‘ਸਿੱਖ ਪੰਥਕ ਦਲ’ ਬਣਾ ਕੇ ‘ਢੋਲ’ ਦੇ ਚੋਣ ਨਿਸ਼ਾਨ ’ਤੇ ਹਰਿਆਣਾ ਗੁਰਦਵਾਰਾ ਚੋਣਾਂ ਲੜ ਰਿਹੈ ਬਾਦਲ ਦਲ
19 ਜਨਵਰੀ ਐਤਵਾਰ ਨੂੰ ਵੋਟਾਂ, ਨਤੀਜੇ ਉਸੇ ਸਮੇਂ ਦਿਨ ਆਉਣਗੇ ਸ਼ਾਮ ਨੂੰ
ਚੰਡੀਗੜ੍ਹ(ਜੀ.ਸੀ.ਭਾਰਦਵਾਜ) : ਦਸ ਸਾਲ ਪਹਿਲਾਂ ਹਰਿਆਣਾ ਦੀ ਵਖਰੀ ਗੁਰਦਵਾਰਾ ਕਮੇਟੀ ਬਾਰੇ 2014 ਵਿਚ ਉਸ ਵੇਲੇ ਦੀ ਕਾਂਗਰਸ ਸਰਕਾਰ ਵਲੋਂ ਵਿਧਾਨ ਸਭਾ ਵਿਚ ਪਾਸ ਕੀਤੇ ਐਕਟ ਅਨੁਸਾਰ ਗੁਰਦਵਾਰਾ ਚੋਣ ਕਮਿਸ਼ਨਰ ਦੇ ਹਾਈ ਕੋਰਟ ਵਿਚ ਦਿਤੇ ਹਲਫ਼ਨਾਮੇ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਇਸ ਗੁਰਦਵਾਰਾ ਚੋਣਾਂ ਵਿਚ ਹਿੱਸਾ ਨਹੀਂ ਲੈ ਸਕਦਾ, ਦੇ ਫ਼ਲਸਰੂਪ ਹੁਣ ਅਕਾਲੀ ਦਲ ਨੇ ਬਤੌਰ ਹਰਿਆਣਾ ਸਿੱਖ ਪੰਥਕ ਦਲ ਦੇ ਨਾਮ ’ਤੇ ਅਪਣੇ ਉਮੀਦਵਾਰ ਖੜੇ ਕੀਤੇ ਹਨ।
ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਸ. ਬਲਵਿੰਦਰ ਸਿੰਘ ਭੂੰਦੜ ਨੇ ਦਸਿਆ ਕਿ ਹਰਿਆਣਾ ਦੀ ਵਖਰੀ ਗੁਰਦਵਾਰਾ ਕਮੇਟੀ ਵਾਸਤੇ ਇਹ ਧਾਰਮਕ ਚੋਣਾਂ ਲੜਨ ਵਾਸਤੇ ਸ. ਬਲਦੇਵ ਸਿੰਘ ਕੈਮਪੁਰਾ ਤੇ ਸ. ਰਘੁਜੀਤ ਵਿਰਕ ਨੂੰ ਉਥੇ 7 ਮੈਂਬਰੀ ਕਮੇਟੀ ਦਾ ਇੰਚਾਰਜ ਲਗਾਇਆ ਹੈ। ਜਿਨ੍ਹਾਂ ਦੀ ਦੇਖ ਰੇਖ ਵਿਚ ਇਹ ਚੋਣਾਂ ਲੜੀਆਂ ਜਾ ਰਹੀਆ ਹਨ। ਰੋਜ਼ਾਨਾ ਸਪੋਕਸਮੈਨ ਨਾਲ ਕੀਤੀ ਵਿਸ਼ੇਸ਼ ਗੱਲਬਾਤ ਦੌਰਾਨ ਸ. ਬਲਦੇਵ ਸਿੰਘ ਕੈਮਪੁਰਾ ਨੇ ਦਸਿਆ ਕਿ ਕੁਲ 40 ਸੀਟਾਂ ਵਿਚੋਂ 19 ਸੀਟਾਂ ’ਤੇ ਹਰਿਆਣਾ ਸਿੱਖ ਪੰਥਕ ਦਲ ਦੇ ਅਪਣੇ ਉਮੀਦਵਾਰ ਚੋਣ ਲੜ ਰਹੇ ਹਨ ਅਤੇ ਬਾਕੀ 21 ਸੀਟਾਂ ’ਤੇ ਕਿਸਾਨ ਜਥੇਬੰਦੀਆਂ, ਏਕਤਾ ਦਲ ਅਤੇ ਆਜ਼ਾਦ ਉਮੀਦਵਾਰਾਂ ਨਾਲ ਚੋਣ ਸਮਝੌਤਾ ਕੀਤਾ ਗਿਆ ਹੈ।
ਸ. ਕੈਮਪੁਰਾ ਨੇ ਦਸਿਆ ਕਿ ਸਿੱਖ ਪੰਥਕ ਦਲ ਨੂੰ ‘ਢੋਲ’ ਦਾ ਚੋਣ ਨਿਸ਼ਾਨ ਮਿਲਿਆ ਹੈ ਅਤੇ ਨਿਯਮਾਂ ਮੁਤਾਬਕ ਸਿਆਸੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਚੋਣ ਨਿਸ਼ਾਨ ਤੱਕੜੀ ਮਨ੍ਹਾ ਕਰ ਦਿਤਾ ਗਿਆ ਹੈ। ਉਨ੍ਹਾਂ ਇਹ ਵੀ ਦਸਿਆ ਕਿ ਅੰਬਾਲਾ ਜ਼ਿਲ੍ਹੇ ਵਿਚ ਪੰਥਕ ਦਲ ਦੇ 4, ਯਮੁਨਾਨਗਰ ਵਿਚ 2, ਕੁਰੂਕਸ਼ੇਤਰ ਵਿਚ 3, ਕੈਥਲ ਵਿਚ 3 ਅਤੇ ਬਾਕੀ ਇਕ ਇਕੋ, ਦੋ ਦੋ ਉਮੀਦਵਾਰ ਕਰਨਾਲ, ਹਿਸਾਰ, ਸਿਰਸਾ ਅਤੇ ਡੱਬਵਾਲੀ ਵਿਚ ਖੜੇ ਕੀਤੇ ਹਨ ਜਦੋਂ ਕਿ ਬਾਕੀ ਸੀਟਾਂ ’ਤੇ ਦੂਜੇ ਦਲਾਂ ਨਾਲ ਚੋਣ ਸਮਝੌਤਾ ਕੀਤਾ ਗਿਆ ਹੈ।
ਹਰਿਆਣਾ ਸਿੱਖ ਗੁਰਦਵਾਰਾ ਕਮੇਟੀ ਚੋਣਾਂ ਲਈ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਭਰਨ, ਕਾਗ਼ਜ਼ਾਂ ਦੀ ਪੜਤਾਲ, ਨਾਮ ਵਾਪਸ ਲਏ ਜਾਣ ਅਤੇ ਚੋਣ ਨਿਸ਼ਾਨ ਅਲਾਟ ਕੀਤੇ ਜਾਣ ਦੀ ਪ੍ਰਕਿਰਿਆ ਤਿੰਨ ਦਿਨ ਪਹਿਲਾ ਯਾਨੀ 2 ਜਨਵਰੀ ਨੂੰ ਖ਼ਤਮ ਹੋ ਚੁੱਕੀ ਸੀ। ਹੁਣ ਤਾਂ ਚੋਣ ਪ੍ਰਚਾਰ ਚਲ ਰਿਹਾ ਹੈ। ਵੋਟਾਂ 19 ਜਨਵਰੀ ਨੂੰ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤਕ ਪੈਣਗੀਆਂ। ਨਤੀਜੇ ਵੀ ਉਸੇ ਸ਼ਾਮ ਕੱਢੇ ਜਾਣਗੇ।
ਗੁਰਦਵਾਰਾ ਚੋਣ ਕਮਿਸ਼ਨ ਦੇ ਸੂਤਰਾਂ ਅਨੁਸਾਰ ਹਰਿਆਣਾ ਦੇ ਸਾਰੇ ਜ਼ਿਲ੍ਹਿਆਂ ਵਿਚ ਕੁਲ ਸਿੱਖ ਵੋਟਰਾਂ ਦੀ ਗਿਣਤੀ 3 ਲੱਖ ਤੋਂ ਉਪਰ ਹੈ। ਸੂਤਰਾਂ ਨੇ ਇਹ ਵੀ ਦਸਿਆ ਕਿ ਵੋਟਰਾਂ ਦੀਆਂ ਲਿਸਟਾਂ 10 ਜਨਵਰੀ ਤਕ ਫ਼ਾਈਨਲ ਕੀਤੀਆਂ ਜਾ ਰਹੀਆਂ ਹਨ।