ਨਿਤਨੇਮ ਕਿਵੇਂ ਕਰੀਏ?

ਏਜੰਸੀ

ਪੰਥਕ, ਪੰਥਕ/ਗੁਰਬਾਣੀ

ਸਗੁਨ ਅਪਸਗੁਨ ਤਿਸ ਕਉ ਲਗੈ, ਜਿਸੁ ਚੀਤਿ ਨ ਆਵੈ॥

File Photo

ਸਗੁਨ ਅਪਸਗੁਨ ਤਿਸ ਕਉ ਲਗੈ, ਜਿਸੁ ਚੀਤਿ ਨ ਆਵੈ॥
ਤਿਸੁ ਜਮੁ ਨੇੜਿ ਨ ਆਵਈ, ਜੋ ਹਰਿ ਪ੍ਰਭਿ ਭਾਵੈ॥
ਪੁੰਨੁ ਦਾਨ ਜਪ ਤਪ ਜੇਤੇ, ਸਭ ਊਪਰਿ ਨਾਮੁ॥
ਹਰਿ ਹਰਿ ਰਸਨਾ ਜੋ ਜਪੈ, ਤਿਸੁ ਪੂਰਨ ਕਾਮੁ॥ (401)

ਹੇ ਭਾਈ! ਕਰਤਾ ਪੁਰਖ ਤੋਂ ਬੇਮੁਖ ਬੰਦੇ ਸਮੇਂ ਨੂੰ ਸ਼ੁੱਭ ਅਸ਼ੁਭ ਮੰਨਦੇ ਹਨ। ਜਿਨ੍ਹਾਂ ਨੇ ਰੱਬ ਦਾ ਪਿਆਰ ਮਨ ਵਿਚ ਬਿਠਾ ਲਿਆ, ਉਨ੍ਹਾਂ ਦੇ ਅੰਦਰੋਂ ਜਮਦੂਤਾਂ ਆਦਿ ਦਾ ਡਰ ਭੈ ਖ਼ਤਮ ਹੋ ਜਾਂਦਾ ਹੈ। ਪੁੰਨ ਦਾਨ ਤੇ ਜਪ ਤਪ ਸਿਮਰਨ ਨਾਲੋਂ ਪ੍ਰਮਾਤਮਾ ਦੀ ਯਾਦ ਸੱਭ ਤੋਂ ਉਤਮ ਹੈ। ਜੋ ਮਨੁੱਖ ਨਿਰੰਕਾਰ ਨੂੰ ਸਦਾ ਯਾਦ ਰਖਦੇ ਹਨ, ਉਹ ਨੇਕੀ ਦੇ ਰਾਹ ਉਤੇ ਚਲਦੇ ਹਨ। ਜ਼ਿੰਦਗੀ ਵਿਚ ਕਾਮਯਾਬ ਇਨਸਾਨ ਬਣ ਜਾਂਦੇ ਹਨ।

ਕਾਹੇ ਪੂਤ ਝਗਰਤ ਹਉ ਸੰਗਿ ਬਾਪ॥
ਜਿਨ ਕੇ ਜਣੇ ਬਡੀਰੇ ਤੁਮ ਹਉ, ਤਿਨ ਸਿਉ ਝਗਰਤ ਪਾਪ॥ਰਹਾਉ॥
ਜਿਸੁ ਧਨ ਕਾ ਤੁਮ ਗਰਬੁ ਕਰਤ ਹਉ, ਸੋ ਧਨੁ ਕਿਸਹਿ ਨ ਆਪ॥

ਖਿਨ ਮਹਿ ਛੋਡਿ ਜਾਇ ਬਿਖਿਆ ਰਸੁ, ਤਉ ਲਾਗੈ ਪਛੁਤਾਪ॥
ਜੋ ਤੁਮਰੇ ਪ੍ਰਭ ਹੋਤੇ ਸੁਆਮੀ, ਹਰਿ ਤਿਨ ਕੇ ਜਾਪਹੁ ਜਾਪ॥
ਉਪਦੇਸੁ ਕਰਤ ਨਾਨਕ ਜਨ ਤੁਮ ਕਉ, ਜਉ ਸੁਨਹੁ ਤਉ ਜਾਇ ਸੰਤਾਪ॥ (1200)

ਪਿਆਰੇ ਪੁੱਤਰੋ! (ਪੁਤਰਾਂ ਧੀਆਂ ਲਈ ਸਾਂਝਾ ਉਪਦੇਸ਼) ਮਾਤਾ ਪਿਤਾ ਨਾਲ ਝਗੜਾ ਨਹੀਂ ਕਰੀਦਾ। ਜੇਕਰ ਕੋਈ ਮਸਲਾ ਜਾਂ ਮੰਗ ਹੋਵੇ ਤਾਂ ਪਿਆਰ ਨਾਲ ਦੱਸਣਾ ਚਾਹੀਦਾ ਹੈ। ਸੋਚ ਕੇ ਵੇਖੋ, ਮਾਤਾ-ਪਿਤਾ ਨੇ ਤੁਹਾਨੂੰ ਜਨਮ ਦਿਤਾ, ਕਿੰਨੀਆਂ ਮੁਸ਼ਕਲਾਂ ਨਾਲ ਪਾਲਿਆ ਤੇ ਪੜ੍ਹਾਇਆ। ਅਹਿਸਾਨ ਫ਼ਰਾਮੋਸ਼ ਨਾ ਬਣੋ, ਇਹ ਪਾਪ ਕਰਮ ਹੈ। ਜੋ ਧਨ ਦੌਲਤ ਪਿਤਾ ਤੋਂ ਖੋਹਣਾ ਚਾਹੁੰਦੇ ਹੋ, ਉਸ ਨੇ ਤੁਹਾਡੇ ਕੋਲ ਸਦਾ ਨਹੀਂ ਰਹਿਣਾ।

ਗ਼ਲਤ ਤਰੀਕੇ ਨਾਲ ਇਕੱਠਾ ਕੀਤਾ ਪੈਸਾ ਮਨੁੱਖ ਨੂੰ ਬਰਬਾਦ ਕਰ ਦਿੰਦਾ ਹੈ। ਵੱਧ ਦੌਲਤ ਹੋਣ ਕਾਰਨ ਮਨੁੱਖ ਵਿਸ਼ੇ ਵਿਕਾਰਾਂ ਵਿਚ ਗ਼ਰਕ ਹੋ ਕੇ ਜ਼ਿੰਦਗੀ ਬਰਬਾਦ ਕਰ ਲੈਂਦਾ ਹੈ। ਪੈਸਾ, ਸਿਹਤ ਤੇ ਇੱਜ਼ਤ ਗਵਾ ਕੇ ਪਛਤਾਉਣਾ ਹੀ ਪਵੇਗਾ। ਅਕਾਲ ਪੁਰਖ ਦੀ ਭੈ-ਭਾਵਨੀ ਵਿਚ ਰਹਿ ਕੇ, ਸਦਾ ਇਮਾਨਦਾਰੀ ਵਾਲਾ ਜੀਵਨ ਬਤੀਤ ਕਰਨਾ ਚਾਹੀਦਾ ਹੈ। ਪ੍ਰਮਾਤਮਾ ਸੱਭ ਨੂੰ ਰਿਜ਼ਕ ਦੇਣ ਵਾਲਾ ਹੈ। ਬਾਬੇ ਨਾਨਕ ਨੇ ਚੌਥੇ ਜਾਮੇ ਵਿਚ ਸਾਨੂੰ ਸਾਰਿਆਂ ਨੂੰ ਹੁਕਮ ਦਿਤਾ ਹੈ ਕਿ ਮਾਤਾ-ਪਿਤਾ ਨਾਲ ਲੜਾਈ ਨਹੀਂ ਕਰੀਦੀ। ਅਪਣੇ ਪਿਤਾ ਗੁਰੂ ਦੇ ਉਪਦੇਸ਼ ਨੂੰ ਸੁਣ ਕੇ ਮੰਨ ਲਵੋਗੇ ਤਾਂ ਸਦਾ ਸੁਖ ਚੈਨ ਨਾਲ ਜੀਵਨ ਬਤੀਤ ਕਰੋਗੇ।

ਕਿਸ ਹੀ ਧੜਾ ਕੀਆ, ਮਿਤ੍ਰ ਸੁਤ ਨਾਲਿ ਭਾਈ॥
ਕਿਸ ਹੀ ਧੜਾ ਕੀਆ, ਕੁੜਮ ਸਕੇ ਨਾਲਿ ਜਵਾਈ॥
ਹਮਾਰਾ ਧੜਾ, ਹਰਿ ਰਹਿਆ ਸਮਾਈ॥

 

ਹਮ ਹਰਿ ਸਿਉ ਧੜਾ ਕੀਆ, ਮੇਰੀ ਹਰਿ ਟੇਕ॥
ਮੈ ਹਰਿ ਬਿਨੁ ਪਖੁ ਧੜਾ ਅਵਰੁ ਨ ਕੋਈ,
ਹਉ ਹਰਿ ਗੁਣ ਗਾਵਾਂ ਅਸੰਖ ਅਨੇਕ॥ਰਹਾਉ॥ (366)

ਹੇ ਭਾਈ! ਸਾਰਾ ਸਮਾਜ ਧੜੇਬੰਦੀਆਂ ਵਿਚ ਪੈ ਕੇ ਬਰਬਾਦ ਹੋ ਰਿਹਾ ਹੈ। ਨਿਗੂਣੀਆਂ ਖ਼ਾਹਸ਼ਾਂ ਪਿੱਛੇ ਲੋਕੀਂ ਲੜ ਝਗੜ ਰਹੇ ਹਨ, ਭਾਈਚਾਰਾ ਖ਼ਤਮ ਹੋ ਰਿਹਾ ਹੈ। ਕੋਈ ਖ਼ੁਦਗ਼ਰਜ਼ ਬੰਦਾ ਦੋਸਤਾਂ ਮਿੱਤਰਾਂ ਨੂੰ ਨਾਲ ਗੰਢਦਾ ਹੈ। ਕੋਈ ਪੁਤਰਾਂ ਦੀ ਤਾਕਤ ਨਾਲ ਲੋਕਾਂ ਨੂੰ ਵੰਗਾਰਦਾ ਹੈ। ਕੋਈ ਅਪਣੇ ਭਰਾਵਾਂ ਨੂੰ ਨਾਲ ਰਲਾ ਕੇ ਦੂਜਿਆਂ ਦਾ ਨੁਕਸਾਨ ਕਰਦਾ ਹੈ। ਕੋਈ ਅਪਣੇ ਜਵਾਈ ਨੂੰ ਵੀ ਅਪਣੀ ਪਾਰਟੀ ਵਿਚ ਸ਼ਾਮਲ ਕਰ ਲੈਂਦੇ ਹਨ।

ਕਈ ਖ਼ੁਦਗਰਜ਼ ਬੰਦੇ ਸਰਕਾਰੀ ਅਫ਼ਸਰਾਂ ਨਾਲ ਸਾਂਝ ਭਿਆਲੀ ਪਾ ਲੈਂਦੇ ਹਨ। ਕਈ ਕਮੀਨੇ ਬੰਦੇ ਇਲਾਕੇ ਦੇ ਸਰਦਾਰਾਂ ਚੌਧਰੀਆਂ ਨਾਲ ਰਲ ਕੇ ਲੋਕਾਂ ਦਾ ਘਾਣ ਕਰਦੇ ਹਨ। ਇਹ ਸੱਭ ਧੜੇਬੰਦੀ ਆਪੋ ਅਪਣੇ ਸਵਾਰਥ ਵਸਤੇ ਹੁੰਦੀ ਹੈ। ਸਾਡੀ ਸਾਂਝ ਤਾਂ ਕੇਵਲ ਕਰਤਾ ਪੁਰਖ ਨਾਲ ਹੈ। ਸਾਡੀ ਹੋਰ ਕੋਈ ਧੜੇਬੰਦੀ ਨਹੀਂ। ਸਾਡੇ ਲਈ ਸਾਰੇ ਬਰਾਬਰ ਹਨ। ਸਾਡਾ ਧੜਾ ਰੱਬੀ ਆਸਰਾ ਹੈ। ਅਸੀ ਕਿਸੇ ਬੰਦੇ ਦੀ ਪ੍ਰਸ਼ੰਸਾ ਨਹੀਂ ਕਰਦੇ, ਕੇਵਲ ਕਰਤਾਰ ਦੇ ਪ੍ਰਸ਼ੰਸਕ ਹਾਂ। ਜੋ ਮੰਗਣਾ ਹੈ, ਨਿਰੰਕਾਰ ਤੋਂ ਮੰਗਦੇ ਹਾਂ।

ਕਥਾ ਕਹਾਣੀ ਬੇਦੀ ਆਣੀ, ਪਾਪੁ ਪੁੰਨੁ ਬੀਚਾਰੁ॥
ਦੇ ਦੇ ਲੈਣਾ, ਲੈ ਲੈ ਦੇਣਾ, ਨਰਕਿ ਸੁਰਗਿ ਅਵਤਾਰ॥
ਉਤਮ ਮਧਿਮ ਜਾਤੀ ਜਿਨਸੀ, ਭਰਮਿ ਭਵੈ ਸੰਸਾਰੁ॥

ਅੰਮ੍ਰਿਤ ਬਾਣੀ ਤਤੁ ਵਖਾਣੀ, ਗਿਆਨ ਧਿਆਨ ਵਿਚਿ ਆਈ॥
ਗੁਰਮੁਖਿ ਆਖੀ ਗੁਰਮੁਖਿ ਜਾਤੀ, ਸੁਰਤੀ ਕਰਮਿ ਧਿਆਈ॥
ਹੁਕਮੁ ਸਾਜਿ ਹੁਕਮੈ ਵਿਚਿ ਰਖੈ, ਹੁਕਮੈ ਅੰਦਰਿ ਵੇਖੈ॥
ਨਾਨਕ ਅਗਹੁ ਹਉਮੈ ਤੁਟੈ, ਤਾਂ ਕੋ ਲਿਖੀਐ ਲੇਖੈ॥ (1243)

ਹੇ ਭਾਈ! ਕਲਪਤ ਕਹਾਣੀਆਂ ਵੇਦਾਂ ਵਿਚੋਂ ਆਈਆਂ ਹਨ। ਕਿਹੜੇ ਕੰਮਾਂ ਤੋਂ ਪਾਪ ਲਗਦਾ ਹੈ? ਫਿਰ ਕਿਸ ਤਰ੍ਹਾਂ ਦਾ ਦਾਨ ਕਰ ਕੇ ਮੰਤਰ ਪੜ੍ਹ ਕੇ ਉਸ ਪਾਪ ਨੂੰ ਉਤਾਰਿਆ ਜਾ ਸਕਦਾ ਹੈ? ਇਕ ਧਿਰ ਦਾਨ ਦੇ ਰਹੀ ਹੈ। ਪੁਜਾਰੀ ਦਾਨ ਨਿਰਸੰਕੋਚ ਲੈ ਰਿਹਾ ਹੈ। ਜੋ ਇਨਸਾਨ ਪੁਜਾਰੀ ਨੂੰ ਰਜਵਾਂ ਦਾਨ ਦੇ ਦੇਵੇ ਉਸ ਨੂੰ ਸੁਰਗ ਵਿਚ ਜਾਣ ਦਾ ਲਾਰਾ ਲਗਾਇਆ ਜਾਂਦਾ ਹੈ।

ਜੋ ਕੋਈ ਦਾਨ ਨਾ ਦੇਵੇ ਤਾਂ ਉਸ ਨੇ ਨਰਕ ਵਿਚ ਸੁੱਟਣ ਦਾ ਡਰਾਵਾ ਦਿਤਾ ਜਾਂਦਾ ਹੈ। ਉੱਚੀਆਂ ਨੀਵੀਆਂ ਜਾਤਾਂ ਵਾਲੀ ਵੰਡ ਵੇਦਾਂ ਨੇ ਹੀ ਪੁਆਈ ਹੈ। ਵੇਦਾਂ ਨੇ ਸੰਸਾਰ ਨੂੰ ਬੇਅੰਤ ਭਰਮਾਂ ਵਿਚ ਪਾ ਦਿਤਾ ਹੈ। ਗੁਰੂ ਦੀ ਪਾਵਨ ਬਾਣੀ ਅੰਮ੍ਰਿਤ ਦਾ ਝਰਨਾ ਹੈ। ਗਿਆਨ ਵਿਚ ਵਾਧਾ ਕਰਨ ਵਾਲੀ ਹੈ। ਨਿਰੰਕਾਰ ਨਾਲ ਇਕਸੁਰਤਾ ਵਿਚੋਂ ਇਹ ਬਾਣੀ ਆਈ ਹੈ। ਇਸ ਬਾਣੀ ਵਿਚੋਂ ਜ਼ਿੰਦਗੀ ਦੇ ਹਰ ਪਹਿਲੂ ਬਾਰੇ ਅਗਵਾਈ ਮਿਲਦੀ ਹੈ। ਇਕਾਗਰ ਚਿੱਤ ਹੋ ਕੇ ਪੜ੍ਹਨ ਵਾਲਿਆਂ ਨੂੰ ਜੀਵਨ ਦੇ ਹਰ ਪਹਿਲੂ ਬਾਰੇ ਗੁਰਬਾਣੀ ਅਗਵਾਈ ਦੇਵੇਗੀ।

ਨਿਰੰਕਾਰ ਨੇ ਸਾਰੀ ਕਾਇਨਾਤ ਅਪਣੇ ਹੁਕਮ ਵਿਚ ਬਣਾਈ ਹੈ। ਉਸ ਦੇ ਹੁਕਮ ਵਿਚ ਹੀ ਸਾਰੀ ਕੁਦਰਤ ਕਾਰਜਸ਼ੀਲ ਹੈ। ਇਸ ਲਈ ਮਨੁੱਖ ਨੂੰ ਹਉਮੈ ਮੁਕਤ ਹੋ ਕੇ ਗੁਰੂ ਦੀ ਬਾਣੀ (ਹੁਕਮ) ਪੜ੍ਹਨੀ ਚਾਹੀਦੀ ਹੈ ਤੇ ਅਪਣੀ ਜ਼ਿੰਦਗੀ ਵਿਚ ਲਾਗੂ ਕਰਨੀ ਚਾਹੀਦੀ ਹੈ। ਤਾਂ ਹੀ ਜੀਵਨ ਸਫ਼ਲ ਹੋ ਸਕੇਗਾ।

ਹਿੰਦੂ ਕੈ ਘਰਿ ਹਿੰਦੂ ਆਵੈ॥ ਸੂਤੁ ਜਨੇਊ ਪੜਿ ਗਲਿ ਪਾਵੈ॥
ਸੂਤੁ ਪਾਇ ਕਰੇ ਬੁਰਿਆਈ॥ ਨਾਤਾ ਧੋਤਾ ਥਾਇ ਨ ਪਾਈ॥
ਮੁਸਲਮਾਨੁ ਕਰੇ ਵਡਿਆਈ॥ਵਿਣੁ ਗੁਰ ਪੀਰੈ ਕੋ ਥਾਇ ਨਾ ਪਾਈ॥

ਜੋਗੀ ਕੈ ਘਰਿ ਜੁਗਤਿ ਦਸਾਈ॥ ਤਿਤੁ ਕਾਰਣਿ ਕਨਿ ਮੁਦ੍ਰਾ ਪਾਈ॥
ਮੁਦ੍ਰਾ ਪਾਇ ਫਿਰੈ ਸੰਸਾਰਿ॥ ਜਿਥੈ ਕਿਥੈ ਸਿਰਜਣ ਹਾਰੁ॥
ਜੇਤੇ ਜੀਅ ਤੇਤੇ ਵਟਾਊ॥ ਚੀਰੀ ਆਈ ਢਿਲ ਨ ਕਾਊ॥

ਏਥੈ ਜਾਣੈ ਸੁ ਜਾਇ ਸਿਞਾਣੈ॥ ਹੋਰੁ ਫਕੜੁ ਹਿੰਦੂ ਮੁਸਲਮਾਣੈ॥
ਸਭਨਾ ਕਾ ਦਰਿ ਲੇਖਾ ਹੋਇ॥ ਕਰਣੀ ਬਾਝਹੁ ਤਰੈ ਨ ਕੋਇ॥
ਸਚੋ ਸਚੁ ਵਖਾਣੈ ਕੋਇ॥ ਨਾਨਕ ਅਗੈ ਪੁਛ ਨ ਹੋਇ॥ (952)

ਹੇ ਭਾਈ! ਹਿੰਦੂ ਇਕੱਠੇ ਹੋ ਕੇ ਮੰਤਰ ਪੜ੍ਹ ਕੇ ਰਸਮਾਂ ਪੂਰੀਆਂ ਕਰ ਕੇ ਜਨੇਊ ਪਾਉਂਦੇ ਹਨ। ਧਰਮ ਦਾ ਚਿੰਨ੍ਹ ਜਨੇਊ ਪਹਿਨ ਕੇ ਵੀ ਮੰਦੇ ਕੰਮ ਕਰਨੋਂ ਬਾਜ਼ ਨਹੀਂ ਆਉਂਦੇ। ਫਿਰ ਤੀਰਥ ਇਸ਼ਨਾਨ ਜੰਜੂ ਟਿੱਕਾ ਇਹ ਕਾਹਦੇ ਵਾਸਤੇ ਹਨ? ਮੁਸਲਮਾਨ ਅਪਣੇ ਧਰਮ ਦੀ ਬੁਹਤ ਸੋਭਾ ਕਰਦੇ ਹਨ। ਸਾਰਿਆਂ ਨੂੰ ਦਸਦੇ ਹਨ ਗੁਰੂ ਪੀਰ (ਮੁਹੰਮਦ) ਤੋਂ ਬਿਨਾਂ ਰੱਬ ਦੇ ਦਰ ਤੇ ਪਰਵਾਨ ਨਹੀਂ ਹੋ ਸਕੋਗੇ।

ਸੁਰਗ ਜਾਣ ਦੇ ਤਰੀਕੇ ਦਸਦੇ ਹਨ ਪਰ ਜ਼ਿੰਦਗੀ ਵਿਚ ਕਈ ਬੁਰਾਈਆਂ ਹਨ। ਉਤਮ ਕਰਣੀ ਨਾਲ ਹੀ ਖ਼ੁਦਾ ਦੀਆਂ ਨਜ਼ਰਾਂ ਵਿਚ ਪ੍ਰਵਾਨ ਹੋਇਆ ਜਾ ਸਕਦਾ ਹੈ। ਜੋਗੀਆਂ ਨੂੰ ਅਪਣਾ ਹੀ ਢੰਗ ਚੰਗਾ ਲਗਦਾ ਹੈ। ਕੰਨਾਂ ਵਿਚ ਮੁੰਦਰਾਂ ਪਾ ਕੇ ਜੋਗੀ ਧਰਮੀ ਹੋਣ ਦਾ ਮਾਣ ਕਰਦੇ ਹਨ। ਉਂਜ ਘਰ ਪ੍ਰਵਾਰ ਤਿਆਗ ਕੇ ਜੰਗਲਾਂ ਵਿਚ ਚਲੇ ਜਾਂਦੇ ਹਨ। ਪਰ ਜੰਗਲ ਵੀ ਤਾਂ ਸੰਸਾਰ ਦੇ ਅੰਦਰ ਹੀ ਹਨ।

ਗ੍ਰਸਤੀਆਂ ਤੋਂ ਭੋਜਨ ਲੈ ਕੇ ਪੇਟ ਪੂਰਤੀ ਕਰਦੇ ਹਨ। ਹੋਰ ਬਹੁਤ ਸਾਰੇ ਲੋਕ ਇਥੇ ਲੋਭ ਗ੍ਰਸਤ ਹੋ ਕੇ ਨਾਜ਼ਾਇਜ ਢੰਗਾਂ ਨਾਲ ਦੌਲਤ ਇਕੱਠੀ ਕਰਦੇ ਹਨ। ਉਹ ਭੁੱਲ ਜਾਂਦੇ ਹਨ ਕਿ ਇਹ ਜ਼ਿੰਦਗੀ ਸਦੀਵੀ ਨਹੀਂ ਹੈ। ਮਿੱਥੇ ਸਮੇਂ ਬਾਦ ਮਹਿਮਾਨ ਵਾਂਗ ਇਥੋਂ ਚਲੇ ਜਾਣਾ ਹੈ, ਜੋ ਇਨਸਾਨ ਇਸੇ ਜੀਵਨ ਵਿਚ ਇਸੇ ਧਰਤੀ ਉਤੇ ਚੰਗੇ ਕਾਰਜ ਕਰੇਗਾ, ਅਪਣੇ ਜੀਵਨ ਨੂੰ ਵਿਕਾਰ ਰਹਿਤ ਬਣਾਏਗਾ, ਉਹੀ ਕਰਤਾਰ ਨੂੰ ਮਨਜ਼ੂਰ ਹੋਵੇਗਾ।

ਹੋਰ ਸਾਰੇ ਹਿੰਦੂਆਂ ਮੁਸਲਮਾਨਾਂ ਤੇ ਜੋਗੀਆਂ ਦੇ ਦਾਅਵੇ ਝੂਠ ਦਾ ਪੁਲੰਦਾ ਹਨ। ਅਕਾਲ ਪੁਰਖ ਦੇ ਅਟਲ ਨਿਯਮ ਅਨੁਸਾਰ ਹਰ ਮਨੁੱਖ ਅਪਣੇ ਕੀਤੇ ਲਈ ਖ਼ੁਦ ਜ਼ਿੰਮੇਵਾਰ ਹੈ। ਉਤਮ ਜੀਵਨ ਤੋਂ ਬਿਨਾਂ ਬੰਧਨਾਂ ਤੋਂ ਮੁਕਤੀ ਨਹੀਂ ਮਿਲਣੀ। ਸਚਿਆਰ ਮਨੁੱਖ ਬਣ ਕੇ ਸਦਾ ਸੱਚਾਈ ਵਾਲੇ ਜੀਵਨ ਰਾਹ ਤੇ ਸਫ਼ਰ ਕਰਨਾ ਜ਼ਰੂਰੀ ਹੈ। ਅਜਿਹੇ ਭਲੇ ਇਨਸਾਨਾਂ ਦੀ ਫਿਰ ਕਿਧਰੇ ਜਵਾਬ ਤਲਬੀ ਨਹੀਂ ਹੁੰਦੀ। ਉਹ ਮੁਕਤ ਹੋ ਜਾਂਦੇ ਹ

ਪੂਤਾ! ਮਾਤਾ ਕੀ ਆਸੀਸ॥
ਨਿਮਖ ਨ ਬਿਸਰਉ ਤੁਮ੍ਹ ਕਉ ਹਰਿ ਹਰਿ, ਸਦਾ ਭਜਹੁ ਜਗਦੀਸ॥    
(496)

ਹੇ ਭਾਈ! ਸਿਆਣੀਆਂ ਮਾਵਾਂ ਅਪਣੇ ਬੱਚਿਆਂ ਨੂੰ ਉੱਤਮ ਸਿਖਿਆ ਦਿੰਦੀਆਂ ਹਨ। ਅਖੇ ਤੁਹਾਨੂੰ ਪ੍ਰਮੇਸ਼ਰ ਸਦਾ ਯਾਦ ਰਹੇ, ਮਾਂ ਦੀ ਇਹੀ ਅਰਦਾਸ ਹੈ। ਪ੍ਰਮਾਤਮਾ ਤੋਂ ਬਿਨਾਂ ਹੋਰ ਕਿਸੇ ਅੱਗੇ ਸਿਰ ਨਾ ਝੁਕਾਉਣਾ। ਕਦੇ ਮੰਦਾ ਕੰਮ ਨਾ ਕਰਨਾ, ਚੰਗੇ ਮਨੁੱਖ ਬਣਨਾ ਹੈ। 

ਕਵਣੁ ਸੁ ਅਖਰੁ, ਕਵਣੁ ਗੁਣੁ, ਕਵਣੁ ਸੁ ਮਣੀਆਂ ਮੰਤੁ॥
ਕਵਣੁ ਸੁ ਵੇਸੋ ਹਉ ਕਰੀ, ਜਿਤੁ ਵਸਿ ਆਵੈ ਕੰਤੁ॥
ਨਿਵਣੁ ਸੁ ਅਖਰੁ ਖਵਣੁ ਗੁਣੁ, ਜਿਹਬਾ ਮਣੀਆ ਮੰਤੁ॥
ਏ ਤ੍ਰੈ ਭੈਣੇ ਵੇਸ ਕਰਿ, ਤਾਂ ਵਸਿ ਆਵੀ ਕੀਤੁ॥ (1384)

ਸ. ਹੇ ਭੈਣ! ਪਤੀ ਨੂੰ ਖ਼ੁਸ਼ ਰੱਖਣ ਵਾਸਤੇ ਕਿਹੋ ਜਹੇ ਬੋਲ ਬੋਲੇ ਜਾਣ? ਕਿਸ ਤਰ੍ਹਾਂ ਦਾ ਸੁਭਾਅ ਬਣਾਇਆ ਜਾਵੇ? ਜੀਭ ਰਾਹੀਂ ਕਿਵੇਂ ਵੱਸ ਕਰਨ ਵਾਲੇ ਮੰਤਰ ਪੜ੍ਹੇ ਜਾਣ? ਮੈਂ ਕਿਸ ਤਰ੍ਹਾਂ ਸ਼ਿੰਗਾਰ ਕਰਾਂ, ਕਿਸ ਤਰ੍ਹਾਂ ਦੇ ਕਪੜੇ ਪਹਿਨਾਂ? ਮੈਨੂੰ ਉਹ ਤਰੀਕੇ ਦੱਸ ਜਿਨ੍ਹਾਂ ਨਾਲ ਮੈਂ ਅਪਣੇ ਪਤੀ ਨੂੰ ਵੱਸ ਵਿਚ ਕਰ ਲਵਾਂ? ਜੁ. ਹੇ ਭੈਣ! ਨਿਰਮਤਾ ਧਾਰਨ ਕਰ, ਹੰਕਾਰ ਤਿਆਗ ਦੇ। ਵੱਧ ਤੋਂ ਵੱਧ ਗੁਣ ਧਾਰਨ ਕਰ।

ਬਰਦਾਸ਼ਤ ਕਰਨ ਦਾ ਜਿਗਰਾ ਪੈਦਾ ਕਰ ਲੈ। ਜੀਭ ਰਾਹੀਂ ਮਿੱਠੇ ਬਚਨਾ ਵਾਲੇ ਮੰਤਰ ਪੜਿ੍ਹਆ ਕਰ। ਵਖਰੇ ਕੋਈ ਮੰਤਰ ਨਹੀਂ ਹਨ, ਪਿਆਰ ਵਾਲੇ ਬਚਨ ਹੀ ਮੰਤਰ ਹਨ। ਅਜਿਹੇ ਪਹਿਰਾਵੇ ਪਹਿਨਣ ਵਾਲੀ ਭੈਣ ਅਪਣੇ ਪਤੀ ਨੂੰ ਵੱਸ ਵਿਚ ਕਰ ਲੈਂਦੀ ਹੈ। (ਭਾਵੇਂ ਇਹ ਸਬਦ ਔਰਤ ਪੁਰਖ ਲਈ ਸਾਂਝਾ ਹੈ, ਪਰ ਉਦਾਹਰਣਾਂ ਔਰਤਾਂ ਵਾਲੀਆਂ ਹਨ)

ਬੇੜਾ ਬੰਧਿ ਨ ਸਕਿਓ ਬੰਧਨ ਕੀ ਵੇਲਾ॥
ਭਰਿ ਸਰਵਰੁ ਜਬ ਊਛਲੈ, ਤਬ ਤਰਣੁ ਦੁਹੇਲਾ॥ (794)

ਹੇ ਭਾਈ! ਜੀਵਨ ਸਫ਼ਰ ਵਾਸਤੇ ਪਹਿਲਾਂ ਤਿਆਰੀ ਕਰਨੀ ਜ਼ਰੂਰੀ ਹੈ। ਤਿਆਰੀ ਤੋਂ ਬਿਨਾਂ ਕੰਮ ਸ਼ੁਰੂ ਕਰਨ ਵਾਲੇ ਲੋਕ ਅਚਨਚੇਤੀ ਆ ਪਈ ਮੁਸ਼ਕਲ ਸਮੇਂ ਸੱਭ ਕੱਝ ਗੁਆ ਲੈਂਦੇ ਹਨ। ਜਿਵੇਂ ਬਰਸਾਤ ਸ਼ੁਰੂ ਹੋਣ ਤੋਂ ਪਹਿਲਾਂ ਹੀ ਬੇੜੀ ਬਣਾ ਲੈਣੀ ਚਾਹੀਦੀ ਹੈ, ਜੋ ਲੋੜ ਵਕਤ ਕੰਮ ਆ ਸਕੇਗੀ। ਜਦੋਂ ਬਰਸਾਤ ਜ਼ੋਰਾਂ ਤੇ ਹੋਵੇ, ਦਰਿਆ ਸ਼ੂਕਦੇ ਵੱਗ ਰਹੇ ਹੋਣ, ਉਦੋਂ ਬੇੜੀ ਨਹੀਂ ਬਣਾਈ ਜਾ ਸਕਦੀ। ਉਸ ਔਖੇ ਸਮੇਂ ਪਛਤਾਉਣ ਤੋਂ ਸਿਵਾਏ ਕੁੱਝ ਨਹੀਂ ਕਰ ਸਕੋਗੇ। ਹਰ ਕੰਮ ਲਈ ਪਹਿਲਾਂ ਤਿਆਰੀ ਕਰਨੀ ਚਾਹੀਦੀ ਹੈ।

ਗਗਨ ਦਮਾਮਾ ਬਾਜਿਓ, ਪਰਿਓ ਨੀਸਾਨੈ ਘਾਓ॥
ਖੇਤੁ ਜੁ ਮਾਂਡਿਓ ਸੂਰਮਾ, ਅਬ ਜੂਝਨ ਕੋ ਦਾਉ॥
ਸੂਰਾ ਸੋ ਪਹਿਚਾਨੀਐ, ਜੁ ਲਰੈ ਦੀਨ ਕੇ ਹੇਤ॥
ਪੁਰਜਾ ਪੁਰਜਾ ਕਟਿ ਮਰੈ, ਕਬਹੂ ਨ ਛਾਡੈ ਖੇਤੁ॥ (1105)

ਹੇ ਭਾਈ! ਇਹ ਧਰਤੀ ਇਕ ਵਿਸ਼ਾਲ ਮੈਦਾਨ ਹੈ। ਸਾਰੇ ਬੰਨੇ ਉੱਚੀਆਂ ਘਨਘੋਰ ਗਰਜਵੀਆਂ ਆਵਾਜ਼ਾਂ ਸੁਣਾਈ ਦੇ ਰਹੀਆਂ ਹਨ। ਹਰ ਕੋਈ ਸੂਰਮਾ ਜਿੱਤ ਹਾਸਲ ਕਰਨੀ ਚਾਹੁੰਦਾ ਹੈ। ਹਰ ਯੋਧੇ ਲਈ ਇਸੇ ਜੀਵਨ ਵਿਚ ਹੁਣੇ ਮੈਦਾਨ ਵਿਚ ਉਤਰਨ ਦਾ ਸਮਾਂ ਹੈ। ਹਰ ਖੇਤਰ ਵਿਚ ਸਖ਼ਤ ਮੁਕਾਬਲਾ ਚੱਲ ਰਿਹਾ ਹੈ। ਹਰ ਸੂਰਮਾ ਅਪਣੇ ਦਾਅ ਪੇਚ ਵਰਤ ਕੇ ਜੇਤੂ ਬਣਨਾ ਚਾਹੁੰਦਾ ਹੈ।

ਪਰ ਅਸਲੀ ਸੂਰਮਾ ਉਹੀ ਹੈ ਜੋ ਧਰਮ ਦੇ ਅਸੂਲਾਂ ਅਨੁਸਾਰ ਜੰਗ ਵਿਚ ਉਤਰਦਾ ਹੈ। ਕਿਸੇ ਤੇ ਜ਼ੁਲਮ ਨਹੀਂ ਕਰਦਾ, ਕਮਜ਼ੋਰਾਂ ਨੂੰ ਨਹੀਂ ਮਾਰਦਾ। ਗੁਰਮਤ ਦੇ ਅਸੂਲਾਂ ਤੇ ਪਹਿਰਾ ਦੇਣ ਵਾਲਾ ਗੱਭਰੂ ਰਣਭੂਮੀ ਵਿਚੋਂ ਹਾਰ ਮੰਨ ਕੇ ਹਥਿਆਰ ਸੁੱਟ ਕੇ, ਬੇਇਜ਼ਤ ਨਹੀਂ ਹੁੰਦਾ। ਜੰਗ ਵਿਚ ਹੌਸਲੇ ਨਾਲ ਅੱਗੇ ਵਧਦਾ ਹੈ। ਜੇਤੂ ਬਣਨ ਲਈ ਪੂਰੀ ਤਾਕਤ ਝੋਕ ਦਿੰਦਾ ਹੈ। ਜੇ ਹਾਰ ਜਾਵੇ ਤਾਂ ਟੁਕੜੇ-ਟੁਕੜੇ ਹੋ ਸਕਦਾ ਹੈ ਪਰ ਮੈਦਾਨ ਵਿਚੋਂ ਦੌੜ ਕੇ ਜਾਨ ਨਹੀਂ ਬਚਾਉਂਦਾ।

ਸੋ ਡਰੇ ਜਿ ਪਾਪ ਕਮਾਵਦਾ, ਧਰਮੀ ਵਿਗਸੇਤੁ॥
ਤੂੰ ਸਚਾ ਆਪਿ ਨਿਆਉ ਸਚ, ਤਾਂ ਡਰੀਐ ਕੇਤੁ
ਜਿਨਾ ਨਾਨਕ ਸਚੁ ਪਛਾਣਿਆ, ਸੇ ਸਚਿ ਰਲੇਤੁ॥ (84)

ਹੇ ਭਾਈ! ਪਾਪ ਕਰਮ ਕਰਨ ਵਾਲਾ ਸਦਾ ਡਰਿਆ ਰਹਿੰਦਾ ਹੈ। ਉਸ ਨੂੰ ਮਹਿਸੂਸ ਹੋ ਰਿਹਾ ਹੁੰਦਾ ਹੈ ਕਿ ਬੁਰੇ ਦਾ ਨਤੀਜਾ ਬੁਰਾ ਹੀ ਹੋਵੇਗਾ। ਧਰਮੀ ਪੁਰਖ ਭੈਅ ਰਹਿਤ ਹੁੰਦਾ ਹੈ। ਇੰਜ ਸਦਾ ਵਿਕਾਸ ਕਰਦਾ ਰਹਿੰਦਾ ਹੈ। ਨਿਰੰਕਾਰ ਸੱਚਾ ਹੈ। ਨਿਰੰਕਾਰ ਦਾ ਇਨਸਾਫ਼ ਸੱਚ ਤੇ ਆਧਾਰਤ ਹੁੰਦਾ ਹੈ। ਇਸ ਵਾਸਤੇ ਸੱਚੇ ਮਨੁੱਖ ਨੂੰ ਡਰ ਕਾਹਦਾ ਹੈ? ਜਿਨ੍ਹਾਂ ਸੇਵਕਾਂ ਨੇ ‘‘ਸੱਚ ਦਾ ਮਾਰਗ” ਪਛਾਣ ਲਿਆ, ਉਹ ਸੱਚੇ ਪ੍ਰਮੇਸ਼ਰ ਦੇ ਅਪਣੇ ਬਣ ਗਏ। ਸਚਿਆਰ ਨਿਰੰਕਾਰ ਨਾਲ ਇਕ-ਮਿੱਕ ਹੋ ਗਏ।
ਜੇ ਮਿਰਤਕ ਕਉ ਚੰਦਨੁ ਚੜਾਵੈ॥ ਉਸ ਤੇ ਕਹਹੁ ਕਵਨ ਫਲ ਪਾਵੈ॥

ਜੇ ਮਿਰਤਕ ਕਉ ਬਿਸਟਾ ਮਾਹਿ ਰੁਲਾਈ॥ 
ਤਾਂ ਮਿਰਤਕ ਕਾ ਕਿਆ ਘਟਿ ਜਾਈ॥ (1160)

ਹੇ ਭਾਈ! ਮਰ ਚੁੱਕੇ ਇਨਸਾਨ ਨੂੰ ਰਸਮਾਂ ਰੀਤਾਂ ਦਾ ਕੋਈ ਫਾਇਦਾ ਨਹੀਂ ਹੋਣਾ। ਉਸ ਨੂੰ ਮਿੱਟੀ ਵਾਂਗ, ਪੱਥਰ ਵਾਂਗ, ਜਿਵੇਂ ਮਰਜ਼ੀ ਲੇਖੇ ਲਗਾ ਦਿਉ, ਕੋਈ ਫ਼ਰਕ ਨਹੀਂ ਪੈਣ ਲੱਗਾ। ਮਰ ਚੁੱਕੇ ਪ੍ਰਾਣੀ ਨੂੰ ਭਾਵੇ ਚੰਦਨ ਚੜ੍ਹਾ ਦਿਉ, ਉਸ ਨੂੰ ਫਾਇਦਾ ਨਹੀਂ ਹੋਵੇਗਾ। ਜੇ ਮੁਰਦੇ ਨੂੰ ਗੰਦਗੀ ਵਿਚ ਸੁੱਟ ਦਿਉਗੇ ਤਾਂ ਮ੍ਰਿਤਕ ਦਾ ਕੋਈ ਨੁਕਸਾਨ ਨਹੀਂ ਹੋਣ ਲੱਗਾ।

(ਬਾਕੀ ਅਗਲੇ ਹਫ਼ਤੇ)
ਸੰਪਰਕ : 981551-51699