ਮੁੱਖ ਮਸਲਾ ਸਿਲੇਬਸ ਤਬਦੀਲੀ ਦਾ ਨਹੀਂ ਬਲਕਿ ਹੋਰ : ਜਾਚਕ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਪੰਜਾਬ ਦੇ ਜੀਵਤ ਸਿੱਖ ਇਤਿਹਾਸ ਨੂੰ ਮੁਰਦਾ ਮਿਥਿਹਾਸ ਬਣਾਉਣ ਦੀ ਸਾਜ਼ਸ਼

Giani Kewal Singh

ਕੋਟਕਪੂਰਾ, 5 ਮਈ (ਗੁਰਿੰਦਰ ਸਿੰਘ): ਪਿਛਲੇ ਕੁੱਝ ਦਿਨਾਂ ਤੋਂ ਸਿਲੇਬਸ ਵਿਚ ਤਬਦੀਲੀ ਦੇ ਚਲ ਰਹੇ ਮਾਮਲੇ 'ਤੇ ਵਿਦਵਾਨਾਂ ਦਾ ਮੱਤ ਹੈ ਕਿ ਮੁੱਖ ਮਸਲਾ ਪੰਜਾਬ ਦੇ ਜੀਵਤ ਸਿੱਖ ਇਤਿਹਾਸ ਨੂੰ ਬਿਪਰਵਾਦੀ, ਅਵਤਾਰਵਾਦੀ, ਕਰਮਕਾਂਡੀ ਤੇ ਪੁਜਾਰੀਵਾਦੀ ਮਿਥਿਹਾਸ ਬਣਾ ਕੇ ਮੁਰਦਾ ਬਣਾਉਣ ਦਾ ਹੈ ਨਾ ਕਿ ਪੁਸਤਕਾਂ ਦੇ ਪਾਠਕ੍ਰਮ ਜਾਂ ਸਿਲੇਬਸ ਤਬਦੀਲੀ ਦਾ, ਇਸ ਲਈ ਅਤਿਅੰਤ ਲੋੜੀਂਦਾ ਹੈ ਕਿ ਗੁਰਬਾਣੀ ਤੇ ਗੁਰਇਤਿਹਾਸ ਦੀ ਸਿਧਾਂਤਕ ਸੂਝ ਰੱਖਣ ਵਾਲੇ ਨਿਰਪੱਖ ਵਿਦਵਾਨਾਂ ਦੀ ਸਲਾਹ ਨਾਲ ਪੁਸਤਕਾਂ ਦਾ ਵਿਸ਼ਾ-ਵਸਤੂ ਬਦਲ ਕੇ ਨਵੇਂ ਸਿਰਿਓਂ ਛਪਾਈ ਹੋਵੇ। ਇਹ ਵਿਚਾਰ ਹਨ ਅੰਤਰਰਾਸ਼ਟਰੀ ਸਿੱਖ ਪ੍ਰਚਾਰਕ ਗਿਆਨੀ ਜਗਤਾਰ ਸਿੰਘ ਜਾਚਕ ਦੇ, ਜੋ ਉਨ੍ਹਾਂ ਨਿਊਯਾਰਕ ਤੋਂ ਰੋਜ਼ਾਨਾ ਸਪੋਕਸਮੈਨ ਨੂੰ ਭੇਜੇ ਪ੍ਰੈਸ ਨੋਟ ਰਾਹੀਂ ਕਹੇ।  

ਬਾਬਾ ਫ਼ਰੀਦ ਯੂਨੀਵਰਸਿਟੀ ਦੇ ਸਾਬਕਾ ਰਜਿਸਟਰਾਰ ਡਾ. ਪਿਆਰੇ ਲਾਲ 'ਗਰਗ' ਮੁਤਾਬਕ ਪੁਸਤਕ ਵਿਦਿਆਰਥੀਆਂ ਅੰਦਰ ਖੋਜ ਬਿਰਤੀ ਪੈਦਾ ਕਰਨ ਦੀ ਥਾਂ ਅਗਨੀ ਚੋਂ ਤਿੰਨ ਨਾਇਕ ਪੈਦਾ ਹੋਣਾ ਦੱਸ ਕੇ ਅੰਧ-ਵਿਸ਼ਵਾਸੀ ਬਣਾਉਂਦੀ ਹੈ ਵੈਦਿਕ, ਜੈਨ ਤੇ ਬੁੱਧ ਦੇ ਸਿਰਲੇਖ ਦੀ ਥਾਂ ਲਿਖਿਆ ਹੈ 'ਪੂਜਾਰੀ, ਭਿਕਸ਼ੂ ਤੇ ਦਾਨੀ' ਭਗਤੀ ਲਹਿਰ ਨੂੰ 'ਰਾਮ ਭਗਤੀ ਲਹਿਰ' ਲਿਖਿਆ ਹੈ। ਭਗਤ ਕਬੀਰ ਤੇ ਰਵਿਦਾਸ ਜੀ ਨੂੰ ਵੱਡੇ ਰਾਮ-ਭਗਤ ਦੱਸ ਕੇ ਗੁਰੂ ਗ੍ਰੰਥ ਸਾਹਿਬ 'ਤੇ ਵੀ ਲੁਕਵਾਂ ਹਮਲਾ ਕੀਤਾ ਗਿਆ ਹੈ। ਸਿੱਖ ਇਤਿਹਾਸ ਤੇ ਅਜ਼ਾਦੀ ਦੇ ਸੰਘਰਸ਼ 'ਚੋਂ ਦਲਿਤਾਂ ਦੀ ਭੂਮਿਕਾ ਨੂੰ ਅਣਗੌਲਿਆਂ ਕੀਤਾ ਗਿਆ ਹੈ।