ਗੁਰਦਵਾਰਿਆਂ ਦੀਆਂ ਸਟੇਜਾਂ 'ਤੇ ਬੋਲਣ ਦੀ ਭਾਰਤ ਸਰਕਾਰ ਦੇ ਨੁਮਾਇੰਦਿਆਂ ਲਈ ਪੂਰਨ ਮਨਾਹੀ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਅਮਰੀਕਾ, ਕੈਨੇਡਾ ਤੇ ਇੰਗਲੈਂਡ ਦੀਆਂ ਸਿੱਖ ਸੰਗਤਾਂ ਦਾ ਮਤਾ ਕਾਇਮ : ਹਿੰਮਤ ਸਿੰਘ

Gurudwara

ਅਮਰੀਕਾ, ਕੈਨੇਡਾ ਤੇ ਇੰਗਲੈਂਡ ਦੇ ਗੁਰਦਵਾਰਿਆਂ ਤੇ ਨਗਰ ਕੀਰਤਨਾਂ ਵਿਚ ਸਟੇਜ 'ਤੇ ਭਾਰਤ ਸਰਕਾਰ ਦੇ ਨੁਮਾਇੰਦਿਆਂ ਨੂੰ ਬੋਲਣ ਦੀ ਕੀਤੀ ਗਈ ਮਨਾਹੀ 'ਤੇ ਸਿੱਖ ਸੰਗਤ ਪੂਰੀ ਤਰ੍ਹਾਂ ਕਾਇਮ ਹੈ ਅਤੇ ਪਹਿਰਾ ਦੇ ਰਹੀ ਹੈ ਕਿ ਭਾਰਤ ਸਰਕਾਰ ਦੇ ਨੁਮਾਇੰਦਿਆਂ ਨੂੰ ਗੁਰੂ ਘਰ ਦੀ ਕਿਸੇ ਵੀ ਸਟੇਜ 'ਤੇ ਬੋਲਣ ਨਹੀਂ ਦਿਤਾ ਜਾਵੇਗਾ। ਇਹ ਜਾਣਕਾਰੀ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ (ਯੂ.ਐਸ.ਏ.) ਦੇ ਕੋਆਰਡੀਨੇਟਰ ਭਾਈ ਹਿੰਮਤ ਸਿੰਘ ਨੇ ਰੋਜ਼ਾਨਾ ਸਪੋਕਸਮੈਨ ਨੂੰ ਭੇਜੀ ਈਮੇਲ ਰਾਹੀਂ ਦਿੰਦਿਆਂ ਦਸਿਆ ਕਿ ਪਿਛਲੇ ਦਿਨੀਂ ਅਮਰੀਕਾ ਦੇ 96 ਗੁਰਦਵਾਰਿਆਂ ਸਮੇਤ ਕੈਨੇਡਾ ਅਤੇ ਇੰਗਲੈਂਡ ਦੇ ਗੁਰਦਵਾਰਾ ਪ੍ਰਬੰਧਕਾਂ ਵਲੋਂ ਇਕ ਅਹਿਮ ਫ਼ੈਸਲਾ ਲਿਆ ਗਿਆ ਸੀ ਕਿ ਭਾਰਤ ਸਰਕਾਰ ਦੇ ਨੁਮਾਇੰਦਿਆਂ ਨੂੰ ਕਿਸੇ ਵੀ ਗੁਰਦਵਾਰਾ ਸਾਹਿਬ ਦੀ ਸਟੇਜ ਜਾਂ ਨਗਰ-ਕੀਰਤਨਾਂ ਸਮੇਂ ਕਿਸੇ ਵੀ ਸਟੇਜ ਤੋਂ ਬੋਲਣ ਨਹੀਂ ਦਿਤਾ ਜਾਵੇਗਾ ਜਿਸ ਦਾ ਭਾਰਤ ਸਰਕਾਰ ਨੂੰ ਵੱਡਾ ਝਟਕਾ ਲੱਗਾ ਸੀ ਅਤੇ ਭਾਰਤ ਸਰਕਾਰ ਉਸ ਦਿਨ ਤੋਂ ਹੀ ਲਗਾਤਾਰ ਅਪਣੇ ਨੁਮਾਇੰਦਿਆਂ ਰਾਹੀਂ ਕੋਸ਼ਿਸ਼ ਕਰ ਰਹੀ ਹੈ, ਕਿਵੇਂ ਇਸ ਅਹਿਮ ਫ਼ੈਸਲੇ ਨੂੰ ਪੂਰਨ ਰੂਪ ਵਿਚ ਲਾਗੂ ਹੋਣ ਤੋਂ ਰੋਕਿਆ ਜਾਵੇ। 

ਹੁਣ ਜਦ ਖ਼ਾਲਸਾ ਸਾਜਨਾ ਦਿਵਸ ਦੇ ਸਬੰਧ 'ਚ ਵੱਡੀ ਗਿਣਤੀ ਵਿਚ ਨਗਰ ਕੀਰਤਨ ਕੱਢੇ ਜਾ ਰਹੇ ਹਨ ਤੇ ਭਾਰਤ ਸਰਕਾਰ ਦੇ ਨੁਮਾਇੰਦੇ ਵੀ ਪੂਰੀ ਤਰ੍ਹਾਂ ਸਰਗਰਮ ਹੋ ਚੁੱਕੇ ਹਨ। ਭਾਈ ਹਿੰਮਤ ਸਿੰਘ ਨੇ ਦਸਿਆ ਭਾਰਤੀ ਨੁਮਾਇੰਦੇ ਇਨ੍ਹਾਂ ਨਗਰ ਕੀਰਤਨਾਂ ਵਿਚ ਸ਼ਾਮਲ ਹੋਣ ਅਤੇ ਸਟੇਜਾਂ ਤਕ ਪਹੁੰਚ ਕਰਨ ਲਈ ਸਰਗਰਮ ਹੋ ਚੁੱਕੇ ਹਨ। ਭਾਈ ਹਿੰਮਤ ਸਿੰਘ ਨੇ ਦੁਨੀਆਂ ਭਰ ਦੇ ਗੁਰਦਵਾਰਾ ਪ੍ਰਬੰਧਕਾਂ ਅਤੇ ਖ਼ਾਸ ਕਰ ਕੇ ਅਮਰੀਕਾ ਦੇ ਗੁਰਦਵਾਰਾ ਪ੍ਰਬੰਧਕਾਂ ਨੂੰ ਬੇਨਤੀ ਕੀਤੀ ਹੈ ਕਿ ਆਪਾਂ ਅਪਣੇ ਕੀਤੇ ਫ਼ੈਸਲੇ 'ਤੇ ਪਹਿਰਾ ਦੇਈਏ ਤਾਕਿ ਭਾਰਤ ਸਰਕਾਰ ਦੇ ਨੁਮਾਇੰਦੇ ਨਗਰ ਕੀਰਤਨਾਂ ਦੀਆਂ ਸਟੇਜਾਂ ਤਕ ਨਾ ਪਹੁੰਚ ਸਕਣ। ਇਹ ਵੀ ਪਤਾ ਲੱਗਾ ਹੈ ਕਿ ਭਾਰਤੀ ਕੌਂਸਲੇਟਾਂ ਵਲੋਂ ਖ਼ਾਲਸਾ ਸਾਜਨਾ ਦਿਵਸ (ਵੈਸਾਖੀ) ਨੂੰ ਭਾਰਤੀ ਅੰਬੈਸੀਆਂ ਵਿਚ ਮਨਾਉਣ ਦੇ ਵੀ ਮਨਸੂਬੇ ਘੜੇ ਜਾ ਰਹੇ ਹਨ। ਸੰਗਤ ਇਸ ਪ੍ਰਤੀ ਸੁਚੇਤ ਰਹੇ ਅਤੇ ਜੇ ਇਸ ਤਰ੍ਹਾਂ ਦੇ ਕੋਈ ਪ੍ਰੋਗਰਾਮ ਉਲੀਕੇ ਜਾਂਦੇ ਹਨ ਤਾਂ ਉਨ੍ਹਾਂ ਪ੍ਰੋਗਰਾਮਾਂ ਵਿਚ ਕਿਸੇ ਵੀ ਤਰ੍ਹਾਂ ਦਾ ਸਹਿਯੋਗ ਦੇਣ ਵਾਲੇ ਗੁਰਦਵਾਰਾ ਪ੍ਰਬੰਧਕਾਂ ਅਤੇ ਸ਼ਾਮਲ ਹੋਣ ਵਾਲਿਆਂ ਦਾ ਵੀ ਬਾਈਕਾਟ ਕੀਤਾ ਜਾਣਾ ਚਾਹੀਦਾ ਹੈ।