ਸੁਖਬੀਰ ਬਾਦਲ ਧੜੇ ਵਲੋਂ ਅਕਾਲ ਤਖ਼ਤ ਦੇ ਪੂਰੇ ਹੁਕਮ ਮੰਨਣ ਤੋਂ ਆਨਾਕਾਨੀ ਬਾਅਦ ਹੁਣ ਬਾਗ਼ੀ ਧੜਾ ਵੀ ਮੁੜ ਸਰਗਰਮ ਹੋਇਆ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਅਕਾਲ ਤਖ਼ਤ ਦੇ ਫ਼ੈਸਲੇ ਇਨ-ਬਿਨ ਲਾਗੂ ਨਾ ਹੋਣ ’ਤੇ ਪਾਰਟੀ ਬਣਾਉਣ ਬਾਰੇ ਲੈਣਗੇ ਅੰਤਮ ਫ਼ੈਸਲਾ

Gurpartap Singh WadalaGurpartap Singh Wadala news in punjabi

ਚੰਡੀਗੜ੍ਹ (ਭੁੱਲਰ) : ਅਕਾਲੀ ਦਲ ਬਾਦਲ ਤੋਂ ਵੱਖ ਹੋਏ ਬਾਗ਼ੀ ਧੜੇ ਨਾਲ ਸਬੰਧਤ ਪ੍ਰਮੁੱਖ ਅਕਾਲੀ ਆਗੂ ਵੀ ਸੁਖਬੀਰ ਬਾਦਲ ਧੜੇ ਵਲੋਂ ਅਕਾਲ ਤਖ਼ਤ ਦੇ ਪੂਰੇ ਹੁਕਮ ਮੰਨਣ ਤੋਂ ਆਨਾਕਾਨੀ ਕਰਨ ਬਾਅਦ ਮੁੜ ਸਰਗਰਮ ਹੋ ਗਏ ਹਨ। ਭਾਵੇਂ 2 ਦਸੰਬਰ ਨੂੰ ਅਕਾਲ ਤਖ਼ਤ ਵਲੋਂ ਚੁਲ੍ਹੇ ਸਮੇਟ ਕੇ ਦੋਹਾਂ ਅਕਾਲੀ ਧੜਿਆਂ ਨੂੰ ਇਕ ਹੋਣ ਦੇ ਹੁਕਮਾਂ ਬਾਅਦ ਇਨ੍ਹਾਂ ਬਾਗ਼ੀ ਆਗੂਆਂ ਨੇ ਅਕਾਲੀ ਸੁਧਾਰ ਲਹਿਰ ਨੂੰ ਭੰਗ ਕਰ ਦਿਤਾ ਸੀ ਪਰ ਸੁਖਬੀਰ ਬਾਦਲ ਤੇ ਉਸ ਦੇ ਸਮਰਥਕ ਹੋਰ ਕੁੱਝ ਆਗੂਆਂ ਦੇ ਅਸਤੀਫ਼ੇ ਪਾਰਟੀ ਦੀ ਵਰਕਿੰਗ ਕਮੇਟੀ ਨੂੰ ਪ੍ਰਵਾਨ ਕਰਨ ਦੇ ਹੁਕਮ ਅੱਜ ਤਕ ਲਾਗੂ ਨਹੀਂ ਕੀਤੇ।

ਨਾ ਹੀ ਅਕਾਲ ਤਖ਼ਤ ਵਲੋਂ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਬਣਾਈ 7 ਮੈਂਬਰੀ ਕਮੇਟੀ ਦੀ ਅਗਵਾਈ ਹੇਠ ਅਕਾਲੀ ਦਲ ਦੀ ਨਵੀਂ ਭਰਤੀ ਦਾ ਕੰਮ ਸ਼ੁਰੂ ਕੀਤਾ ਗਿਆ ਹੈ, ਉਲਟਾ ਸੁਖਬੀਰ ਬਾਦਲ ਮੁੜ ਸਰਗਰਮ ਦਿਖ ਰਹੇ ਹਨ ਅਤੇ ਵਰਕਿੰਗ ਕਮੇਟੀ ਦੀ ਮੀਟਿੰਗ ਬੁਲਾਉਣ ਦੀ ਥਾਂ ਮਾਘੀ ’ਤੇ ਸਿਆਸੀ ਕਾਨਫ਼ਰੰਸ ਦੀਆਂ ਤਿਆਰੀਆਂ ਵਿੱਢ ਦਿਤੀਆਂ ਹਨ।

ਇਸ ਸਥਿਤੀ ਦੇ ਮੱਦੇਨਜ਼ਰ ਹੁਣ ਭੰਗ ਅਕਾਲੀ ਸੁਧਾਰ ਲਹਿਰ ਦੇ ਆਗੂ ਮੁੜ ਹਰਕਤ ਵਿਚ ਆ ਚੁੱਕੇ ਹਨ ਅਤੇ ਉਨ੍ਹਾਂ ਨੇ ਬੀਤੇ ਦਿਨ ਚੰਡੀਗੜ੍ਹ ਵਿਚ ਮੀਟਿੰਗ ਕਰ ਕੇ ਅਪਣੀ ਅਗਲੀ ਰਣਨੀਤੀ ਉਪਰ ਚਰਚਾ ਕੀਤੀ ਹੈ। ਇਸ ਮੀਟਿੰਗ ਵਿਚ ਗੁਰਪ੍ਰਤਾਪ ਸਿੰਘ ਵਡਾਲਾ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਪਰਮਿੰਦਰ ਸਿੰਘ ਢੀਂਡਸਾ, ਬੀਬੀ ਜਗੀਰ ਕੌਰ, ਸੁਰਜੀਤ ਸਿੰਘ ਰੱਖੜਾ, ਸਰਵਣ ਸਿੰਘ ਫ਼ਿਲੌਰ, ਸਤਵਿੰਦਰ ਸਿੰਘ ਟੌਹੜਾ ਤੇ ਚਰਨਜੀਤ ਸਿੰਘ ਬਰਾੜ ਆਦਿ ਆਗੂ ਸ਼ਾਮਲ ਸਨ।

ਮਿਲੀ ਜਾਣਕਾਰੀ ਮੁਤਾਬਕ ਇਸ ਮੀਟਿੰਗ ਵਿਚ ਇਸ ਗੱਲ ਉਪਰ ਸਹਿਮਤੀ ਸੀ ਕਿ ਜੇ ਸੁਖਬੀਰ ਧੜਾ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਨੂੰ ਪੂਰੀ ਤਰ੍ਹਾਂ ਲਾਗੂ ਨਹੀਂ ਕਰਦਾ ਤਾਂ ਨਵਾਂ ਅਕਾਲੀ ਦਲ ਬਣਾਉਣ ਲਈ ਤਿਆਰੀ ਸ਼ੁਰੂ ਕੀਤੀ ਜਾਵੇ। ਹੋਰ ਆਗੂਆਂ ਨੂੰ ਨਾਲ ਜੋੜਿਆ ਜਾਵੇ। ਜੇਕਰ ਅਕਾਲ ਤਖ਼ਤ ਸਾਹਿਬ ਦੇਹੁਕਮ ਅਗਲੇ ਦਿਨਾਂ ਵਿਚ ਲਾਗੂ ਨਹੀਂ ਹੁੰਦੇ ਤਾਂ ਵਿਸਾਖੀ ਤੋਂ ਪਹਿਲਾਂ ਪਾਰਟੀ ਦਾ ਢਾਂਚਾ ਖੜਾ ਕਰਨ ਦੀ ਵਿਉਂਤਬੰਦੀ ਕੀਤੀ ਜਾਵੇ। ਵਿਸਾਖੀ ਮੌਕੇ ਬਾਗ਼ੀ ਅਕਾਲੀ ਧੜੇ ਦੇ ਨੇਤਾ ਅਪਣੀ ਵਖਰੀ ਜਥੇਬੰਦੀ  ਦਾ ਐਲਾਨ ਕਰ ਸਕਦੇ ਹਨ। ਮੀਟਿੰਗ ਤੋਂ ਬਾਅਦ ਵਡਾਲਾ ਨੇ ਕਿਹਾ ਕਿ ਹਾਲੇ ਨਵੀਂ ਪਾਰਟੀ ਬਣਾਉਣ ਲਈ ਕਾਹਲ ਨਹੀਂ ਕੀਤੀ ਜਾਵੇਗੀ ਅਤੇ ਪਹਿਲਾਂ ਅਕਾਲ ਤਖ਼ਤ ਸਾਹਿਬ ਤੋਂ 2 ਦਸੰਬਰ ਦੇ ਹੋਏ  ਫ਼ੈਸਲੇ ਲਾਗੂ ਕਰਵਾਉਣ ਨੂੰ ਪਹਿਲ ਹੋਵੇਗੀ। 

ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਵੀ ਇਸ ਬਾਰੇ ਮੁੜ ਅਪੀਲ ਕੀਤੀ ਗਈ ਹੈ, ਤਾਂ ਜੋ ਅਕਾਲੀ ਦਲ ਨੂੰ ਮਜ਼ਬੂਤ ਕੀਤਾ ਜਾ ਸਕੇ। ਵਡਾਲਾ ਨੇ ਦਸਿਆ ਕਿ ਅਗਲੇ ਦਿਨਾਂ ਵਿਚ ਸਿੱਖ ਬੁੱਧੀਜੀਵੀਆਂ ਦੇ ਸੈਮੀਨਾਰ ਕਰਵਾ ਕੇ ਪੰਥਕ ਮੁੱਦਿਆਂ ਉਪਰ ਆਮ ਰਾਏ ਬਣਾਈ ਜਾਵੇਗੀ ਤਾਂ ਜੋ ਭਵਿੱਖ ਦੀ ਰਣਨੀਤੀ ਲਈ  ਸਹੀ ਫ਼ੈਸਲੇ ਲਏ ਜਾ ਸਕਣ। ਇਹ ਵੀ ਜ਼ਿਕਰਯੋਗ ਹੈ ਕਿ ਬਾਗ਼ੀ ਧੜੇ ਦੇ ਆਗੂਆਂ ਨੇ ਸੁਖਦੇਵ ਸਿੰਘ ਢੀਂਡਸਾ ਦੀ ਰਿਹਾਇਸ਼ ’ਤੇ ਮੀਟਿੰਗ ਤੋਂ ਪਹਿਲਾਂ ਅਕਾਲੀ ਦਲ 1920 ਦੇ ਪ੍ਰਧਾਨ ਰਵੀਇੰਦਰ ਸਿੰਘ ਨਾਲ ਵੀ ਉਨ੍ਹਾਂ ਦੀ ਰਿਹਾਇਸ਼ ’ਤੇ ਜਾ ਕੇ ਮੀਟਿੰਗ ਕੀਤੀ।