Balwant Singh Rajoana: ਬਲਵੰਤ ਸਿੰਘ ਰਾਜੋਆਣਾ ਨੇ ਜੇਲ ਵਿਚ ਸ਼ੁਰੂ ਕੀਤੀ ਭੁੱਖ ਹੜਤਾਲ; ਕਿਹਾ, “ਅਪੀਲ ਵਾਪਸ ਹੋਣ ਤਕ ਜਾਰੀ ਰਹੇਗੀ ਹੜਤਾਲ”

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਆਗੂਆਂ ਵਲੋਂ ਕੀਤੇ ਕਿਸੇ ਵੀ ਵਾਅਦੇ ਨੂੰ ਮੰਨਣ ਦਾ ਕੋਈ ਆਧਾਰ ਨਜ਼ਰ ਨਹੀਂ ਆ ਰਿਹਾ: ਰਾਜੋਆਣਾ

Balwant Singh Rajoana started a hunger strike in jail

Balwant Singh Rajoana:  ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ ਵਿਚ ਕੇਂਦਰੀ ਜੇਲ ਪਟਿਆਲਾ ਵਿਚ ਬੰਦ ਬਲਵੰਤ ਸਿੰਘ ਰਾਜੋਆਣਾ ਨੇ ਮੰਗਲਵਾਰ ਨੂੰ ਭੁੱਖ ਹੜਤਾਲ ਸ਼ੁਰੂ ਕਰ ਦਿਤੀ ਹੈ। ਮਿਲੀ ਜਾਣਕਾਰੀ ਅਨੁਸਾਰ ਹਰ ਰੋਜ਼ ਦੀ ਤਰ੍ਹਾਂ ਮੰਗਲਵਾਰ ਸਵੇਰੇ ਜਦੋਂ ਜੇਲ ਸਟਾਫ਼ ਉਨ੍ਹਾਂ ਕੋਲ ਖਾਣਾ ਲੈ ਕੇ ਪਹੁੰਚਿਆ ਤਾਂ ਉਨ੍ਹਾਂ ਨੇ ਖਾਣ ਤੋਂ ਇਨਕਾਰ ਕਰ ਦਿਤਾ। ਬਲਵੰਤ ਸਿੰਘ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਰਾਜੋਆਣਾ ਉਨ੍ਹਾਂ ਨਾਲ ਮੁਲਾਕਾਤ ਵੀ ਕੀਤੀ। ਕਮਲਦੀਪ ਕੌਰ ਨੇ ਦਸਿਆ ਕਿ ਉਨ੍ਹਾਂ ਦਾ ਭਰਾ ਇਨਸਾਫ਼ ਲਈ ਭੁੱਖ ਹੜਤਾਲ ’ਤੇ ਹੈ।

ਇਸ ਦੌਰਾਨ ਰਾਜੋਆਣਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਭੇਜੀ ਚਿੱਠੀ ਵਿਚ ਲਿਖਿਆ ਕਿ 2012 ਵਿਚ ਰਾਸ਼ਟਰਪਤੀ ਨੂੰ ਦਿਤੀ ਗਈ ਰਹਿਮ ਅਪੀਲ ’ਤੇ ਪਿਛਲੇ 11 ਸਾਲ 8 ਮਹੀਨਿਆਂ ਵਿਚ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਕੋਈ ਫ਼ੈਸਲਾ ਨਹੀਂ ਕਰਵਾ ਸਕੇ। ਹੁਣ ਆਗੂਆਂ ਵਲੋਂ ਕੀਤੇ ਕਿਸੇ ਵੀ ਵਾਅਦੇ ਨੂੰ ਮੰਨਣ ਦਾ ਕੋਈ ਆਧਾਰ ਨਜ਼ਰ ਨਹੀਂ ਆ ਰਿਹਾ। ਉਨ੍ਹਾਂ ਕਿਹਾ ਕਿ ਮੈਂ ਅੱਜ ਤੋਂ ਭੁੱਖ ਹੜਤਾਲ ਸ਼ੁਰੂ ਕਰ ਰਿਹਾ ਹਾਂ। ਇਸ ਦੇ ਨਾਲ ਹੀ ਉਨ੍ਹਾਂ ਗਿਆਨੀ ਰਘਬੀਰ ਸਿੰਘ ਨੂੰ ਅਪੀਲ ਕੀਤੀ ਕਿ ਇਸ ਅਪੀਲ ਨੂੰ ਵਾਪਸ ਲੈਣ ਲਈ ਤੁਰੰਤ ਆਦੇਸ਼ ਜਾਰੀ ਕੀਤੇ ਜਾਣ ਕਿਉਂਕਿ ਅਪੀਲ ਵਾਪਸ ਹੋਣ ਤਕ ਮੇਰੀ ਭੁੱਖ ਹੜਤਾਲ ਜਾਰੀ ਰਹੇਗੀ। ਇਸ ਦੀ ਸਾਰੀ ਜ਼ਿੰਮੇਵਾਰੀ ਤੁਹਾਡੀ ਹੋਵੇਗੀ।  

ਰਾਜੋਆਣਾ ਨੇ ਲਿਖਿਆ, “ਇਸ ਤੋਂ ਪਹਿਲਾਂ ਵੀ ਮੈਂ ਪਿਛਲੇ ਤਕਰੀਬਨ ਇਕ ਮਹੀਨੇ ਵਿਚ ਤਿੰਨ ਚਿੱਠੀਆਂ ਲਿਖ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਆਦੇਸ਼ ’ਤੇ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ 25 ਮਾਰਚ 2012 ਨੂੰ ਦੇਸ਼ ਦੇ ਰਾਸ਼ਟਰਪਤੀ ਜੀ ਕੋਲ ਮੇਰੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿਚ ਬਦਲਣ ਲਈ ਪਾਈ ਗਈ ਅਪੀਲ ਨੂੰ ਵਾਪਸ ਲੈਣ ਲਈ ਆਦੇਸ਼ ਜਾਰੀ ਕਰਨ ਦੀ ਬੇਨਤੀ ਕਰ ਚੁੱਕਾ ਹਾਂ। ਕਿਉਂਕਿ ਰਾਸ਼ਟਰਪਤੀ ਕੋਲ ਪਾਈ ਗਈ ਕਿਸੇ ਵੀ ਅਪੀਲ ’ਤੇ ਰੂਟੀਨ ਵਿਚ 6 ਮਹੀਨੇ ਤੋਂ ਲੈ ਕੇ ਇਕ ਸਾਲ ਦੇ ਵਿਚ ਫੈਸਲਾ ਹੋ ਜਾਂਦਾ ਹੈ। ਪਰ ਇਸ ਅਪੀਲ ’ਤੇ ਤਾਂ ਪਿਛਲੇ 11 ਸਾਲ 8 ਮਹੀਨੇ ਤੋਂ ਨਾ ਤਾਂ ਕੇਂਦਰ ਸਰਕਾਰ ਨੇ ਹੀ ਕੋਈ ਫੈਸਲਾ ਕੀਤਾ ਅਤੇ ਨਾ ਹੀ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਅਪੀਲ ਤੇ ਕੋਈ ਫੈਸਲਾ ਹੀ ਕਰਵਾ ਸਕੇ”।

ਉਨ੍ਹਾਂ ਅੱਗੇ ਦਸਿਆ, “ਇਸ ਅਪੀਲ ’ਤੇ ਫੈਸਲਾ ਕਰਵਾਉਣ ਲਈ ਮੈਂ ਨਵੰਬਰ 2016 ਨੂੰ ਪਹਿਲੀ ਵਾਰ ਭੁੱਖ ਹੜਤਾਲ ਰੱਖੀ। ਉਸ ਸਮੇਂ ਪੰਜਾਬ ਅਤੇ ਕੇਂਦਰ ਵਿਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੀ ਭਾਈਵਾਲ ਸਰਕਾਰ ਸੀ। ਉਸ ਸਮੇਂ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਨੇ ਭੁੱਖ ਹੜਤਾਲ ਤੋਂ ਬਾਅਦ ਮੈਨੂੰ ਲਿਖਤੀ ਭਰੋਸਾ ਦੇ ਕੇ ਮੇਰੀ ਭੁੱਖ ਹੜਤਾਲ ਖ਼ਤਮ ਕਰਵਾਈ ਕਿ ਉਹ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨਾਲ ਤਾਲਮੇਲ ਕਰਕੇ ਇਸ ਅਪੀਲ ਤੇ ਫੈਸਲਾ ਕਰਵਾਉਣ ਦੀ ਪੂਰੀ ਕੋਸ਼ਿਸ਼ ਕਰਨਗੇ। ਪਰ ਥੋੜ੍ਹੀ ਬਹੁਤੀ ਰਸਮੀ ਕਾਰਵਾਈ ਅਤੇ ਅਖ਼ਬਾਰੀ ਬਿਆਨਾਂ ਤੋਂ ਇਲਾਵਾ ਇਸ ਮਸਲੇ ਵਿਚ ਕੁੱਝ ਵੀ ਨਹੀਂ ਕੀਤਾ ਗਿਆ। ਫਿਰ ਮੈਂ ਜੁਲਾਈ 2018 ਨੂੰ ਇਸ ਅਪੀਲ ’ਤੇ ਫੈਸਲਾ ਕਰਵਾਉਣ ਲਈ ਦੂਸਰੀ ਵਾਰ ਭੁੱਖ ਹੜਤਾਲ ਸ਼ੁਰੂ ਕੀਤੀ । ਉਸ ਸਮੇਂ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਮੇਰੀ ਭੁੱਖ ਹੜਤਾਲ ਤੋਂ ਬਾਅਦ 20 ਜੁਲਾਈ 2018 ਨੂੰ ਮੈਨੂੰ ਦੁਆਰਾ ਲਿਖਤੀ ਭਰੋਸਾ ਦਿਤਾ ਕਿ ਉਹ ਕੇਂਦਰੀ ਗ੍ਰਹਿ ਮੰਤਰਾਲੇ ਤਕ ਪਹੁੰਚ ਕਰਕੇ ਇਸ ਅਪੀਲ ’ਤੇ ਜਲਦੀ ਤੋਂ ਜਲਦੀ ਫੈਸਲਾ ਕਰਵਾਉਣਗੇ। ਭੁੱਖ ਹੜਤਾਲ ਖ਼ਤਮ ਕਰਨ ਤੋਂ ਬਾਅਦ ਥੋੜ੍ਹੀ ਬਹੁਤੀ ਰਸਮੀ ਕਾਰਵਾਈ ਤੋਂ ਬਾਅਦ ਫਿਰ ਮਸਲਾ ਉੱਥੇ ਦਾ ਉੱਥੇ ਹੀ ਰਿਹਾ। ਜੁਲਾਈ 2020 ਨੂੰ ਭੁੱਖ ਹੜਤਾਲ ਦੇ ਐਲਾਨ ਸਮੇਂ ਸਮੁੱਚੀ ਲੀਡਰਸ਼ਿਪ ਨੇ ਮੇਰੇ ਨਾਲ ਮੁਲਾਕਾਤ ਕਰਕੇ ਮੈਨੂੰ ਹੜਤਾਲ ਨਾ ਰੱਖਣ ਦੀ ਬੇਨਤੀ ਕੀਤੀ ਪਰ ਅੱਜ ਤਕ ਇਹ ਵਾਅਦੇ ਵੀ ਵਫ਼ਾ ਨਹੀਂ ਹੋ ਸਕੇ”।

ਬਲਵੰਤ ਸਿੰਘ ਰਾਜੋਆਣਾ ਨੇ ਕਿਹਾ, “ਮੇਰਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਜੀ ਨਾਲ ਇਹ ਸ਼ਿਕਵਾ ਜਰੂਰ ਹੈ ਕਿ ਉਨ੍ਹਾਂ ਨੇ ਇਸ ਮਸਲੇ ਦੇ ਹੱਲ ਲਈ ਆਦੇਸ਼ ਤਾਂ ਜ਼ਰੂਰ ਜਾਰੀ ਕੀਤੇ ਪਰ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਤੇ ਹੋਰ ਸਬੰਧਤ ਧਿਰਾਂ ਦੀ ਜਵਾਬਦੇਹੀ ਤੈਅ ਨਹੀਂ ਕੀਤੀ। ਉਨ੍ਹਾਂ ਨੂੰ ਬੁਲਾ ਕੇ ਇਹ ਨਹੀਂ ਪੁੱਛਿਆ ਕਿ ਤੁਸੀਂ ਇਸ ਆਦੇਸ਼ ਨੂੰ ਲਾਗੂ ਕਿਉਂ ਨਹੀਂ ਕਰਵਾ ਸਕੇ। ਸਾਡੀਆਂ ਸੰਸਥਾਵਾਂ ਦੇ ਜਿਹੜੇ ਆਗੂਆਂ ਨੂੰ ਦੇਸ਼ ਦਾ ਰਾਸ਼ਟਰਪਤੀ ਅਤੇ ਗ੍ਰਹਿ ਮੰਤਰਾਲਾ ਸਮਾਂ ਹੀ ਨਾ ਦੇਵੇ ਉਨ੍ਹਾਂ ਹੀ ਆਗੂਆਂ ਨੂੰ ਇਸ ਅਪੀਲ ’ਤੇ ਫੈਸਲਾ ਕਰਵਾਉਣ ਲਈ ਵਾਰ-ਵਾਰ  ਆਦੇਸ਼ ਜਾਰੀ ਕਰੀ ਜਾਣਾ ਮੇਰੀ ਸਮਝ ਤੋਂ ਪਰੇ ਹੈ”।

ਉਨ੍ਹਾਂ ਕਿਹਾ, “ਸਾਡੀ ਕੌਮ ਦੇ ਜਿਹੜੇ ਆਗੂ ਤਕਰੀਬਨ ਇਕ ਮਹੀਨਾ ਪਹਿਲਾਂ ਸਾਡੇ ਵਲੋਂ ਵਾਰ-ਵਾਰ ਕੀਤੀਆਂ ਬੇਨਤੀਆਂ ਦੇ ਬਾਵਜੂਦ ਸਿਰਫ਼ ਇਹ ਗੱਲ ਕਹਿਣ ਨੂੰ ਤਿਆਰ ਨਹੀਂ ਸਨ ਕਿ ਕਿਸੇ ਵਿਅਕਤੀ ਨੂੰ 28 ਸਾਲ ਜੇਲ ਵਿਚ ਰੱਖਣਾ ਅਤੇ 12 ਸਾਲ ਉਸ ਦੀ ਅਪੀਲ ’ਤੇ ਫੈਸਲਾ ਹੀ ਨਾ ਕਰਨਾ, ਇਹ ਬਹੁਤ ਵੱਡੀ ਬੇਇਨਸਾਫ਼ੀ ਹੈ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ। ਉਹੀ ਆਗੂ ਮੇਰੇ ਲਈ ਜਾਂ ਇਸ ਅਪੀਲ ’ਤੇ ਫੈਸਲਾ ਕਰਵਾਉਣ ਲਈ ਕੋਈ ਸੁਹਿਰਦ ਯਤਨ ਕਰਨਗੇ , ਇਸ ਗੱਲ ’ਤੇ ਮੈਂ ਕਿਵੇਂ ਯਕੀਨ ਕਰਾਂ ਅਤੇ ਕਿਉਂ ਕਰਾਂ?”