Panthak News: ਅੰਦਰਖਾਤੇ ਅਕਾਲੀ ਧੜਿਆਂ ’ਚ ਸੁਲਾਹ ਸਫ਼ਾਈ ਦੀਆਂ ਕੋਸ਼ਿਸ਼ਾਂ ਸ਼ੁਰੂ
Panthak News: ਅਕਾਲ ਤਖ਼ਤ ਦੇ ਜਥੇਦਾਰ ਦੋਹਾਂ ਧੜਿਆਂ ਨੂੰ ਤਲਬ ਕਰ ਕੇ ਕਿਸੇ ਫ਼ਾਰਮੂਲੇ ਤਹਿਤ ਏਕਤਾ ਦਾ ਦੇ ਸਕਦੇ ਹਨ ਹੁਕਮ
Efforts to reconcile internal Akali factions started Panthak News: ਅਕਾਲੀ ਦਲ ਦੇ ਬਾਗ਼ੀ ਧੜੇ ਦੇ ਆਗੂਆਂ ਵਲੋਂ ਅਕਾਲ ਤਖ਼ਤ ਸਾਹਿਬ ਉਪਰ ਪੇਸ਼ ਹੋ ਕੇ ਕੁੱਝ ਕੁ ਗ਼ਲਤੀਆਂ ਨੂੰ ਲੈ ਕੇ ਦਿਤੇ ਮਾਫ਼ੀ ਲਈ ਕਬੂਲਨਾਮੇ ਦੀ ਕਾਰਵਾਈ ਤੋਂ ਬਾਅਦ ਹੁਣ ਇਕ ਵਾਰ ਫਿਰ ਅੰਦਰਖ਼ਾਤੇ ਦੋਵੇਂ ਧੜਿਆਂ ਦੇ ਆਗੂਆਂ ਦਰਮਿਆਨ ਗੱਲਬਾਤ ਰਾਹੀਂ ਸੁਲਾਹ ਸਫ਼ਾਈ ਦੀਆਂ ਕੋਸ਼ਿਸ਼ਾਂ ਸ਼ੁਰੂ ਹੋਣ ਦੀ ਖ਼ਬਰ ਹੈ। ਸੂਤਰਾਂ ਦੀ ਮੰਨੀਏ ਤਾਂ ਦੋਵਾਂ ਹੀ ਪਾਸਿਆਂ ਤੋਂ ਕੁੱਝ ਆਗੂ ਸੁਲਾਹ ਸਫ਼ਾਈ ਦੀਆਂ ਕੋਸ਼ਿਸ਼ਾਂ ’ਚ ਸ਼ਾਮਲ ਦਸੇ ਜਾਂਦੇ ਹਨ। ਪਤਾ ਲੱਗਾ ਹੈ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਬਿਕਰਮ ਸਿੰਘ ਮਜੀਠੀਆ, ਪਰਮਜੀਤ ਸਿੰਘ ਸਰਨਾ ਇਸ ਦਿਸ਼ਾ ’ਚ ਕੋਸ਼ਿਸ਼ਾਂ ਕਰ ਰਹੇ ਹਨ।
ਧਾਮੀ ਨੇ ਪਿਛਲੇ ਦਿਨੀਂ ਸ਼੍ਰੋਮਣੀ ਕਮੇਟੀ ਮੈਂਬਰਾਂ ਨਾਲ ਸੁਖਬੀਰ ਬਾਦਲ ਵੀ ਮੀਟਿੰਗ ਬਾਅਦ ਵੀ ਖੁਲ੍ਹੇ ਤੌਰ ’ਤੇ ਕਹਿ ਚੁੱਕੇ ਹਨ ਕਿ ਉਹ ਆਪਸੀ ਨਾਰਾਜ਼ਗੀਆਂ ਦੂਰ ਕਰਨ ਲਈ ਜ਼ਿੰਮੇਵਾਰੀ ਚੁਕਣ ਨੂੰ ਤਿਆਰ ਹਨ। ਜ਼ਿਕਰਯੋਗ ਹੈ ਕਿ ਇਆਲੀ ਜੋ ਬਾਗ਼ੀ ਦਲ ਦੀਆਂ ਮੀਟਿੰਗਾਂ ’ਚ ਸ਼ੁਰੂ ਵਿਚ ਸ਼ਾਮਲ ਸਨ ਪਰ ਅਕਾਲ ਤਖ਼ਤ ਉਪਰ ਪੇਸ਼ ਹੋਣ ਤੋਂ ਪਹਿਲਾਂ ਉਹ ਬਾਗ਼ੀ ਗਰੁੱਪ ਵੀ ਜਲੰਧਰ ’ਚ ਹੋਈ ਅਹਿਮ ਮੀਟਿੰਗ ’ਚ ਸ਼ਾਮਲ ਨਹੀਂ ਸਨ ਹੋਏ। ਉਨ੍ਹਾਂ ਦਾ ਸਟੈਂਡ ਸਪੱਸ਼ਟ ਹੈ ਕਿ ਉਹ ਪਾਰਟੀ ਪਲੇਟਫਾਰਮ ਉਪਰ ਹੀ ਗੱਲ ਰੱਖ ਕੇ ਝੂੰਦਾ ਕਮੇਟੀ ਦੀਆਂ ਸਿਫਾਰਸ਼ਾਂ ਲਾਗੂ ਕਰਨ ਦੇ ਹੱਕ ’ਚ ਹਨ। ਬਾਗ਼ੀ ਗਰੁੱਪ ’ਚੋਂ ਗੁਰਪ੍ਰਤਾਪ ਸਿੰਘ ਵਡਾਲਾ ਅਤੇ ਸੁਰਜੀਤ ਸਿੰਘ ਰਖੜਾ ਵੀ ਪਾਰਟੀ ’ਚ ਏਕਤਾ ਰੱਖਣ ਦੇ ਹਾਮੀ ਹਨ। ਇਹ ਵੀ ਜ਼ਿਕਰਯੋਗ ਹੈ ਕਿ ਬਾਗ਼ੀ ਅਕਾਲੀ ਗਰੁੱਪ ਦੇ ਆਗੂਆਂ ਨੇ ਜਲੰਧਰ ਮੀਟਿੰਗ ’ਚ ਫ਼ੈਸਲਾ ਕੀਤਾ ਸੀ ਕਿ ਅਕਾਲ ਤਖ਼ਤ ਉਪਰ ਪੇਸ਼ ਹੋਣ ਬਾਅਦ ਉਹ ਸ਼੍ਰੋਮਣੀ ਅਕਾਲੀ ਦਲ ਬਚਾਉ ਲਹਿਰ ਸ਼ੁਰੂ ਕਰਨਗੇ ਪਰ ਹੁਣ ਇਹ ਆਗੂ ਤਖ਼ਤ ’ਤੇ ਜਾਣ ਬਾਅਦ ਇਕਦਮ ਚੁੱਪ ਹੋ ਗਏ ਹਨ।
ਇਹ ਵੀ ਵਰਨਣਯੋਗ ਹੈ ਕਿ ਭਾਵੇਂ ਸੁਖਬੀਰ ਬਾਦਲ ਹਲਕਾ ਇੰਚਾਰਜਾਂ ਤੋਂ ਲੈ ਕੇ ਸ਼੍ਰੋਮਣੀ ਕਮੇਟੀ ਤਕ ਦੇ ਮੈਂਬਰਾਂ ਦੀਆਂ ਲਗਾਤਾਰ ਮੀਟਿੰਗਾਂ ਕਰ ਕੇ ਅਪਣੇ ਸਮਰਥਨ ’ਚ ਭਰੋਸੇ ਤੇ ਮਤੇ ਪਾਸ ਕਰਵਾ ਚੁੱਕੇ ਹਨ ਪਰ ਹੁਣ ਇਕ ਵਾਰ ਬਾਦਲ ਸਮਰਥਕ ਸਾਰੇ ਪ੍ਰਮੁੱਖ ਆਗੂ ਵੀ ਬਾਗ਼ੀਆਂ ਵਿਰੁਧ ਚੁੱਪ ਧਾਰ ਗਏ ਹਨ। ਕਈ ਦਿਨ ਲਗਾਤਾਰ ਇਕ ਦੂਜੇ ਵਿਰੁਧ ਧੂੰਆਂਧਾਰ ਬਿਆਨਬਾਜ਼ੀਆਂ ਬਾਅਦ ਹੁਣ ਦੋਵੇਂ ਧਿਰਾਂ ਦੀ ਕਈ ਦਿਨਾਂ ਤੋਂ ਚੁੱਪੀ ਵੀ ਸੰਕੇਤ ਦੇ ਰਹੀ ਹੈ ਕਿ ਅੰਦਰਖਾਤੇ ਕੋਈ ਗੰਢਤੁੱਪ ਦਾ ਕੰਮ ਚੱਲ ਰਿਹਾ ਹੈ। ਇਹ ਵੀ ਪਤਾ ਲੱਗਾ ਹੈ ਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵੀ ਸੁਖਬੀਰ ਬਾਦਲ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਭਾਵ ਹੇਠ ਹਨ ਅਤੇ ਬਾਗ਼ੀਆਂ ਵਲੋਂ ਦਿਤੇ ਮਾਫ਼ੀ ਪੱਤਰ ਉਪਰ ਆਜ਼ਾਦ ਤੌਰ ’ਤੇ ਕੋਈ ਫ਼ੈਸਲਾ ਲੈਣ ਦੀ ਸਥਿਤੀ ’ਚ ਨਹੀਂ। ਉਹ ਦੋਵਾਂ ਹੀ ਧੜਿਆਂ ਨੂੰ ਅਕਾਲ ਤਖ਼ਤ ਉਪਰ ਸੱਦ ਕੇ ਏਕਤਾ ਲਈ ਕੋਈ ਹੁਕਮ ਦੇ ਸਕਦੇ ਹਨ। ਜਥੇਦਾਰ ਦਾ ਹੁਕਮ ਬਾਗ਼ੀ ਧੜੇ ਲਈ ਵੀ ਟਾਲਣਾ ਮੁਸ਼ਕਲ ਹੋਵੇਗਾ।
ਝੂੰਦਾ ਕਮੇਟੀ ਦੀਆਂ ਸਿਫਾਰਸ਼ਾਂ ਲਾਗੂ ਕਰ ਕੇ ਪਾਰਟੀ ’ਚ ਲੋਕਤੰਤਰੀ ਤਰੀਕੇ ਨਾਲ ਜਥੇਬੰਦੀ ਦੇ ਪੁਨਰਗਠਨ ਦੇ ਫ਼ਾਰਮੂਲੇ ਦੇ ਆਧਾਰ ’ਤੇ ਦੋਵਾਂ ਧੜਿਆਂ ’ਚ ਏਕਤਾ ਦਾ ਕੋਈ ਰਾਹ ਲੱਡਿਆ ਜਾ ਸਕਦਾ ਹੈ ਪਰ ਹੁਣ ਨਜ਼ਰਾਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਉਪਰ ਟਿਕਦੀਆਂ ਹਨ ਕਿ ਉਹ ਬਾਗ਼ੀ ਧੜੇ ਦੀ ਮਾਫ਼ੀ ਦੀ ਬੇਨਤੀ ਉਪਰ ਕਦ ਗ਼ੌਰ ਕਰ ਕੇ ਕੋਈ ਕਦਮ ਚੁੱਕਦੇ ਹਨ। ਜੇ ਅੰਦਰਖਾਤੇ ਚੱਲ ਰਹੇ ਸੁਲਾਹ ਸਫ਼ਾਈ ਦੇ ਯਤਨਾਂ ਨੂੰ ਕਾਮਯਾਬੀ ਮਿਲਦੀ ਹੈ ਤਾਂ ਜਥੇਦਾਰ ਛੇਤੀ ਕੋਈ ਮੀਟਿੰਗ ਬੁਲਾ ਕੇ ਦੋਵਾਂ ਧੜਿਆਂ ਨੂੰ ਸੱਦ ਕੇ ਗ਼ਲਤੀਆਂ ਦੀ ਥੋੜੀ ਸਜ਼ਾ ਲਾ ਸਕਦੇ ਹਨ ਪਰ ਜੇ ਏਕਤਾ ਦੇ ਯਤਨ ਕਿਸੇ ਕਾਰਨ ਸਿਰੇ ਨਹੀਂ ਚੜ੍ਹਦੇ ਤਾਂ ਫਿਰ ਜਥੇਦਾਰ ਲਈ ਵੀ ਕੋਈ ਅਗਲਾ ਕਦਮ ਚੁੱਕਣਾ ਆਸਾਨ ਨਹੀਂ ਹੋਵੇਗਾ।