ਸ਼੍ਰੋਮਣੀ ਕਮੇਟੀ ਕਰੇਗੀ ਫ਼ਲਿਪਕਾਰਟ ਕੰਪਨੀ ਵਿਰੁਧ ਕਾਨੂੰਨੀ ਕਾਰਵਾਈ: ਭਾਈ ਲੌਂਗੋਵਾਲ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਆਨਲਾਈਨ ਵਿਕਰੀ ਕਰਨ ਵਾਲੀ ਕੰਪਨੀ ਐਮਾਜ਼ੋਨ ਤੋਂ ਬਾਅਦ ਹੁਣ ਫ਼ਲਿੱਪਕਾਰਟ ਵਲੋਂ ਮੈਟ ਉਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਛਾਪੀ.....

Bhai Gobind Singh Longowal

ਅੰਮ੍ਰਿਤਸਰ : ਆਨਲਾਈਨ ਵਿਕਰੀ ਕਰਨ ਵਾਲੀ ਕੰਪਨੀ ਐਮਾਜ਼ੋਨ ਤੋਂ ਬਾਅਦ ਹੁਣ ਫ਼ਲਿੱਪਕਾਰਟ ਵਲੋਂ ਮੈਟ ਉਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਛਾਪੀ ਹੈ। ਇਸ ਦੀਆਂ ਆਨਲਾਈਨ ਤਸਵੀਰਾਂ ਫੈਲਣ 'ਤੇ ਸਿੱਖ ਸੰਗਤਾਂ ਦੇ ਮਨਾਂ ਵਿਚ ਰੋਸ ਪਾਇਆ ਜਾ ਰਿਹਾ ਹੈ।  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖ਼ਤ ਨੋਟਿਸ ਲਿਆ ਹੈ। ਇਸ ਸਬੰਧ ਵਿਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੂੰ ਸਖ਼ਤ ਕਾਰਵਾਈ ਕਰਨ ਲਈ ਕਿਹਾ ਹੈ। ਜਾਰੀ ਬਿਆਨ ਰਾਹੀਂ ਭਾਈ ਲੌਂਗੋਵਾਲ ਨੇ ਕਿਹਾ ਕਿ ਸੱਚਖੰਡ ਸ੍ਰੀ ਦਰਬਾਰ ਸਾਹਿਬ ਅਧਿਆਤਮਕਾ ਸ਼ਕਤੀ ਦਾ ਅਮੁੱਕ ਸੋਮਾ ਹੈ,

ਜਿਥੇ ਰੋਜ਼ਾਨਾ ਲੱਖਾਂ ਸ਼ਰਧਾਲੂ-ਯਾਤਰੂ ਅਪਣੀ ਆਤਮਕ-ਸੰਸਾਰਕ ਮਨੋਕਾਮਨਾਵਾਂ ਦੀ ਪੂਰਤੀ ਕਰਦੀਆਂ ਹਨ। ਫ਼ਲਿੱਪਕਾਰਟ ਕੰਪਨੀ ਦੀ ਇਸ ਘਨਾਉਣੀ ਹਰਕਤ ਨਾਲ ਵਿਸ਼ਵ ਭਰ ਵਿਚ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਉਨ੍ਹਾਂ ਆਖਿਆ ਕਿ ਕਿਸੇ ਵੀ ਕੰਪਨੀ ਨੂੰ ਅਜਿਹਾ ਕਰਨ ਦੀ ਇਜਾਜ਼ਤ ਨਹੀਂ ਦਿਤੀ ਜਾ ਸਕਦੀ ਅਤੇ ਸ਼੍ਰੋਮਣੀ ਕਮੇਟੀ ਫ਼ਲਿੱਪਕਾਰਟ ਵਿਰੁਧ ਸਖ਼ਤ ਕਾਰਵਾਈ ਕਰੇਗੀ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਅਜਿਹਾ ਕਰਨ ਵਾਲੇ ਲੋਕਾਂ ਅਤੇ ਕੰਪਨੀਆਂ ਵਿਰੁਧ ਸਰਕਾਰਾਂ ਨੂੰ ਵੀ ਸਖ਼ਤ ਹੋਣਾ ਚਾਹੀਦਾ ਹੈ ਅਤੇ ਜੇਕਰ ਕੋਈ ਅਜਿਹਾ ਕਰਦਾ ਹੈ ਤਾਂ

ਉਸ ਵਿਰੁਧ ਅਪਣੇ ਆਪ ਹੀ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ। ਇਸੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਕਿਹਾ ਕਿ ਫ਼ਲਿੱਪਕਾਰਟ ਕੰਪਨੀ ਦੀ ਇਹ ਹਰਕਤ ਸਿੱਖ ਹਿਰਦਿਆਂ ਨੂੰ ਸੱਟ ਮਾਰਨ ਵਾਲੀ ਹੈ ਜਿਸ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਨਿਰਦੇਸ਼ਾਂ 'ਤੇ ਕੰਪਨੀ ਨੂੰ ਕਾਨੂੰਨੀ ਨੋਟਿਸ ਭੇਜਿਆ ਜਾ ਰਿਹਾ ਹੈ ਅਤੇ ਜੇਕਰ ਲੋੜ ਪਈ ਤਾਂ ਕੰਪਨੀ ਵਿਰੁਧ ਪਰਚਾ ਵੀ ਦਰਜ ਕਰਵਾਇਆ ਜਾਵੇਗਾ।