ਜਥੇਦਾਰ ਕੁਲਦੀਪ ਸਿੰਘ ਵਡਾਲਾ ਨਹੀਂ ਰਹੇ 

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸਾਬਕਾ ਵਿਧਾਇਕ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਤੇ ਅੰਤ੍ਰਿੰਗ ਕਮੇਟੀ ਮੈਂਬਰ ਰਹੇ ਜਥੇਦਾਰ ਕੁਲਦੀਪ ਸਿੰਘ ਵਡਾਲਾ ਦਾ ਸੰਖੇਪ ...

Jathedar Kuldeep Singh Wadala

ਅੰਮ੍ਰਿਤਸਰ/ਚੰਡੀਗੜ੍ਹ : ਸਾਬਕਾ ਵਿਧਾਇਕ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਤੇ ਅੰਤ੍ਰਿੰਗ ਕਮੇਟੀ ਮੈਂਬਰ ਰਹੇ ਜਥੇਦਾਰ ਕੁਲਦੀਪ ਸਿੰਘ ਵਡਾਲਾ ਦਾ ਸੰਖੇਪ ਬੀਮਾਰੀ ਮਗਰੋਂ ਅੱਜ ਦੁਪਹਿਰ ਉਨ੍ਹਾਂ ਦੇ ਜੱਦੀ ਪਿੰਡ ਬਡਾਲਾ ਜ਼ਿਲ੍ਹਾ ਜਲੰਧਰ ਵਿਖੇ ਦੇਹਾਂਤ ਹੋ ਗਿਆ। ਸ. ਬਡਾਲਾ ਨਕੋਦਰ ਤੋਂ ਸਾਬਕਾ ਵਿਧਾਇਕ ਸਨ ਜੋ ਨਕੋਦਰ ਤੋਂ ਮੌਜੂਦਾ ਵਿਧਾਇਕ ਗੁਰਪ੍ਰਤਾਪ ਸਿੰਘ ਬਡਾਲਾ ਦੇ ਪਿਤਾ ਹਨ।  

86 ਵਰ੍ਹਿਆਂ ਦੇ ਕੁਲਦੀਪ ਸਿੰਘ ਵਡਾਲਾ ਦੇ ਪਰਵਾਰ ਵਿਚ ਚਾਰ ਪੁੱਤਰ ਅਤੇ ਤਿੰਨ ਧੀਆਂ ਹਨ। ਜਥੇਦਾਰ ਵਡਾਲਾ ਨੇ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰ ਵਜੋਂ ਗੁਰਦੁਆਰਾ ਪ੍ਰਬੰਧਾਂ ਨੂੰ ਬੇਹਤਰ ਬਣਾਉਣ ਲਈ ਅਪਣਾ ਯੋਗਦਾਨ ਪਾਇਆ ਅਤੇ ਪਿਛਲੇ ਲੰਮੇ ਸਮੇਂ ਤੋਂ ਕਰਤਾਰਪੁਰ ਸਾਹਿਬ (ਪਾਕਿਸਤਾਨ) ਦੇ ਦਰਸ਼ਨ ਦੀਦਾਰਿਆਂ ਲਈ ਡੇਰਾ ਬਾਬਾ ਨਾਨਕ (ਗੁਰਦਾਸਪੁਰ) ਤੋਂ ਕਰਤਾਰਪੁਰ ਸਾਹਿਬ ਤਕ ਖੁਲ੍ਹੇ ਲਾਂਘੇ ਲਈ ਯਤਨ ਕਰ ਰਹੇ ਸਨ ਅਤੇ ਹਰ ਮਹੀਨੇ ਸਰਹੱਦ 'ਤੇ ਅਰਦਾਸ ਕਰਦੇ ਆ ਰਹੇ ਸਨ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਦੇ ਦੇਹਾਂਤ 'ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਕੁਲਦੀਪ ਸਿੰਘ ਵਡਾਲਾ ਤਜਰਬੇਕਾਰ ਸਿਆਸਤਦਾਨ ਸਨ ਜਿਨ੍ਹਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ ਸ੍ਰੀ ਕਰਤਾਰਪੁਰ ਸਾਹਿਬ ਲਈ ਡੇਰਾ ਬਾਬਾ ਨਾਨਕ ਤੋਂ ਵਿਸ਼ੇਸ਼ ਗਲਿਆਰਾ ਖੁਲਵਾਉਣ ਲਈ ਅਣਥੱਕ ਕੋਸ਼ਿਸ਼ਾਂ ਕੀਤੀਆਂ। 

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਪੰਥਕ ਅਤੇ ਰਾਜਨੀਤਕ ਸ਼ਖ਼ਸੀਅਤ ਜਥੇਦਾਰ ਕੁਲਦੀਪ ਸਿੰਘ ਵਡਾਲਾ ਦੇ ਅਕਾਲ ਚਲਾਣਾ ਕਰ ਜਾਣ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਜਥੇਦਾਰ ਵਡਾਲਾ ਦਾ ਅਕਾਲ ਚਲਾਣਾ ਸਿੱਖ ਜਗਤ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ।

ਉਨਾਂ ਕਿਹਾ ਕਿ ਜਥੇਦਾਰ ਕੁਲਦੀਪ ਸਿੰਘ ਵਡਾਲਾ ਨੇ ਆਪਣੇ ਪੰਥਕ ਅਤੇ ਰਾਜਨੀਤਕ ਸਫ਼ਰ ਦੌਰਾਨ ਕਈ ਉਤਰਾ-ਚੜ੍ਹਾਅ ਵੇਖੇ ਅਤੇ ਸੰਕਟਮਈ ਸਮਮਿਆਂ ਵਿਚ ਵੀ ਪੰਥ ਦੀ ਚੜ੍ਹਦੀ ਕਲਾ ਲਈ ਕਾਰਜਸ਼ੀਲ ਰਹੇ। ਭਾਈ ਲੌਂਗੋਵਾਲ ਨੇ ਜਥੇਦਾਰ ਵਡਾਲਾ ਦੀ ਘਾਲਣਾ ਨੂੰ ਯਾਦ ਕਰਦਿਆਂ ਕਿਹਾ ਕਿ ਜਿਥੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਸਰਗਰਮ ਨੇਤਾ ਰਹੇ, ਉਥੇ ਹੀ ਉਨਾਂ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਅਤੇ ਅੰਤ੍ਰਿੰਗ ਕਮੇਟੀ ਮੈਂਬਰ ਵਜੋਂ ਨਿਭਾਈ ਭੂਮਿਕਾ ਵੀ ਯਾਦ ਰੱਖਣ ਯੋਗ ਹੈ। ਜਥੇਦਾਰ ਵਡਾਲਾ ਦੇ ਅਕਾਲ ਚਲਾਣੇ ਦੇ ਸੋਗ ਵਜੋਂ ਸ਼੍ਰੋਮਣੀ ਕਮੇਟੀ ਦੇ ਦਫ਼ਤਰ 7 ਜੂਨ ਨੂੰ ਬਾਅਦ ਦੁਪਹਿਰ ਬੰਦ ਰਹਿਣਗੇ।