ਮੁੜ ਖੁਲ੍ਹਿਆ 36 ਸਾਲ ਪੁਰਾਣਾ ਕੇਸ ਸਿੱਖ ਜਹਾਜ਼ ਅਗ਼ਵਾਕਾਰਾਂ 'ਤੇ ਦੇਸ਼ ਧ੍ਰੋਹ ਧਾਰਾਵਾਂ ਅਧੀਨ ਮੁਕੱਦਮਾ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

36 ਸਾਲ ਪੁਰਾਣੇ ਜਹਾਜ਼ ਅਗਵਾ ਕੇਸ ਵਿਚ ਨਵੀਆਂ ਧਾਰਾਂਵਾਂ ਅਧੀਨ ਮੁੜ ਸ਼ੁਰੂ ਕੀਤੇ ਗਏ ਦੇਸ਼ ਧ੍ਰੋਹ ਦੇ ਨਵੇਂ ਮੁਕੱਦਮੇ ਵਿਚ ਅੱਜ ਪਟਿਆਲਾ ਹਾਊਸ ਕੋਰਟ ਨੇ.......

Sikh abduction case

ਅੰਮ੍ਰਿਤਸਰ, 18 ਜੁਲਾਈ (ਸੁਖਵਿੰਦਰਜੀਤ ਸਿੰਘ ਬਹੋੜੂ) : 36 ਸਾਲ ਪੁਰਾਣੇ ਜਹਾਜ਼ ਅਗਵਾ ਕੇਸ ਵਿਚ ਨਵੀਆਂ ਧਾਰਾਂਵਾਂ ਅਧੀਨ ਮੁੜ ਸ਼ੁਰੂ ਕੀਤੇ ਗਏ ਦੇਸ਼ ਧ੍ਰੋਹ ਦੇ ਨਵੇਂ ਮੁਕੱਦਮੇ ਵਿਚ ਅੱਜ ਪਟਿਆਲਾ ਹਾਊਸ ਕੋਰਟ ਨੇ ਦੋ ਸਿੱਖ ਅਗਵਾਕਾਰਾਂ ਸਤਨਾਮ ਸਿੰਘ ਅਤੇ ਤਜਿੰਦਰਪਾਲ ਸਿੰਘ ਨੂੰ ਦੋ ਦਿਨਾਂ ਦੀ ਆਰਜ਼ੀ ਜ਼ਮਾਨਤ ਦਿਤੀ ਹੈ।
ਸਿੱਖ ਅਗਵਾਕਾਰਾਂ ਵਲੋਂ ਸੀਨੀਅਰ ਵਕੀਲ ਮੋਹਿਤ ਮਾਥੁਰ ਅਤੇ ਮਨੀਸ਼ਾ ਭੰਡਾਰੀ ਅਦਾਲਤ ਸਾਹਮਣੇ ਪੇਸ਼ ਹੋਏ। ਅਦਾਲਤ ਨੇ ਜਾਂਚ ਅਧਿਕਾਰੀ ਨੂੰ ਅਪਣੀ ਰੀਪੋਰਟ ਪੇਸ਼ ਕਰਨ ਲਈ ਕਿਹਾ ਹੈ। ਕੇਸ ਦੀ ਅਗਲੀ ਸੁਣਵਾਈ 20 ਜੁਲਾਈ ਨੂੰ ਹੋਵੇਗੀ। ਦੋਹਾਂ ਵਕੀਲਾਂ ਨੇ ਅਦਾਲਤ ਵਿਚ ਬਹਿਸ ਕਰਦਿਆਂ ਕੇਸ ਬਾਰੇ ਅਪਣਾ ਪੱਖ ਰਖਦਿਆਂ ਕਿਹਾ ਕਿ ਅਪੀਲਕਰਤਾ ਦੇ ਪਹਿਲਾਂ ਹੀ ਜੇਲਾਂ ਅਤੇ ਅਦਾਲਤਾਂ ਵਿਚ 35 ਸਾਲ ਬੀਤ ਚੁੱਕੇ ਹਨ। ਇਸ ਮਾਮਲੇ ਵਿਚ ਉਹ ਪਾਕਿਸਤਾਨ ਵਿਚ ਉਮਰ ਕੈਦ ਕੱਟ ਚੁੱਕੇ ਹਨ। ਇਹ ਕੇਸ ਡਬਲ ਜੀਓਪਾਰਡੀ ਦੀ ਇਕ ਖ਼ਾਸ ਉਦਾਹਰਣ ਹੈ। ਇਨ੍ਹਾਂ 'ਤੇ ਪਹਿਲਾਂ ਪਾਕਿਸਤਾਨ ਵਿਚ ਜਹਾਜ਼ ਅਗਵਾ ਕਰਨ ਦਾ ਮੁਕੱਦਮਾ ਚਲਾਇਆ ਗਿਆ ਤੇ ਸਜ਼ਾ ਹੋਈ ਜਿਸ ਤੋਂ ਬਾਅਦ ਉਸੇ ਕਾਰਵਾਈ ਲਈ ਭਾਰਤੀ ਅਦਾਲਤ ਵਿਚ ਮੁਕੱਦਮਾ ਚਲਾਇਆ ਗਿਆ ਤੇ ਬਰੀ ਕੀਤਾ ਗਿਆ। ਹੁਣ ਉਸੇ ਘਟਨਾ ਲਈ ਕਿਸੇ ਹੋਰ ਨਾਂ ਹੇਠ 36 ਸਾਲਾਂ ਬਾਅਦ ਨਵਾਂ ਮੁਕੱਦਮਾ ਨਵੀਂਆਂ ਧਾਰਾਵਾਂ ਹੇਠ ਸ਼ੁਰੂ ਕਰ ਦਿਤਾ ਗਿਆ ਹੈ ਜੋ ਅਪਣੇ ਆਪ ਵਿਚ ਗ਼ੈਰ ਕਾਨੂੰਨੀ ਹੈ। ਦਿੱਲੀ ਪੁਲਿਸ ਨੇ ਇਸ ਘਟਨਾ ਸਬੰਧੀ 29 ਸਤੰਬਰ 2011 ਨੂੰ ਦਿੱਲੀ ਅਦਾਲਤ ਵਿਚ ਦੇਸ਼ ਧ੍ਰੋਹ ਦੀਆਂ ਧਾਰਾਵਾਂ ਤਹਿਤ ਸਪਲੀਮੈਂਟਰੀ ਚਲਾਨ ਪੇਸ਼ ਕੀਤਾ ਜਿਸ ਵਿਚ ਉਪਰੋਕਤ ਵਿਅਕਤੀਆਂ ਨੂੰ 36 ਸਾਲ ਪਹਿਲਾਂ ਦਰਜ ਕੀਤੇ ਕੇਸ ਵਿਚ ਨਵੀਆਂ ਧਾਰਾਵਾਂ ਅਧੀਨ ਮੁੜ ਸ਼ੁਰੂ ਕੀਤੇ ਗਏ ਨਵੇਂ ਮੁਕੱਦਮੇ ਲਈ 18 ਜੁਲਾਈ ਨੂੰ ਅਦਾਲਤ ਵਿਚ ਪੇਸ਼ ਹੋਣ ਲਈ ਕਿਹਾ ਸੀ। ਉਪਰੋਕਤ ਸਿੱਖ ਹਾਈਜੈਕਰਾਂ ਨਾਲ ਅਦਾਲਤ ਪਹੁੰਚੇ ਦਲ ਖ਼ਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਕਿਹਾ ਕਿ ਹਾਈਜੈਕਰਾਂ ਦੇ ਕੇਸ ਵਿਚ ਇਕ ਕਾਰਵਾਈ ਲਈ ਪਾਕਿਸਤਾਨ ਵਿਚ ਉਮਰ ਕੈਦ ਭੁਗਤਣ ਤੋਂ ਬਾਅਦ ਭਾਰਤ ਸਰਕਾਰ ਵਲੋਂ ਹੁਣ 36 ਸਾਲਾਂ ਬਾਅਦ ਉਸੇ ਕਾਰਵਾਈ ਲਈ ਦੇਸ਼ ਧ੍ਰੋਹ ਅਧੀਨ ਮੁਕੱਦਮਾ ਚਲਾਉਣਾ ਇਨਸਾਫ਼ ਦਾ ਕਤਲ ਕਰਨ ਬਰਾਬਰ ਹੈ।  ਕੰਵਰਪਾਲ ਸਿੰਘ ਨੇ ਕਿਹਾ ਕਿ ਅਸੀਂ ਨਵੀਂ ਦਿੱਲੀ ਦੇ ਇਸ ਜਿਆਦਤੀ ਭਰੇ ਕਦਮ ਦੀ ਸਖਤ ਆਲੋਚਨਾ ਕਰਦੇ ਹਾਂ ਜਿਸ ਵਿਚ ਪੰਜ ਹਾਈਜੈਕਰਾਂ ਵਿਚੋਂ ਸਤਨਾਮ ਸਿੰਘ ਅਤੇ ਤਜਿੰਦਰਪਾਲ ਸਿੰਘ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜੋ ਇਕ ਲੰਮੀ ਜੇਲ ਤੋਂ ਬਾਅਦ ਪੰਜਾਬ ਵਾਪਸ ਪਰਤ ਕੇ ਸ਼ਾਂਤਮਈ ਢੰਗ ਨਾਲ ਜ਼ਿੰਦਗੀ ਬਤੀਤ ਕਰ ਰਹੇ ਹਨ। ਬਾਕੀ ਤਿੰਨ ਹਾਈਜੈਕਰਾਂ ਵਿਚੋਂ ਗਜਿੰਦਰ ਸਿੰਘ ਜਲਾਵਤਨੀ ਹੰਢਾ ਰਹੇ ਹਨ, ਜਸਬੀਰ ਸਿੰਘ ਅਤੇ ਕਰਨ ਸਿੰਘ ਭਾਰਤ ਵਿਚਲੇ ਹਾਲਾਤ ਕਾਰਨ ਸਵਿੱਟਜ਼ਰਲੈਂਡ ਵਿਚ ਰਹਿ ਰਹੇ ਹਨ।