ਲੰਗਰ ਵਾਸਤੇ 'ਖ਼ੈਰਾਤ' ਦਿਵਾਉਣ ਲਈ  ਸਿੱਖਾਂ ਤੋਂ ਮਾਫ਼ੀ ਮੰਗਣ ਸੁਖਬੀਰ ਤੇ ਹਰਸਿਮਰਤ : ਨਲਵੀ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਦਰਬਾਰ ਸਾਹਿਬ ਦੇ ਲੰਗਰ ਦੀ ਰਸਦ 'ਤੇ ਕੇਂਦਰ ਵਲੋਂ 'ਰਾਹਤ' ਦਿਤੇ ਜਾਣ 'ਤੇ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਘੇਰਦਿਆਂ ਹਰਿਆਣਾ ਸਿੱਖ ਸਮਾਜ ਵਿਕਾਸ ਸੰਸਥਾ....

Didar Singh Nalwa

ਚੰਡੀਗੜ੍ਹ,ਦਰਬਾਰ ਸਾਹਿਬ ਦੇ ਲੰਗਰ ਦੀ ਰਸਦ 'ਤੇ ਕੇਂਦਰ ਵਲੋਂ 'ਰਾਹਤ' ਦਿਤੇ ਜਾਣ 'ਤੇ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਘੇਰਦਿਆਂ ਹਰਿਆਣਾ ਸਿੱਖ ਸਮਾਜ ਵਿਕਾਸ ਸੰਸਥਾ ਦੇ ਪ੍ਰਧਾਨ ਦੀਦਾਰ ਸਿੰਘ ਨਲਵੀ ਨੇ ਕਿਹਾ ਹੈ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੀ ਪਤਨੀ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਇਸ ਮਾਮਲੇ 'ਚ ਸਿੱਖਾਂ ਨੂੰ ਗੁਮਰਾਹ ਕੀਤਾ ਹੈ ਜਿਸ ਲਈ ਉਨ੍ਹਾਂ ਨੂੰ ਸਿੱਖਾਂ ਤੋਂ ਮਾਫ਼ੀ ਮੰਗਣੀ ਚਾਹੀਦੀ ਹੈ। 

ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਨੋਟੀਫ਼ੀਕੇਸ਼ਨ ਵਿਚ ਸਾਫ਼ ਤੌਰ 'ਤੇ ਲਿਖਿਆ ਹੈ ਕਿ ਰਸਦ 'ਤੇ ਗ੍ਰਾਂਟ ਇਨ ਏਡ ਜਾਂ ਸਪੱਸ਼ਟ ਸ਼ਬਦਾਂ ਵਿਚ ਕਹੀਏ ਤਾਂ ਖ਼ੈਰਾਤ ਦਿਤੀ ਜਾ ਰਹੀ ਹੈ ਜੋ ਸਿੱਖ ਕੌਮ ਬਿਲਕੁਲ ਵੀ ਪ੍ਰਵਾਨ ਨਹੀਂ ਕਰ ਸਕਦੀ। ਉਨ੍ਹਾਂ ਕਿਹਾ ਕਿ ਹਰਸਿਮਰਤ ਕੌਰ ਬਾਦਲ ਨੂੰ ਇਸ ਨੋਟੀਫ਼ੀਕੇਸ਼ਨ ਦੇ ਅੱਖਰ-ਅੱਖਰ ਬਾਰੇ ਪਤਾ ਸੀ ਪਰ ਇਸ ਦੇ ਬਾਵਜੂਦ ਉਹ ਸਿੱਖਾਂ ਨੂੰ ਗੁਮਰਾਹ ਕਰਦੇ ਰਹੇ।

ਉਨ੍ਹਾਂ ਕਿਹਾ ਕਿ ਸੈਂਕੜੇ ਸਾਲ ਪੁਰਾਣੀ ਲੰਗਰ ਪ੍ਰਥਾ ਲਈ ਕਦੇ ਵੀ ਖ਼ੈਰਾਤ ਨਹੀਂ ਮੰਗੀ ਗਈ ਤੇ ਨਾ ਹੀ ਪ੍ਰਵਾਨ ਕੀਤੀ ਗਈ। ਗੁਰੂ ਦਾ ਲੰਗਰ ਸਦੀਆਂ ਤੋਂ ਸੰਗਤ ਦੇ ਦਾਨ ਨਾਲ ਚਲਦਾ ਆ ਰਿਹਾ ਹੈ ਪਰ ਅਕਾਲੀ ਆਗੂਆਂ ਨੇ ਮੋਦੀ ਸਰਕਾਰ ਕੋਲੋਂ ਖ਼ੈਰਾਤ ਪ੍ਰਵਾਨ ਕਰ ਕੇ ਲੰਗਰ ਪ੍ਰਥਾ ਨੂੰ ਵੱਡੀ ਢਾਹ ਲਾਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਮਾਮਲੇ ਵਿਚ ਭਾਜਪਾ ਵੀ ਬਰਾਬਰ ਦੀ ਦੋਸ਼ੀ ਹੈ ਜਿਸ ਨੂੰ ਸਿੱਖ ਧਰਮ ਦੀ ਲੰਗਰ ਪ੍ਰਥਾ ਦਾ ਉਕਾ ਹੀ ਗਿਆਨ ਨਹੀਂ। ਮੋਦੀ ਸਰਕਾਰ ਨੇ ਲੰਗਰ ਵਾਸਤੇ ਖ਼ੈਰਾਤ ਦੇ ਕੇ ਸਿੱਖ ਪੰਥ ਦੀ ਤੌਹੀਨ ਕੀਤੀ ਹੈ। 

ਨਲਵੀ ਨੇ ਕਿਹਾ ਕਿ ਸਿੱਖਾਂ ਨੂੰ ਉਮੀਦ ਨਹੀਂ ਸੀ ਕਿ ਇਸ ਬੇਹੱਦ ਅਹਿਮ ਮਸਲੇ 'ਤੇ ਅਕਾਲੀ ਦਲ ਦੇ ਪ੍ਰਧਾਨ ਸਿੱਖਾਂ ਨਾਲ ਏਨਾ ਵੱਡਾ ਝੂਠ ਬੋਲਣਗੇ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵਲੋਂ ਦਿਤੀ ਗਈ ਖ਼ੈਰਾਤ ਲੰਗਰ ਪ੍ਰਥਾ ਅਤੇ ਸਿੱਖ ਕੌਮ ਦਾ ਅਪਮਾਨ ਹੈ। ਉਨ੍ਹਾਂ ਪੁਰਾਣੀਆਂ ਮਿਸਾਲਾਂ ਦਿੰਦਿਆਂ ਦਸਿਆ ਕਿ ਲੰਗਰ ਪ੍ਰਥਾ ਲਈ ਜੇ ਕਦੇ ਕਿਸੇ ਨੇ ਖ਼ੈਰਾਤ ਦੇਣ ਦੀ ਕੋਸ਼ਿਸ ਵੀ ਕੀਤੀ ਤਾਂ ਉਹ ਉਸੇ ਵੇਲੇ ਰੱਦ ਕਰ ਦਿਤੀ ਗਈ

ਪਰ ਅਕਾਲੀ ਆਗੂ ਲੰਗਰ ਵਾਸਤੇ ਖ਼ੈਰਾਤ ਲੈਣ ਲਈ ਮੋਦੀ ਸਰਕਾਰ ਦੀਆਂ ਲੇਲੜੀਆਂ ਕਢਦੇ ਰਹੇ ਅਤੇ ਜਦ ਨੋਟੀਫ਼ੀਕੇਸ਼ਨ ਜਾਰੀ ਹੋ ਗਿਆ ਤਾਂ ਇਸ ਨੂੰ ਇਤਿਹਾਸਕ ਫ਼ੈਸਲਾ ਕਰਾਰ ਦਿੰਦਿਆਂ ਅਪਣੀ ਪਾਰਟੀ ਦੀ ਪ੍ਰਾਪਤੀ ਦੱਸ ਰਹੇ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਨੂੰ ਸਿੱਖਾਂ ਕੋਲੋਂ ਮਾਫ਼ੀ ਮੰਗਣੀ ਚਾਹੀਦੀ ਹੈ ਕਿ ਉਸ ਨੇ ਇਸ ਅਹਿਮ ਮਸਲੇ 'ਚ ਸਿੱਖਾਂ ਨੂੰ ਗੁਮਰਾਹ ਕੀਤਾ ਅਤੇ ਮੋਦੀ ਸਰਕਾਰ ਵਲੋਂ ਦਿਤੀ ਗਈ ਖ਼ੈਰਾਤ ਪ੍ਰਵਾਨ ਕੀਤੀ।