ਲਾਪਤਾ ਪਾਵਨ ਸਰੂਪਾਂ ਸਬੰਧੀ ਸ਼੍ਰੋਮਣੀ ਕਮੇਟੀ ਕੋਈ ਵੀ ਨਿਆਂ ਨਹੀਂ ਦੇ ਰਹੀ : ਮੁੱਛਲ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਪਿਛਲੇ ਲੰਮੇ ਸਮੇਂ ਤੋਂ ਸਿੱਖ ਸੰਸਥਾਵਾਂ ਦੇ ਆਗੂਆਂ ਦੀ ਹਮਾਇਤ ਨਾਲ ਮੋਰਚਾ ਲਾਇਆ ਹੋਇਆ ਹੈ

SGPC

ਅੰਮ੍ਰਿਤਸਰ  (ਸੁਖਵਿੰਦਰਜੀਤ ਸਿੰਘ ਬਹੋੜੂ): ਸ਼੍ਰੋਮਣੀ ਕਮੇਟੀ ਦੇ ਬਰੂਹਾਂ ਅੱਗੇ ਲਾਪਤਾ ਹੋਏ ਪਾਵਨ ਸਰੂਪ ਸਬੰਧਤ ਦੋਸ਼ੀਆਂ ਤੋਂ ਬਰਾਮਦ ਕਰਨ ਅਤੇ ਨਾ ਹੀ ਹੋਰ ਕੋਈ ਇਸ ਦਾ ਨਤੀਜਾ ਸਾਹਮਣੇ ਆਇਆ ਹੈ। ਪਿਛਲੇ ਲੰਮੇ ਸਮੇਂ ਤੋਂ ਸਿੱਖ ਸੰਸਥਾਵਾਂ ਦੇ ਆਗੂਆਂ ਦੀ ਹਮਾਇਤ ਨਾਲ ਮੋਰਚਾ ਲਾਇਆ ਹੋਇਆ ਹੈ । ਇਸ ਮੋਰਚੇ ਪ੍ਰਤੀ ਕੋਈ ਵੀ ਸਿੱਖ ਲੀਡਰਸ਼ਿਪ ਸੰਘਰਸ਼ ਨੂੰ ਤਿੱਖਾ ਕਰਨ ਵਾਸਤੇ ਸਾਹਮਣੇ ਨਹੀਂ ਆ ਰਹੀ ।

ਸਤਿਕਾਰ ਕਮੇਟੀਆਂ ਦੇ ਮੁਖੀ ਬਲਵੀਰ ਸਿੰਘ ਮੁੱਛਲ ਨੇ ਦਸਿਆ ਕਿ ਜਥੇਦਾਰ ਅਕਾਲ ਤਖ਼ਤ ਵੀ ਦੂਸਰੇ ਗਰੁਪ ਨਾਲ ਜੁੜਿਆ ਹੈ। ਮਗਰਮੱਛ ਫੜੇ ਨਹੀਂ ਜਾ ਰਹੇ। ਪਹਿਲਾਂ 328 ਸੀ ਹੁਣ ਹੋਰ ਵੱਧ ਗਏ ਹਨ। ਉਨ੍ਹਾਂ ਮੰਗ ਕੀਤੀ ਕਿ ਅਸਲ ਦੋਸ਼ੀ ਫੜ ਕੇ ਉਨ੍ਹਾਂ ਨੂੰ ਸਲਾਖਾਂ ਪਿੱਛੇ ਕੀਤਾ ਜਾਵੇ, ਜੇ ਪਰਚਾ ਦਰਜ ਹੋਇਆ ਤਾਂ ਉਹ ਸਾਨੂੰ ਦਿਖਾਇਆ ਜਾਵੇ।  ਉਨ੍ਹਾਂ ਦਾਅਵਾ ਕੀਤਾ ਕਿ ਜੇਕਰ ਜਥੇਦਾਰ ਅਕਾਲ ਤਖ਼ਤ ਖ਼ੁਦ ਫ਼ੈਸਲਾ ਕਰਦੇ ਤਾਂ ਸਥਿਤੀ ਹੋਰ ਹੋਣੀ ਸੀ।

ਹੁਣ ਫ਼ੈਸਲੇ ਸ਼੍ਰੋਮਣੀ ਕਮੇਟੀ ਅਧਿਕਾਰੀ ਕਰ ਰਹੇ ਹਨ, ਜੋ ਪਹਿਲਾਂ ਹੀ ਸ਼ੱਕ ਦੇ ਘੇਰੇ ਵਿਚ ਹਨ। ਜ਼ਿਕਰਯੋਗ ਹੈ ਕਿ 2015 ਵਿਚ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਲਾਪਤਾ ਹੋਏ ਸਨ ਪਰ ਉਸ ਸਮੇਂ ਵਿਧਾਨ ਸਭਾ ਦੀਆਂ ਚੋਣਾਂ ਹੋਣ ਕਰ ਕੇ ਬਾਦਲਾਂ ਨੇ ਠੰਢੇ ਬਸਤੇ ਵਿਚ ਪਵਾ ਦਿਤਾ। ਇਸ ਦਾ ਪਤਾ ਜਦ ਵਿਰੋਧੀ ਧਿਰ ਨੂੰ ਲੱਗਾ ਤਾਂ ਉਨ੍ਹਾਂ ਇਸ ਗੰਭੀਰ ਮਸਲੇ ਨੂੰ ਉਛਾਲ ਦਿਤਾ ਜਿਸ ਨਾਲ ਦੁਨੀਆਂ ਭਰ ਦੇ ਸਿੱਖਾਂ ਵਿਚ ਰੋਸ ਦੀ ਲਹਿਰ ਦੌੜ ਗਈ। ਹੁਣ ਇਸ ਸਬੰਧੀ ਕਮੇਟੀ ਵੀ ਪੜਤਾਲੀਆਂ ਰੀਪੋਰਟ ਜਥੇਦਾਰ ਨੂੰ ਸੌਂਪ ਦਿਤੀ ਪਰ ਉਸ ਦੀ ਜਾਂਚ ਨੂੰ ਜਨਤਕ ਨਹੀਂ ਕੀਤਾ ਗਿਆ ਜਿਸ ਕਰ ਕੇ ਵੀ ਵਿਰੋਧੀ ਧਿਰ ਨਿਰਾਸ਼ ਹੈ।