ਰੂੜੀਆਂ 'ਚ ਲੱਗੇ ਨਿਸ਼ਾਨ ਸਾਹਿਬ ਦੀ ਪਿਛਲੇ ਦੋ ਸਾਲਾਂ ਤੋਂ ਹੋ ਰਹੀ ਹੈ ਬੇਅਦਬੀ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਕੋਟਕਪੂਰਾ, 19 ਜੁਲਾਈ (ਗੁਰਿੰਦਰ ਸਿੰਘ): ਜ਼ਿਲ੍ਹੇ ਦੇ ਪਿੰਡ ਮਚਾਕੀ ਖ਼ੁਰਦ ਵਿਖੇ ਪਿਛਲੇ ਦੋ ਸਾਲਾਂ ਤੋਂ ਨਿਸ਼ਾਨ ਸਾਹਿਬ ਦੀ ਬੇਅਦਬੀ ਹੋ ਰਹੀ ਹੈ।

Nishan Sahib

 

ਕੋਟਕਪੂਰਾ, 19 ਜੁਲਾਈ (ਗੁਰਿੰਦਰ ਸਿੰਘ): ਜ਼ਿਲ੍ਹੇ ਦੇ ਪਿੰਡ ਮਚਾਕੀ ਖ਼ੁਰਦ ਵਿਖੇ ਪਿਛਲੇ ਦੋ ਸਾਲਾਂ ਤੋਂ ਨਿਸ਼ਾਨ ਸਾਹਿਬ ਦੀ ਬੇਅਦਬੀ ਹੋ ਰਹੀ ਹੈ। ਨਾ ਤਾਂ ਅਕਾਲ ਤਖ਼ਤ ਵਲੋਂ ਭੇਜੀ ਟੀਮ ਦਾ ਕੋਈ ਅਸਰ ਹੋਇਆ ਤੇ ਨਾ ਹੀ ਪਿੰਡ ਦੀ ਧੜੇਬੰਦੀ ਕਾਰਨ ਕੋਈ ਉਕਤ ਨਿਸ਼ਾਨ ਸਾਹਿਬ ਨੂੰ ਲਾਹੁਣ ਦੀ ਜੁਰਅਤ ਕਰਦਾ ਹੈ ਪਰ ਰੂੜੀਆਂ 'ਤੇ ਲੱਗਾ ਉਕਤ ਨਿਸ਼ਾਨ ਸਾਹਿਬ ਕਿਸੇ ਵੀ ਸਮੇਂ ਵਿਵਾਦ ਦਾ ਕਾਰਨ ਬਣ ਸਕਦਾ ਹੈ ਕਿਉਂਕਿ ਚੜ੍ਹਦੀਕਲਾ ਦੇ ਪ੍ਰਤੀਕ ਨਿਸ਼ਾਨ ਸਾਹਿਬ 'ਤੇ ਚੜਿਆ ਚੋਲਾ ਅਰਥਾਤ ਕਪੜਾ ਵੀ ਲੀਰੋ ਲੀਰ ਹੋ ਚੁੱਕਾ ਹੈ ਅਤੇ ਸਾਂਭ ਸੰਭਾਲ ਨਾ ਹੋਣ ਕਰ ਕੇ ਉਸ ਦੇ ਆਲੇ-ਦੁਆਲੇ ਘਾਹ ਫੂਸ ਨੇ ਵੀ ਘੇਰਾ ਪਾ ਲਿਆ ਹੈ।
ਉਕਤ ਮਾਮਲੇ ਦਾ ਹੈਰਾਨੀਜਨਕ, ਦੁਖਦਾਇਕ, ਅਫ਼ਸੋਸਨਾਕ ਤੇ ਨਿੰਦਣਯੋਗ ਪਹਿਲੂ ਇਹ ਹੈ ਕਿ ਪ੍ਰਸ਼ਾਸਨ ਨੇ ਰੂੜੀਆਂ 'ਤੇ ਲੱਗਾ ਨਿਸ਼ਾਨ ਸਾਹਿਬ ਉਤਾਰਨ ਲਈ ਸੁਰੱਖਿਆ ਦੇਣ ਤੋਂ ਇਨਕਾਰ ਕਰ ਦਿਤਾ ਤਾਂ ਅਕਾਲ ਤਖ਼ਤ ਵਲੋਂ ਭੇਜੀ ਗਈ ਟੀਮ ਵੀ ਬੇਵੱਸ ਤੇ ਲਾਚਾਰ ਹੋ ਕੇ ਰਹਿ ਗਈ ਤੇ ਪੰਚਾਇਤ ਨੂੰ ਵੀ ਸਬਰ ਦਾ ਘੁੱਟ ਭਰਨ ਲਈ ਮਜਬੂਰ ਹੋਣਾ ਪਿਆ।
ਪਿੰਡ ਮਚਾਕੀ ਖ਼ੁਰਦ ਵਿਚ ਸਿਰਫ਼ 900 ਵੋਟਾਂ ਹਨ ਤੇ ਐਨੀ ਕੁ ਆਬਾਦੀ ਲਈ ਪਿੰਡ ਵਿਚ ਪਹਿਲਾਂ ਹੀ ਦੋ ਗੁਰਦਵਾਰੇ ਬਣੇ ਹੋਏ ਹਨ। ਪਿੰਡ ਦੀ ਸਰਪੰਚ ਹਰਪ੍ਰੀਤ ਕੌਰ ਦੇ ਪਤੀ ਮਨਿੰਦਰ ਸਿੰਘ ਨੇ ਦਸਿਆ ਕਿ  ਕੁੱਝ ਸਮਾਂ ਪਹਿਲਾਂ ਪਿੰਡ ਦੇ ਲੋਕਾਂ ਨੇ ਗੁਰਦਵਾਰਾ ਸਾਹਿਬ ਦੀ ਇਮਾਰਤ ਨੂੰ ਨਵੇਂ ਸਿਰਿਉਂ ਬਣਾਉਣ ਲਈ ਮਤਾ ਪਾਸ ਕੀਤਾ ਅਤੇ ਪਿੰਡ ਵਿਚੋਂ ਉਗਰਾਹੀ ਵੀ ਇਕੱਠੀ ਕੀਤੀ ਗਈ ਪਰ ਕੁੱਝ ਸ਼ਰਾਰਤੀ ਅਨਸਰਾਂ ਨੇ ਪੰਚਾਇਤ ਦੀ ਡੇਢ ਏਕੜ ਜਮੀਨ 'ਤੇ ਕਥਿਤ ਕਬਜਾ ਕਰਨ ਦੀ ਮਨਸ਼ਾ ਨਾਲ ਨਵਾਂ ਗੁਰਦਵਾਰਾ ਉਸਾਰਨ ਲਈ ਨਿਸ਼ਾਨ ਸਾਹਿਬ ਲਾ ਦਿਤਾ, ਪਿੰਡ ਦੀ ਪੰਚਾਇਤ ਸਮੇਤ ਜ਼ਿਆਦਾਤਰ ਲੋਕਾਂ ਵਲੋਂ ਵਿਰੋਧ ਕਰਨ 'ਤੇ ਉਸਾਰੀ ਕਾਰਜ ਤਾਂ ਬੰਦ ਹੋ ਗਿਆ ਪਰ ਉਥੇ ਲਾਏ ਗਏ ਨਿਸ਼ਾਨ ਸਾਹਿਬ ਨੂੰ ਉਤਾਰਨ ਦੀ ਜ਼ਰੂਰਤ ਹੀ ਨਾ ਸਮਝੀ ਗਈ। ਉਨ੍ਹਾਂ ਮੰਨਿਆ ਕਿ ਨਿਸ਼ਾਨ ਸਾਹਿਬ ਦੇ ਆਲੇ-ਦੁਆਲੇ ਲਗੀਆਂ ਰੂੜੀਆਂ, ਆਵਾਰਾ ਪਸ਼ੂਆਂ ਵਲੋਂ ਪਾਇਆ ਜਾਂਦਾ ਗੰਦ ਅਤੇ ਨਿਸ਼ਾਨ ਸਾਹਿਬ ਦਾ ਲੀਰੋ ਲੀਰ ਹੋਇਆ ਕਪੜਾ ਕਿਸੇ ਵੀ ਸਮੇਂ ਵਿਵਾਦ ਦਾ ਕਾਰਨ ਬਣ ਸਕਦਾ ਹੈ। ਉਨ੍ਹਾਂ ਦਸਿਆ ਕਿ ਇਸ ਦੀ ਲਿਖਤੀ ਸ਼ਿਕਾਇਤ ਕਰਨ ਤੋਂ ਬਾਅਦ ਅਕਾਲ ਤਖ਼ਤ ਵਲੋਂ ਇਲਾਕੇ ਦੇ ਸ਼੍ਰੋਮਣੀ ਕਮੇਟੀ ਟੀਮ ਨੇ ਵੀ ਅਕਾਲ ਤਖ਼ਤ 'ਤੇ ਰੀਪੋਰਟ ਬਣਾ ਕੇ ਭੇਜੀ ਅਤੇ ਨਿਸ਼ਾਨ ਸਾਹਿਬ ਲਾਹੁਣ ਲਈ ਡਿਪਟੀ ਕਮਿਸ਼ਨਰ ਫਰੀਦਕੋਟ ਨੂੰ ਲਿਖਤੀ ਸ਼ਿਕਾਇਤ ਸੌਂਪ ਕੇ ਸੁਰੱਖਿਆ ਦੀ ਮੰਗ ਕੀਤੀ ਗਈ ਪਰ ਕੋਈ ਕਾਰਵਾਈ ਨਹੀਂ ਹੋਈ।
ਇਸ ਸਬੰਧੀ ਸ਼੍ਰੋਮਣੀ ਕਮੇਟੀ ਮੈਂਬਰ ਲਖਵੀਰ ਸਿੰਘ ਅਰਾਈਆਂ ਨੇ ਕਿਹਾ ਕਿ ਉਹ ਬਾਹਰ ਹੋਣ ਕਰ ਕੇ ਕਿਸੇ ਜ਼ਰੂਰੀ ਕੰਮ 'ਚ ਰੁੱਝੇ ਹੋਏ ਹਨ ਜਦਕਿ ਰਵਿੰਦਰ ਸਿੰੰਘ ਚੰਦੜ ਨੇ ਮੰਨਿਆ ਕਿ ਅਕਾਲ ਤਖ਼ਤ ਨੂੰ ਬਕਾਇਦਾ ਰੀਪੋਰਟ ਬਣਾ ਕੇ ਭੇਜੀ ਜਾ ਚੁੱਕੀ ਹੈ ਅਤੇ ਡਿਪਟੀ ਕਮਿਸ਼ਨਰ ਫ਼ਰੀਦਕੋਟ ਨੂੰ ਲਿਖਤੀ ਸ਼ਿਕਾਇਤ ਕਰ ਕੇ ਨਿਸ਼ਾਨ ਸਾਹਿਬ ਲਾਹੁਣ, ਉਸ ਦੀ ਸਾਂਭ ਸੰਭਾਲ ਕਰਨ ਜਾਂ ਨਿਸ਼ਾਨ ਸਾਹਿਬ ਦੇ ਆਲੇ-ਦੁਆਲੇ ਚਾਰਦੀਵਾਰੀ ਕਰਾਉਣ ਲਈ ਵਾਰ-ਵਾਰ ਸੁਰੱਖਿਆ ਮੰਗਣ ਦੇ ਬਾਵਜੂਦ ਵੀ ਕੋਈ ਸੁਣਵਾਈ ਨਹੀਂ ਹੋਈ।