ਅੰਮ੍ਰਿਤਪਾਲ ਸਿੰਘ ਤੇ ਸਾਥੀਆਂ ਵਲੋਂ ਜੇਲ ਅੰਦਰ ਭੁੱਖ ਹੜਤਾਲ ਸਬੰਧੀ ‘ਜਥੇਦਾਰ’ ਨੇ ਦਿਤਾ ਤਿੱਖਾ ਪ੍ਰਤੀਕਰਮ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਵਕੀਲਾਂ ਨੂੰ ਮੁਲਾਕਾਤ ਵਾਸਤੇ ਤੁਰਤ ਇਜ਼ਾਜਤ ਦਿਤੀ ਜਾਵੇ

Giani Raghbir Singh


ਅੰਮ੍ਰਿਤਸਰ, 4 ਅਕਤੂਬਰ (ਕ੍ਰਿਸ਼ਨ ਸਿੰਘ ਦੁਸਾਂਝ) : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਡਿਬਰੂਗੜ੍ਹ ਜੇਲ੍ਹ ’ਚ ਨਜ਼ਰਬੰਦ ਅੰਮ੍ਰਿਤਪਾਲ ਸਿੰਘ ਤੇ ਸਾਥੀਆਂ ਵਲੋਂ ਸਰਕਾਰਾਂ ਦੇ ਵਤੀਰੇ ਤੋਂ ਦੁਖੀ ਹੋ ਕੇ ਅਪਣੇ ਹੱਕਾਂ ਤੇ ਅਧਿਕਾਰਾਂ ਲਈ ਸ਼ੁਰੂ ਕੀਤੀ ਭੁੱਖ ਹੜਤਾਲ ਬੇਹੱਦ ਦੁਖਦਾਈ ਹੈ। ਜਥੇਦਾਰ ਨੇ ਕਿਹਾ ਕਿ ਬੀਤੇ ਦਿਨੀਂ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵਲੋਂ ਡਿਬਰੂਗੜ੍ਹ ਜੇਲ ਵਿਖੇ ਅੰਮ੍ਰਿਤਪਾਲ ਸਿੰਘ ਦੇ ਪ੍ਰਵਾਰਕ ਮੈਂਬਰਾਂ ਅਤੇ ਉਸ ਦੇ ਵਕੀਲ ਨੂੰ ਮੁਲਾਕਾਤ ਦੀ ਲੋੜੀਂਦੀ ਇਜਾਜ਼ਤ ਨਾ ਦੇਣਾ ਠੀਕ ਨਹੀਂ। ਇਹ ਵੀ ਪਤਾ ਲੱਗਾ ਹੈ ਕਿ ਅੰਮ੍ਰਿਤਸਰ ਜੇਲ ਤੇ ਦੇਸ਼ ਦੀਆਂ ਹੋਰ ਜੇਲਾਂ ਵਿਚ ਨਜ਼ਰਬੰਦ ਸਿੰਘਾਂ ’ਚੋਂ ਕਈਆਂ ਨੂੰ ਸਿਹਤ ਸਮੱਸਿਆ ਬਣੀ ਹੋਈ ਹੈ ਪਰ ਉਨ੍ਹਾਂ ਨੂੰ ਮੈਡੀਕਲ ਸਿਹਤ ਸੇਵਾਵਾਂ ਵੀ ਠੀਕ ਤਰ੍ਹਾਂ ਨਹੀਂ ਦਿਤੀਆਂ ਜਾ ਰਹੀਆਂ। ਉਨ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਦੇਸ਼ ਕੀਤਾ ਕਿ ਤੁਰਤ ਹੀ ਇਹ ਮਾਮਲੇ ਮੁੱਖ ਮੰਤਰੀ ਪੰਜਾਬ ਸਰਕਾਰ ਪਾਸ ਉਠਾਏ ਜਾਣ ਤਾਂ ਜੋ ਨਜ਼ਰਬੰਦ ਸਿੰਘਾਂ ਦੇ ਮਨੁੱਖੀ ਅਧਿਕਾਰਾਂ ਦਾ ਘਾਣ ਨਾ ਹੋਵੇ। ਪੰਜਾਬ ਸਰਕਾਰ ਨੂੰ ਵੀ ਕਿਹਾ ਕਿ ਉਹ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਹਦਾਇਤ ਕਰਨ ਤਾਂ ਜੋ ਨਜ਼ਰਬੰਦ ਸਿੰਘਾਂ ਅਤੇ ਉਨ੍ਹਾਂ ਦੇ ਵਕੀਲਾਂ ਨੂੰ ਮੁਲਾਕਾਤ ਵਾਸਤੇ ਸਮੇਂ-ਸਮੇਂ ’ਤੇ ਤੁਰਤ ਇਜ਼ਾਜਤ ਦਿਤੀ ਜਾਵੇ।