ਨਾਮਧਾਰੀ ਦਲੀਪ ਸਿੰਘ ਸਿੱਖਾਂ ਨੂੰ ਹਿੰਦੂ ਸਾਬਤ ਕਰਨ ਦੀ ਨਾਪਾਕ ਹਰਕਤ ਨਾ ਕਰਨ: ਜੀ.ਕੇ. 

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਆਪ ਵਿਧਾਇਕਾਂ ਵਲੋਂ ਸਿੱਖ ਇਤਿਹਾਸ ਨੂੰ ਨੋਟੰਕੀ ਦਸਣਾ ਸ਼ਰਮਨਾਕ

Manjit Singh GK

ਸਿੱਖ ਕੌਮ ਨੂੰ ਵਿਰੋਧੀਆਂ ਦੀਆਂ ਲੂੰਬੜ ਚਾਲਾਂ ਤੋਂ ਸੁਚੇਤ ਰਹਿਣ ਦਾ ਸੱਦਾ ਦਿੰਦਿਆਂ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ.ਮਨਜੀਤ ਸਿੰਘ ਜੀ.ਕੇ. ਨੇ ਕਿਹਾ ਹੈ ਕਿ ਸਿੱਖਾਂ ਦੀ ਚੜ੍ਹਦੀ ਕਲਾ ਨੂੰ ਬਰਦਾਸ਼ਤ ਨਾ ਕਰਨ ਵਾਲੀਆਂ ਤਾਕਤਾਂ ਹੁਣ ਸਿੱਖਾਂ ਨੂੰ ਦਲਿਤਾਂ ਨਾਲ ਲੜਾਉਣ ਲਈ ਤਿਆਰ ਨਜ਼ਰ ਆ ਰਹੀਆਂ ਹਨ ਜਿਸ ਤੋਂ ਸਿੱਖਾਂ ਨੂੰ ਸੰਭਲਣਾ ਚਾਹੀਦਾ ਹੈ।ਉਨਾਂ ਬੀਤੇ ਦਿਨੀਂ ਦਲਿਤਾਂ ਦੇ ਭਾਰਤ ਬੰਦ ਵਿਚਕਾਰ ਅੰਬਾਲਾ ਨੇੜੇ ਇਕ ਸਿੱਖ ਦੀ ਦਲਿਤਾਂ  ਨਾਲ ਹੋਈ ਅਖਉਤੀ ਤਕਰਾਰ, ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵਲੋਂ ਵਿਧਾਨ ਸਭਾ ਵਿਚ ਅਕਾਲੀ ਭਾਜਪਾ ਵਿਧਾਇਕ ਸ.ਮਨਜਿੰਦਰ ਸਿੰਘ ਸਿਰਸਾ ਵਲੋਂ ਸਿੱਖ ਇਤਿਹਾਸ 'ਚੋਂ ਦਿਤੇ ਗਏ ਹਵਾਲੇ ਨੂੰ ਅਖਉਤੀ 'ਨੋਟੰਕੀ' ਦੱਸਣ ਅਤੇ ਨਾਮਧਾਰੀ ਫ਼ਿਰਕੇ ਦੇ ਇਕ ਧੜੇ ਦੇ ਆਗੂ ਦਲੀਪ ਸਿੰਘ ਵਲੋਂ ਸਿੱਖਾਂ ਨੂੰ ਅਖਉਤੀ ਤੌਰ 'ਤੇ ਹਿੰਦੂ ਦੱਸਣ ਨੂੰ ਮੰਦਭਾਗਾ ਦਸਿਆ।

ਉਨਾਂ੍ਹ ਕਿਹਾ, '' ਜਦੋਂ ਸਾਰੀ ਸਿੱਖ ਕੌਮ ਅਪਣੀ ਵੱਖਰੀ ਪਛਾਣ ਲਈ ਭਾਰਤੀ ਸੰਵਿਧਾਨ ਦੀ ਧਾਰਾ 25 ( ਬੀ) ਵਿਚ ਸੋਧ ਦੀ ਮੰਗ ਕਰਦੀ ਆ ਰਹੀ ਹੈ ਤੇ ਇਸ ਸੋਧ ਨੂੰ ਜ਼ਰੂਰੀ ਮੰਨਦੀ ਹੈ, ਉਦੋਂ ਨਾਮਧਾਰੀ ਆਗੂ ਦਲੀਪ ਸਿੰਘ ਵਲੋਂ ਸਿੱਖਾਂ ਨੂੰ ਜ਼ਬਰਦਸਤੀ ਹਿੰਦੂ ਸਾਬਤ ਕਰਨ ਲਈ ਗੁਰਬਾਣੀ 'ਚੋਂ ਰਾਮ ਸ਼ਬਦ ਦੇ ਹਵਾਲੇ ਦੇਣਾ ਤੇ ਮੁਸਲਮਾਨਾਂ ਨੂੰ ਗੁਰਦਵਾਰਿਆਂ ਦੇ ਵਿਰੋਧੀ ਆਖ ਕੇ, ਫ਼ਿਰਕੂ ਮਾਹੌਲ ਸਿਰਜਣਾ ਮੰਦਭਾਗਾ ਹੈ।' ਉਨ੍ਹਾਂ ਕਿਹਾ ਕਿ ਭਾਰਤ ਬੰਦ ਵਿਚਕਾਰ ਇਕ ਸਿੱਖ ਦੀ ਦਲਿਤਾਂ ਨਾਲ ਹੋਈ ਗੱਲਬਾਤ ਨੂੰ ਦਲਿਤਾਂ ਵਿਰੁਧ ਸਿੱਖਾਂ ਦੇ ਰੋਸ ਵਜੋਂ ਵਰਤਣਾ ਮੰਦਭਾਗਾ ਹੈ, ਸਿੱਖਾਂ ਦੀ ਦਲਿਤਾਂ ਨਾਲ ਕੋਈ ਵਿਰੋਧਤਾ ਨਹੀਂ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵਲੋਂ ਦਿੱਲੀ ਵਿਧਾਨ ਸਭਾ ਵਿਚ ਸਿੱਖ ਇਤਿਹਾਸ ਨੂੰ ਅਖਉਤੀ 'ਨੋਟੰਕੀ' ਆਖਣਾ ਸਿੱਖ ਇਤਿਹਾਸ ਨੂੰ ਝੁਠਲਾਉਣ ਤੇ ਸਿੱਖਾਂ ਦਾ ਮੂੰਹ ਚਿੜ੍ਹਾਉਣ ਦੀ ਕੋਝੀ  ਕਾਰਵਾਈ ਹੈ ਜਿਸ ਤੋਂ ਸਿੱਖਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ।