਿ “ਭਾਈ ਸੰਤੋਖ ਸਿੰਘ ਨੂੰ ਗੁਰਮਤਿ ਵਿਚ ਪੂਰੀ ਸ਼ਰਧਾ ਤੇ ਪ੍ਰੇਮ ਸੀ ਪਰ ਪੰਡਤਾਂ ਨੇ ਉਨ੍ਹਾਂ ਨੂੰ ਗੁੰਮਰਾਹ ਕਰ ਦਿਤਾ ਕਿ ਜੇ ਤੁਸੀਂ ਅਪਣੇ ਗੁਰੂਆਂ ਦੀ ਕਥਾ ਨੂੰ ਪੁਰਾਣਕ ਰੰਗਤ ਦੇਵੋਗੇ ਤਾਂ ਸਾਰਾ ਹਿੰਦੋਸਤਾਨ ਤੁਹਾਡੀਆਂ ਲਿਖਤਾਂ ਨੂੰ ਪਿਆਰ ਨਾਲ ਪੜ੍ਹੇਗਾ। ਸੰਤੋਖ ਸਿੰਘ ਜੀ ਦੇ ਅਕਾਲ ਚਲਾਣੇ ਤੋਂ ਬਾਅਦ ਵੀ ਪੰਥ ਦੀਆਂ ਦੁਸ਼ਮਣ ਤਾਕਤਾਂ ਨੇ ਉਨ੍ਹਾਂ ਦੀਆਂ ਲਿਖਤਾਂ ਵਿਚ ਰਲ-ਗਡ ਕੀਤਾ ਅਤੇ ਸਿੱਖ ਪੰਥ ਵਿਚ ਹਮੇਸ਼ਾ ਲਈ ਫ਼ੁਟ ਦਾ ਬੀਜ ਬੀਜ ਦਿਤਾ। ਗੁਰਬਾਣੀ ਵਿਚ ਅਲਫ਼ ਨੰਗੇ ਘੁੰਮਣ ਵਾਲਿਆਂ ਨੂੰ ਬ੍ਰਹਮ ਗਿਆਨੀ ਨਹੀਂ ਸਗੋਂ “ਮੂਰਖਿ ਅੰਧੈ ਪਤਿ ਗਵਾਈ” ਕਹਿ ਕੇ ਰੱਦ ਕੀਤਾ ਗਿਆ ਹੈ।

ਉਨ੍ਹਾਂ ਅੱਗੇ ਕਿਹਾ ਕਿ ਅਕਾਲ ਤਖ਼ਤ ਸਾਹਿਬ ਦੇ ਮੌਜੂਦਾ ਜਥੇਦਾਰ ਬਹੁਤ ਸੂਝਵਾਨ ਅਤੇ ਗੁਰਬਾਣੀ ਦੇ ਗਿਆਤਾ ਹਨ। ਆਸ ਹੈ ਕਿ ਉਹ ਪ੍ਰਚਾਰਕਾਂ ਅਤੇ ਵਿਦਵਾਨਾਂ ਨੂੰ ਅਕਾਲ ਤਖ਼ਤ ਸਾਹਿਬ 'ਤੇ ਪੇਸ਼ ਕਰਨ ਜਾਂ ਛੇਕਣ ਤੋਂ ਪਹਿਲਾਂ ਇਤਿਹਾਸ ਦੀ ਸੋਧ-ਸੁਧਾਈ ਲਈ ਯਤਨ ਕਰਨਗੇ। ਮੈਂ 'ਜਥੇਦਾਰ' ਨੂੰ ਅਪੀਲ ਕਰਦਾ ਹਾਂ ਕਿ ਸੂਰਜ ਪ੍ਰਕਾਸ਼ ਦੇ ਮਸਲੇ ਨੂੰ ਹੱਲ ਕਰਨ ਲਈ ਪੰਥਕ ਵਿਦਵਾਨਾਂ ਦੀ ਇਕ ਕਮੇਟੀ ਬਣਾ ਕੇ ਅਜਿਹੇ ਮਸਲਿਆਂ ਨੂੰ ਗੁਰਬਾਣੀ ਦੀ ਕਸਵੱਟੀ ਤੇ ਪਰਖ ਕੇ ਕੱਚੀਆਂ ਪਿੱਲੀਆਂ ਕਹਾਣੀਆਂ ਨੂੰ ਛਾਂਟ ਕੇ ਭਾਈ ਸੰਤੋਖ ਸਿੰਘ ਦੀ ਇਸ ਰਚਨਾ ਨੂੰ ਸ਼ੁਧ ਰੂਪ ਵਿਚ ਸਾਹਮਣੇ ਲਿਆਉਣ ਤਾਕਿ ਪੰਥਕ ਝਗੜਿਆਂ ਦਾ ਖ਼ਾਤਮਾ ਹੋ ਸਕੇ।