ਚੀਫ ਖਾਲਸਾ ਦੀਵਾਨ ਦੀ ਹੋਈ ਚੋਣ ਦੀ ਜਾਂਚ ਦਾ ਮਾਮਲਾ - ਸੱਤ ਦਿਨ 'ਚ ਜਵਾਬ ਦੇਣ ਆਨਰੇਰੀ ਸਕੱਤਰ:ਜਥੇਦਾਰ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸਤਾਧਾਰੀ ਧਿਰ ਵਿਚ ਤਰਥੱਲੀ ਮਚੀ

Chief Khalsa Diwan

ਚੀਫ਼ ਖ਼ਾਲਸਾ ਦੀਵਾਨ ਦੀ  ਹੋਈ ਜ਼ਿਮਨੀ ਚੋਣ ਨੂੰ ਲੈ ਕੇ ਜਥੇਦਾਰ ਅਕਾਲ ਤਖਤ ਨੇ ਸਕਤੱਰੇਤ ਵਿਖੇ ਪਤਿਤ ਵੋਟਾਂ ਦੇ ਪੋਲ ਹੋਣ ਦੇ ਪੱਤਰ ਤੇ ਕਾਰਵਾਈ ਕਰਦਿਆਂ ਦੀਵਾਨ ਦੇ ਦੋ ਆਨਰੇਰੀ ਸਕੱਤਰਾਂ ਨੂੰ ਪੱਤਰ ਲਿਖ ਕੇ ਆਦੇਸ਼ ਜਾਰੀ ਕਰ ਦਿੱਤੇ ਹਨ। ਉਨ੍ਹਾਂ ਆਦੇਸ਼ ਦਿੱਤਾ ਹੈ ਕਿ ਇਸਦੀ ਪੜਤਾਲ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਬੂਤਾਂ ਸਮੇਤ ਰਿਕਾਰਡ ਸੋਂਪਣ ਤਾਂ ਕਿ ਅਗਲੇਰੀ ਕਾਰਵਾਈ ਕੀਤੀ ਜਾ ਸਕੇ। ਵਿਰੋਧੀ ਧਿਰ ਨੇ ਜਥੇਦਾਰ ਨੂੰ ਪੱਤਰ ਲਿਖੇ ਕੇ ਜਾਣਕਾਰੀ ਦਿੱਤੀ ਸੀ ਕਿ 72 ਦੇ ਕਰੀਬ ਪਤਿਤ ਮੈਂਬਰਾਂ ਨੇ ਵੋਟਾਂ ਪਾਈਆ ਹਨ ਜੋ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਦੀ ਉਲੰਘਣਾ ਹੈ ਕਿਉਕਿ ਅਕਾਲ ਤਖਤ ਨੇ ਪਤਿਤ ਮੈਬਰਾਂ ਦੀਆ ਵੋਟਾਂ ਤੇ ਰੋਕ ਲਗਾਈ ਹੋਈ ਸੀ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੇ ਆਦੇਸ਼ਾਂ ਤੇ ਉਹਨਾਂ ਦੇ ਨਿੱਜੀ ਸਹਾਇਕ ਸਤਿੰਦਰਪਾਲ ਸਿੰਘ ਦੇ ਦਸਤਖਤਾਂ ਹੇਠ ਜਾਰੀ ਕੀਤੇ ਪੱਤਰ ਵਿੱਚ ਕਿਹਾ ਗਿਆ ਹੈ ਕਿ ਦੋਵੇ ਆਨਰੇਰੀ ਸਕੱਤਰ ਸ੍ਰ ਸੁਰਿੰਦਰ ਸਿੰਘ ਰੁਮਾਲੀਆਂ ਵਾਲੇ ਤੇ ਸ੍ਰ ਨਰਿੰਦਰ ਸਿੰਘ ਖੁਰਾਣਾ ਸੱਤ ਦਿਨਾਂ ਦੇ ਅੰਦਰ ਅੰਦਰ ਚੋਣ ਦੀ ਸਾਰੀ ਰਿਪੋਰਟ ਬਣਾ ਕੇ ਭੇਜਣ।

ਇਸ ਸਬੰਧੀ ਨਰਿੰਦਰ ਸਿੰਘ ਖੁਰਾਣਾ ਨਾਲ ਗੱਲ ਕੀਤੀ ਤਾਂ ਉਨਾਂ ਕਿਹਾ ਕਿ ਉਹ ਰਿਪੋਰਟ ਪੂਰੀ ਤਰਾ ਪਾਰਦਰਸ਼ੀ ਬਣਾ ਕੇ ਭੇਜਣਗੇ ਤੇ ਜਿਹੜੇ ਚੋਣ ਅਧਿਕਾਰੀ ਦੀ ਵਜਾ ਕਰਕੇ ਪਤਿਤ ਵੋਟਾਂ ਪੋਲ ਹੋਈਆ ਹਨ ਉਸ ਦੀ ਜਾਣਕਾਰੀ ਵੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਦੇਣਗੇ ਤਾਂ ਕਿ ਉਸ ਦੇ ਖਿਲਾਫ ਵੀ ਮਰਿਆਦਾ ਅਨੁਸਾਰ ਕਾਰਵਾਈ ਹੋ ਸਕੇ। ਸ੍ਰ ਸੁਰਿੰਦਰ ਸਿੰਘ ਰੁਮਾਲਿਆਂ ਵਾਲਿਆ ਨੇ ਕਿਹਾ ਕਿ ਉਨ੍ਹਾਂ ਨੂੰ ਹਾਲੇ ਜਥੇਦਾਰ ਦਾ ਪੱਤਰ ਨਹੀਂ ਮਿਲਿਆ ਤੇ ਪੱਤਰ ਮਿਲਣ ਉਪਰੰਤ ਅਗਲੇਰੀ ਕਾਰਵਾਈ ਸ਼ੁਰੂ ਕਰ ਦੇਣਗੇ। ਸ੍ਰੀ ਅਕਾਲ ਤਖਤ ਸਾਹਿਬ ਸੁਪਰੀਮ ਹੈ ਤੇ ਜਥੇਦਾਰ ਸਾਹਿਬ ਦੇ ਹਰ ਹੁਕਮ ਦੀ ਪਾਲਣਾ ਕੀਤੀ ਜਾਵੇਗੀ। ਦੂਸਰੇ ਪਾਸੇ ਜਥੇਦਾਰ ਦੇ ਇਸ ਪੱਤਰ ਨੂੰ ਲੈ ਤੇ ਜੇਤੂ ਧੜੇ ਵਿੱਚ ਤਰਥੱਲੀ ਮਚ ਗਈ ਹੈ ਅਤੇ ਉਨ੍ਹਾਂ ਨੇ ਜਥੇਦਾਰ ਤੱਕ ਪਹੁੰਚ ਕਰਨ ਲਈ ਸਰਗਰਮੀਆਂ ਤੇਜ ਕਰ ਦਿੱਤੀਆਂ ਹਨ। ਨਵੇ ਚੁਣੇ ਗਏ ਪ੍ਰਧਾਨ ਡਾ ਸੰਤੋਖ ਸਿੰਘ ਨੇ ਬੀਤੇ ਕਲ  ਜਥੇਦਾਰ ਸਾਹਿਬ ਨਾਲ ਉਹਨਾਂ ਦੇ ਨਿਵਾਸ ਸਥਾਨ 'ਤੇ ਇਕੱਲਿਆ ਮੀਟਿੰਗ ਵੀ ਕੀਤੀ ਜਿਸ ਬਾਰੇ ਹਾਲੇ ਜਾਣਕਾਰੀ ਨਹੀ ਮਿਲੀ ਕਿ ਇਸ ਮੀਟਿੰਗ ਦਾ ਮਕਸਦ ਕੀ ਸੀ?