Saka Neela Tara: 40ਵੀ ਵਰ੍ਹੇਗੰਢ ਮੌਕੇ ਦਲ ਖ਼ਾਲਸਾ ਨੇ ਅੰਮ੍ਰਿਤਸਰ ਸ਼ਹਿਰ ਵਿਚ ਘੱਲੂਘਾਰਾ ਯਾਦਗਾਰੀ ਮਾਰਚ ਕੀਤਾ 

ਏਜੰਸੀ

ਪੰਥਕ, ਪੰਥਕ/ਗੁਰਬਾਣੀ

ਅੱਜ ਅੰਮ੍ਰਿਤਸਰ ਬੰਦ ਰੱਖਣ ਦੀ ਦਲ ਖ਼ਾਲਸਾ ਨੇ ਦਿਤੀ ਕਾਲ

File Photo

Saka Neela Tara: ਅੰਮ੍ਰਿਤਸਰ  (ਬਹੋੜੂ): ਜੂਨ 1984 ਵਿਚ ਭਾਰਤੀ ਫ਼ੌਜ ਵਲੋਂ ਦਰਬਾਰ ਸਾਹਿਬ ’ਤੇ ਕੀਤੇ ਹਮਲੇ ਦੀ 40ਵੀ ਵਰ੍ਹੇਗੰਢ ਮੌਕੇ ਦਲ ਖ਼ਾਲਸਾ ਵਲੋਂ ਅੰਮ੍ਰਿਤਸਰ ਸ਼ਹਿਰ ਵਿਚ ਘੱਲੂਘਾਰਾ ਯਾਦਗਾਰੀ ਮਾਰਚ ਕੀਤਾ ਗਿਆ। ਮਾਰਚ ਵਿਚ ਹਜ਼ਾਰਾਂ ਪਾਰਟੀ ਕਾਰਕੁਨਾਂ ਨੇ ਸ਼ਿਰਕਤ ਕੀਤੀ। ਬੁਰਜ ਅਕਾਲੀ ਫੂਲਾ ਸਿੰਘ ਤੋਂ ਸ਼ੁਰੂ ਹੋ ਕੇ ਦਰਬਾਰ ਸਾਹਿਬ ਤਕ ਪਹੁੰਚੇ ਮਾਰਚ ਵਿਚ ਨੌਜਵਾਨਾਂ, ਬਜ਼ੁਰਗਾਂ, ਬੱਚਿਆਂ ਅਤੇ ਔਰਤਾਂ ਨੇ ਹੱਥਾਂ ਵਿਚ ਖ਼ਾਲਿਸਤਾਨ ਦੇ ਝੰਡੇ ਅਤੇ ਜੂਝਕੇ ਸ਼ਹੀਦ ਹੋਣ ਵਾਲੇ ਸਿੱਖ ਸ਼ਹੀਦਾਂ ਦੀਆਂ ਤਸਵੀਰਾਂ ਫੜ੍ਹ ਖ਼ਾਲਿਸਤਾਨ ਜ਼ਿੰਦਾਬਾਦ ਦੇ ਜੋਸ਼ ਭਰਪੂਰ ਨਾਹਰੇ ਲਗਾਏ।

ਪਾਰਟੀ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ ਨੇ ਸੰਗਤਾਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਸਿੱਖ ਦਾ ਸੰਘਰਸ਼ ਬਾਦਸ਼ਾਹਤ ਹਾਸਲ ਕਰਨ ਦਾ ਹੈ । ਖ਼ਾਲਸਾ ਬਾਗ਼ੀ ਜਾਂ ਬਾਦਸ਼ਾਹ ਦੇ ਸਿਧਾਂਤ ਦਾ ਹਵਾਲਾ ਦਿੰਦਿਆਂ ਉਨ੍ਹਾਂ  ਕਿਹਾ ਕਿ ਅਸੀ ਬਾਗ਼ੀ ਵੀ ਅਪਣੀ ਖੁਸੀ ਬਾਦਸ਼ਾਹਤ ਨੂੰ ਮੁੜ ਹਾਸਲ ਕਰਨ ਲਈ ਹੀ ਬਣੇ ਹਾਂ। ਉਨ੍ਹਾਂ ਕਿਹਾ ਕਿ ਅਸੀਂ ਇਹ ਮਾਰਚ ਅਪਣੇ ਜੂਨ 84 ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਅਤੇ ਭਾਰਤ ਸਰਕਾਰ ਨੂੰ ਇਹ ਦਸਣ ਲਈ ਕਰ ਰਹੇ ਹਾਂ ਕਿ ਚਾਲੀ ਸਾਲਾਂ ਬਾਅਦ ਵੀ ਸਾਡੇ ਜ਼ਖ਼ਮ ਸੁੱਕੇ ਨਹੀਂ ਅਤੇ ਨਾ ਹੀ ਅਸੀਂ ਇਸ ਹਮਲੇ ਦੇ ਦੋਸ਼ੀਆਂ ਨੂੰ ਮੁਆਫ਼ ਕੀਤਾ ਹੈ।

ਉਨ੍ਹਾਂ ਕਿਹਾ ਕਿ ਅਜਿਹੇ ਕਹਿਰੀ ਹਮਲਿਆਂ ਨੂੰ ਭਵਿੱਖ ਵਿਚ ਰੋਕਣ ਲਈ ਜ਼ਰੂਰੀ ਹੈ ਕਿ ਕੌਮ ਦਾ ਹਰ ਵਰਗ ਵਿਸ਼ੇਸ਼ ਤੌਰ ਤੇ ਨੌਜਵਾਨ ਸੁਚੇਤ ਰਹੇ ਅਤੇ ਉਸ ਨੂੰ ਦੁਸ਼ਮਣ ਦੀ ਨੀਤੀ ਤੇ ਨੀਯਤ ਦੋਹਾਂ ਦੀ ਸਮਝ ਹੋਵੇ।  ਜਥੇਬੰਦੀ ਵਲੋਂ ਦਰਬਾਰ ਸਾਹਿਬ ਅਤੇ ਹੋਰਨਾਂ ਗੁਰੂ ਘਰਾਂ ਉਪਰ ਹੋਏ ਭਾਰਤੀ ਹਮਲੇ ਦੇ ਵਿਰੋਧ ਵਿਚ 6 ਜੂਨ ਨੂੰ ‘ਅੰਮ੍ਰਿਤਸਰ ਬੰਦ’ ਦਾ ਸੱਦਾ ਵੀ ਦਿਤਾ। 

ਪੰਥਕ ਸ਼ਖ਼ਸੀਅਤਾਂ ਜਿਨ੍ਹਾਂ ਵਿਚ ਭਾਈ ਜਸਬੀਰ ਸਿੰਘ ਰੋਡੇ ਸਾਬਕਾ ਜਥੇਦਾਰ, ਗੁਰਦੀਪ ਸਿੰਘ ਬਠਿੰਡਾ, ਹਰਪਾਲ ਸਿੰਘ ਬਲੇਰ, ਭਾਈ ਰਾਜਿੰਦਰ ਸਿੰਘ ਮੁਗਲਵਾਲ, ਮਨਦੀਪ ਸਿੰਘ ਸਿੱਧੂ ਅਤੇ ਨਰਾਇਣ ਸਿੰਘ ਨੇ ਮਾਰਚ ਵਿਚ ਹਿੱਸਾ ਲਿਆ। ਪਾਰਟੀ ਦੇ ਕਾਰਜਕਾਰੀ ਪ੍ਰਧਾਨ ਪਰਮਜੀਤ ਸਿੰਘ ਮੰਡ ਨੇ ਜੋਸ਼ ਭਰਪੂਰ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ 6 ਜੂਨ ਸਾਡੇ ਲਈ ਸਹੀ ਮਾਅਨਿਆਂ ਵਿਚ ਖ਼ਾਲਿਸਤਾਨ ਡੇਅ ਹੈ। ਉਨ੍ਹਾਂ ਕਿਹਾ ਕਿ ਪਿਛਲੇ ਚਾਲੀ ਵਰਿ੍ਹਆਂ ਦੌਰਾਨ ਸਿੱਖਾਂ ਦੀਆਂ ਘਾਲਣਾਵਾਂ, ਕੁਰਬਾਨੀਆਂ ਅਤੇ ਸ਼ਹਾਦਤਾਂ ਨੇ ਖ਼ਾਲਿਸਤਾਨ ਦੇ ਰਾਹ ਨੂੰ ਰੁਸ਼ਨਾਇਆ ਹੈ।

ਬੀਤੇ ਕਲ ਲੋਕ ਸਭਾ ਚੋਣਾਂ ਦੇ ਆਏ ਨਤੀਜਿਆਂ ਉੱਤੇ ਪੱਤਰਕਾਰਾਂ ਵਲੋਂ ਪੁੱਛੇ ਸਵਾਲ ਦੇ ਜੁਆਬ ਵਿਚ ਭਾਈ ਮੰਡ ਨੇ ਕਿਹਾ ਕਿ ਪਿਛਲੇ ਕੁੱਝ ਸਮਿਆਂ ਤੋਂ ਪੰਥਕ ਜਜ਼ਬਿਆਂ ਵਿਚ ਮੁੜ ਉਭਾਰ ਦੇਖਣ ਨੂੰ ਮਿਲ ਰਿਹਾ ਸੀ ਜਿਸ ਦਾ ਪ੍ਰਮਾਣ ਖਡੂਰ ਸਾਹਿਬ ਅਤੇ ਫ਼ਰੀਦਕੋਟ ਦੇ ਲੋਕਾਂ ਨੇ ਪੰਥਕ ਨੁਮਾਇੰਦਿਆਂ ਦੇ ਹੱਕ ਵਿਚ ਫ਼ਤਵਾ ਦੇ ਕੇ ਦਿਤਾ ਹੈ। ਉਨ੍ਹਾਂ ਕਿਹਾ ਕਿ ਚੰਗਾ ਹੋਵੇਗਾ ਜੇਕਰ ਸਰਕਾਰ ਅਤੇ ਗੋਦੀ ਮੀਡੀਆ ਵੀ ਬਦਨੀਤੀ ਛੱਡੇ ਅਤੇ ਇਸ ਹਕੀਕਤ ਨੂੰ ਪਛਾਣੇ ਕਿ ਪੰਥਕ ਅਤੇ ਖ਼ਾਲਿਸਤਾਨ ਦਾ ਜਜ਼ਬਾ ਜਿਉਂਦਾ ਤੇ ਜਾਗਦਾ ਹੈ।ਦਲ ਖ਼ਾਲਸਾ ਦੇ ਸਿਆਸੀ ਮਾਮਲਿਆਂ ਦੇ ਸਕੱਤਰ ਕੰਵਰਪਾਲ ਸਿੰਘ ਨੇ ਕਿਹਾ ਕਿ 6 ਨੂੰ ਅੰਮ੍ਰਿਤਸਰ ਸ਼ਹਿਰ ਬੰਦ ਰਹੇਗਾ ।