84 ਘੱਲੂਘਾਰਾ ਸ਼ਹੀਦੀ ਦਿਹਾੜੇ ਦੀ ਅਰਦਾਸ ਸਮੇਂ ਦਿਤੇ ਸਹਿਯੋਗ ਲਈ ਧਨਵਾਦ : ਮਾਨ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਕਿਹਾ - ਇਸ ਵਾਰੀ ਸੱਭ ਸਿੱਖਾਂ ਨੇ, ਸਿੱਖ ਜਥੇਬੰਦੀਆਂ ਨੇ ਪੂਰੇ ਅਮਨਮਈ ਢੰਗ ਨਾਲ ਸ਼ਹੀਦਾਂ ਦੀਆਂ ਆਤਮਾਵਾਂ ਦੀ ਸ਼ਾਂਤੀ ਲਈ ਅਰਦਾਸ ਵਿਚ ਯੋਗਦਾਨ ਪਾਇਆ

Simranjit Singh Mann

ਅੰਮ੍ਰਿਤਸਰ : ਜਿਵੇਂ ਬੀਤੇ ਕਈ ਵਰ੍ਹਿਆਂ ਤੋਂ ਸਮੁੱਚੀ ਸਿੱਖ ਕੌਮ, ਸਮੁੱਚੀਆਂ ਸਿੱਖ ਜਥੇਬੰਦੀਆਂ ਇਕੱਤਰ ਹੋ ਕੇ ਸੀ੍ਰ ਅਕਾਲ ਤਖ਼ਤ ਸਾਹਿਬ ਦੇ ਉਸ ਮਹਾਨ ਸ਼ਹੀਦੀ ਅਸਥਾਨ ਜਿਥੇ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਅਤੇ ਸਿੰਘਾਂ ਨੇ ਤਿੰਨ ਪ੍ਰਮਾਣੂ ਤਾਕਤਾਂ ਨਾਲ ਲੈਸ ਮੁਲਕਾਂ ਰੂਸ, ਬਰਤਾਨੀਆ ਅਤੇ ਭਾਰਤ ਦੀਆਂ ਫ਼ੌਜਾਂ ਨੇ 1984 ਵਿਚ ਇਕ ਸਿੱਖ ਵਿਰੋਧੀ ਮੰਦਭਾਵਨਾ ਅਧੀਨ ਬਲਿਊ ਸਟਾਰ ਦਾ ਫ਼ੌਜੀ ਹਮਲਾ ਕਰ ਕੇ ਕੇਵਲ ਸਾਡੇ ਮਹਾਨ ਤਖ਼ਤ ਤੇ ਸ੍ਰੀ ਦਰਬਾਰ ਸਾਹਿਬ ਦੇ ਸਥਾਨ ਨੂੰ ਟੈਂਕਾਂ-ਤੋਪਾਂ ਨਾਲ ਢਹਿ-ਢੇਰੀ ਹੀ ਨਹੀਂ ਸੀ ਕੀਤਾ।

ਬਲਕਿ ਉਥੇ ਨਿਰਦੋਸ਼ ਅਤੇ ਨਿਹੱਥੇ ਪਹੁੰਚੇ ਕੋਈ 26 ਹਜ਼ਾਰ ਦੇ ਕਰੀਬ ਸ਼ਰਧਾਲੂਆ ਜਿਨ੍ਹਾਂ ਵਿਚ ਬੱਚੇ, ਬੀਬੀਆਂ, ਨੌਜਵਾਨ ਅਤੇ ਬਜ਼ੁਰਗ ਸਨ ਅਤੇ ਜੋ ਆਪਣੇ ਪੰਜਵੇਂ ਗੁਰੂ ਜੀ ਦੀ ਸ਼ਹਾਦਤ ਨੂੰ ਨਤਮਸਤਕ ਹੋਣ ਗਏ ਸਨ, ਨੂੰ ਸ਼ਹੀਦ ਕਰ ਦਿਤਾ ਸੀ ਅਤੇ ਸਟੇਟਲੈਸ ਸਿੱਖ ਕੌਮ ਉਤੇ ਕੌਮਾਂਤਰੀ ਕਾਨੂੰਨਾਂ ਦੀ ਉਲੰਘਣਾ ਕਰ ਕੇ ਜ਼ਬਰ-ਜ਼ੁਲਮ ਕੀਤਾ ਸੀ, ਉਨ੍ਹਾਂ ਸ਼ਹੀਦਾਂ ਦੀਆਂ ਆਤਮਾਵਾਂ ਨੂੰ ਸ਼ਾਂਤੀ ਪ੍ਰਦਾਨ ਕਰਨ ਲਈ ਹਰ ਸਾਲ ਅਰਦਾਸ ਕੀਤੀ ਜਾਂਦੀ ਆ ਰਹੀ ਹੈ। ਇਸ ਵਾਰੀ ਸੱਭ ਸਿੱਖਾਂ ਨੇ, ਸਿੱਖ ਜਥੇਬੰਦੀਆਂ ਨੇ ਪੂਰੇ ਅਮਨਮਈ ਢੰਗ ਨਾਲ ਸ਼ਹੀਦਾਂ ਦੀਆਂ ਆਤਮਾਵਾਂ ਦੀ ਸ਼ਾਂਤੀ ਲਈ ਅਰਦਾਸ ਵਿਚ ਯੋਗਦਾਨ ਪਾਇਆ, ਉਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਸਮੁੱਚੀ ਜਥੇਬੰਦੀ ਸਮੁੱਚੀ ਸਿੱਖ ਕੌਮ, ਸਮੁੱਚੀਆਂ ਸਿੱਖ ਜਥੇਬੰਦੀਆਂ ਆਦਿ ਸੱਭ ਦਾ ਤਹਿ ਦਿਲੋਂ ਜਿਥੇ ਧਨਵਾਦ ਕਰਦੇ ਹਾਂ।

ਉਥੇ ਉਮੀਦ ਕਰਦੇ ਹਾਂ ਕਿ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਤੇ ਸ਼ਹੀਦਾਂ ਨੇ ਜਿਸ ਮਕਸਦ ਦੀ ਪ੍ਰਾਪਤੀ ਲਈ ਅਪਣੀਆਂ ਮਹਾਨ ਸ਼ਹਾਦਤਾਂ ਦਿਤੀਆਂ ਉਸ ਮੰਜ਼ਲ ਦੀ ਪ੍ਰਾਪਤੀ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਲੋਂ ਕੀਤੇ ਜਾ ਰਹੇ ਅਮਨਮਈ ਤੇ ਜਮਹੂਰੀਅਤ ਢੰਗਾਂ ਰਾਹੀ ਸੰਘਰਸ਼ ਵਿਚ ਸੰਜ਼ੀਦਗੀ ਨਾਲ ਯੋਗਦਾਨ ਪਾਉਂਦੇ ਰਹੋਗੇ। ਇਹ ਧਨਵਾਦ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅਕਾਲ ਤਖ਼ਤ ਸਾਹਿਬ ਵਿਖੇ ਸ਼ਹੀਦਾਂ ਦੀ ਹੋਈ ਸਮੂਹਕ ਅਰਦਾਸ ਵਿਚ ਸ਼ਾਮਲ ਹੋਣ ਉਪਰੰਤ ਸਮੁੱਚੀ ਅੰਮ੍ਰਿਤਸਰ ਦੀ ਪ੍ਰੈਸ ਨੂੰ ਇਕ ਪ੍ਰੈਸ ਰੀਲੀਜ਼ ਰਾਹੀਂ ਜਾਣਕਾਰੀ ਦਿੰਦੇ ਹੋਏ ਕੀਤਾ।