ਜਥੇਦਾਰ ਕਾਉਂਕੇ ਕਤਲ ਦੇ ਮਸਲੇ 'ਤੇ ਬੋਲੇ ਦਮਦਮੀ ਟਕਸਾਲ ਦੇ ਮੁਖੀ, 'ਹੁਣ ਵੀ ਇਨਸਾਫ਼ ਦੀ ਉਮੀਦ ਨਹੀਂ'
SGPC ਨੇ ਬਾਦਲਾਂ ਦੇ ਕਹੇ 'ਤੇ ਕੰਮ ਕਰਨਾ"
ਅੰਮ੍ਰਿਤਸਰ - ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਕਾਰਜਕਾਰੀ ਜਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ ਦੇ ਕਤਲ ਨੂੰ ਲੈ ਕੇ ਦਮਦਮੀ ਟਕਸਾਲ ਦੇ ਮੁਖੀ ਅਮਰੀਕ ਸਿੰਘ ਅਜਨਾਲਾ ਨੇ ਅਪਣੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਲਈਵ ਹੋ ਕੇ ਕਿਹਾ ਕਿ ਕੌਮੀ ਜਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ ਨੇ ਹਮੇਸ਼ਾ ਹੱਕ-ਸੱਚ ਦੀ ਗੱਲ ਕੀਤੀ ਸੀ ਤੇ ਉਹ ਅਪਣੇ ਬਿਆਨਾਂ 'ਤੇ ਕਾਇਮ ਰਹਿੰਦੇ ਸੀ ਤੇ ਇਕ ਸੱਚੇ ਸਿੱਖ ਸਨ।
ਉਹਨਾਂ ਨੇ ਕਿਹਾ ਕ ਭਾਈ ਕਾਉਂਕੇ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਸੰਗਤ ਕੀਤੀ ਸੀ ਤੇ ਜੋ ਕਿ ਹੱਕ ਸੱਚ ਦੀ ਗੱਲ ਕਰਦਾ ਹੈ ਉਸ ਨੂੰ ਸਮੇਂ ਦੀਆਂ ਸਰਕਾਰਾਂ ਝੱਲਦੀਆਂ ਨਹੀਂ। ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਕੋਹ-ਕੋਹ ਕੇ ਮਾਰਿਆ ਗਿਆ ਤੇ ਲੰਮਾ ਸਮਾਂ ਹੋ ਗਿਆ ਪਰ ਅੱਜ ਤੱਕ ਉਹਨਾਂ ਦੇ ਕੇਸ ਦੀ ਸੁਣਵਾਈ ਨਹੀਂ ਕੀਤੀ ਗਈ ਤੇ ਸ਼ਾਇਦ ਹੁਣ ਅੱਗੇ ਵੀ ਕੋਈ ਸੁਣਵਾਈ ਨਹੀਂ ਹੋਵੇਗੀ।
ਅਮਰੀਕ ਸਿੰਘ ਨੇ ਕਿਹਾ ਕਿ ਆਮ ਤੌਰ 'ਤੇ ਜਦੋਂ ਚੋਣਾਂ ਹੁੰਦੀਆਂ ਹਨ ਉਦੋਂ ਹੀ ਸਾਰੇ ਮੁੱਦੇ ਉੱਠਦੇ ਹਨ ਪਰ ਕੌਮੀ ਮੁੱਦਿਆਂ ਨੂੰ ਭੁਲਾ ਦਿੱਤਾ ਜਾਂਦਾ ਹੈ। ਉਹਨਾਂ ਨੇ ਕਿਹਾ ਕਿ ਅਜਿਹੇ ਕੌਮੀ ਮਸਲੇ ਹੱਲ ਕਰਨ ਲਈ ਸਾਨੂੰ ਸਾਰਿਆਂ ਨੂੰ ਕੌਮੀ ਇਕੱਤਰਤਾ ਕਰਨੀ ਚਾਹੀਦੀ ਹੈ ਕੌਮੀ ਝੰਡੇ ਦੀ ਗੱਲ ਕਰਨੀ ਚਾਹੀਦੀ ਹੈ। ਜਿੰਨਾ ਸਮਾਂ ਇਹ ਇਕੱਤਰਤਾ ਨਹੀਂ ਹੁੰਦੀ ਉਨਾਂ ਸਮਾਂ ਮਸਲਿਆ ਦਾ ਹੱਲ ਨਹੀਂ ਹੋਵੇਗਾ।
ਉਹਨਾਂ ਨੇ ਕਿਹਾ ਕਿ ਭਾਈ ਕਾਉਂਕੇ ਦੇ ਕੁੱਝ ਕੁ ਦੋਸ਼ੀਆਂ ਦੀ ਤਾਂ ਮੌਤ ਹੋ ਗਈ ਹੈ ਪਰ ਜੋ ਬਾਕੀ ਰਹਿੰਦੇ ਹਨ, ਉਹਨਾਂ ਨੂੰ ਸਜ਼ਾ ਦਿਵਾਉਣ ਲਈ ਸਾਨੂੰ ਕੌਮੀ ਇਕੱਤਰਤਾ ਕਰਨੀ ਪੈਣੀ ਹੈ। ਪੰਜ ਮੈਂਬਰੀ ਕਮੇਟੀ ਦੀ ਗੱਲ ਕਰਦਿਆਂ ਉਹਨਾਂ ਨੇ ਕਿਹਾ ਕਿ ਇਹ ਕਮੇਟੀ SGPC ਦੀ ਨਹੀਂ ਬਲਕਿ ਬਾਦਲ ਪਰਿਵਾਰ ਦੀ ਹੈ ਤੇ ਜਥੇਦਾਰ ਵੀ ਬਾਦਲ ਪਰਿਵਾਰ ਦਾ ਹੈ ਤੇ ਉਹ ਜੋ ਕਹਿਣਗੇ ਹੋਵੇਗਾ ਉਹੀ। ਉਹਨਾਂ ਨੇ ਕਿਹਾ ਕਿ ਜਿਹੜੇ ਬਾਦਲ ਆਪ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀ ਹਨ ਉਹ ਕਿੱਥੋਂ ਇਨਸਾਫ਼ ਦਿਵਾ ਦੇਣਗੇ ਤੇ ਨਾ ਹੀ ਕੌਮ ਉਹਨਾਂ ਦੇ ਇਨਸਾਫ਼ ਤੋਂ ਸੰਤੁਸ਼ਟ ਹੋਵੇਗੀ।
ਅਮਰੀਕ ਸਿੰਘ ਨੇ ਕਿਹਾ ਕਿ 25 ਸਾਲ ਪਹਿਲਾਂ ਵੀ ਕੁਝ ਨਹੀਂ ਹੋਇਆ ਤੇ ਹੁਣ ਵੀ ਇਨਸਾਫ਼ ਦੀ ਉਮੀਦ ਨਹੀਂ ਹੈ, ਬਾਦਲਾਂ ਦੇ ਕਹੇ 'ਤੇ ਹੀ SGPC ਨੇ ਕੰਮ ਕਰਨਾ ਹੈ ਤੇ ਭਾਈ ਕਾਉਂਕੇ ਨੂੰ ਇਨਸਾਫ਼ ਦਿਵਾਉਣ ਲਈ ਕੌਮ ਨੂੰ ਇਕੱਤਰਤਾ ਕਰਨੀ ਪਵੇਗੀ।