ਬੇਅਦਬੀ ਮਾਮਲੇ 'ਚ ਪੁੱਛਗਿੱਛ ਤੋਂ ਬਾਅਦ ਬੋਲੇ ਸੁਖਬੀਰ ਬਾਦਲ, ਧਿਆਨ ਭਟਕਾਉਣ ਲਈ ਮੈਨੂੰ ਭੇਜਿਆ ਸੰਮਨ 

ਏਜੰਸੀ

ਪੰਥਕ, ਪੰਥਕ/ਗੁਰਬਾਣੀ

ਸਰਕਾਰ ਅਸਲ ਦੋਸ਼ੀਆਂ ਨੂੰ ਫੜਨ ਦੀ ਬਜਾਏ ਸਿਆਸਤ ਕਰ ਰਹੀ ਹੈ - ਸੁਖਬੀਰ ਬਾਦਲ

Sukhbir Badal

 

ਚੰਡੀਗੜ੍ਹ - ਬਹਿਬਲ ਕਲਾਂ ਗੋਲੀਕਾਂਡ ਮਾਮਲੇ ਵਿਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੋਂ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ (SIT) ਨੇ 3 ਘੰਟੇ ਤੱਕ ਪੁੱਛਗਿੱਛ ਕੀਤੀ। ਪੁੱਛਗਿੱਛ ਤੋਂ ਬਾਅਦ ਸੁਖਬੀਰ ਬਾਦਲ ਨੇ ਬਾਹਰ ਆ ਕੇ ਕਿਹਾ ਕਿ ਮੈਂ ਐਸਆਈਟੀ ਨੂੰ ਕਿਹਾ ਕਿ ਪਿਛਲੇ 7 ਸਾਲਾਂ ਵਿਚ ਅਸਲ ਦੋਸ਼ੀਆਂ ਨੂੰ ਫੜਨ ਲਈ ਕੋਈ ਕੋਸ਼ਿਸ਼ ਨਹੀਂ ਕੀਤੀ ਜਾ ਰਹੀ।

ਸਿਰਫ਼ ਸਾਨੂੰ ਹੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਮੈਂ ਐਸਆਈਟੀ ਨੂੰ ਕਿਹਾ ਕਿ ਜੋ ਵੀ ਜਾਣਕਾਰੀ ਚਾਹੀਦੀ ਹੈ, ਮੈਂ ਦੇਣ ਲਈ ਤਿਆਰ ਹਾਂ। ਸੁਖਬੀਰ ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ 5 ਮਹੀਨਿਆਂ 'ਚ ਕੋਈ ਕੰਮ ਨਹੀਂ ਕੀਤਾ ਤੇ ਮੈਨੂੰ ਸਿਰਫ਼ ਅਸਲ ਮੁੱਦਿਆਂ ਤੋਂ ਧਿਆਨ ਭਟਕਾਉਣ ਲਈ ਬੁਲਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸਰਕਾਰ ਅਸਲ ਦੋਸ਼ੀਆਂ ਨੂੰ ਫੜਨ ਦੀ ਬਜਾਏ ਸਿਆਸਤ ਕਰ ਰਹੀ ਹੈ। 

ਪੰਜਾਬ ਪੁਲਿਸ ਦੇ ਆਈਜੀ ਨੌਨਿਹਾਲ ਸਿੰਘ ਦੀ ਅਗਵਾਈ ਵਾਲੀ ਵਿਸ਼ੇਸ਼ ਜਾਂਚ ਟੀਮ (SIT) ਨੇ ਸੁਖਬੀਰ ਬਾਦਲ  ਤੋਂ ਪੁੱਛਗਿੱਛ ਕੀਤੀ। ਬਹਿਬਲ ਕਲਾਂ ਗੋਲੀਬਾਰੀ ਵੇਲੇ ਸੁਖਬੀਰ ਬਾਦਲ ਪੰਜਾਬ ਦੇ ਉਪ ਮੁੱਖ ਮੰਤਰੀ ਸਨ। ਗ੍ਰਹਿ ਵਿਭਾਗ ਵੀ ਉਹ ਹੀ ਸੰਭਾਲ ਰਹੇ ਸਨ। ਇਸ ਗੋਲੀਬਾਰੀ 'ਚ ਦੋ ਲੋਕ ਮਾਰੇ ਗਏ ਸਨ। SIT ਇਹ ਜਾਣਨਾ ਚਾਹੁੰਦੀ ਹੈ ਕਿ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਲੋਕਾਂ 'ਤੇ ਗੋਲੀ ਚਲਾਉਣ ਦਾ ਹੁਕਮ ਕਿਸ ਨੇ ਦਿੱਤਾ ਸੀ। 

ਦੱਸ ਦਈਏ ਕਿ ਕੋਟਕਪੂਰਾ ਗੋਲੀ ਕਾਂਡ ਵਿਚ ਵੀ ਸੁਖਬੀਰ ਬਾਦਲ ਨੂੰ ਤਲਬ ਕੀਤਾ ਗਿਆ ਹੈ। ਉਹ 14 ਸਤੰਬਰ ਨੂੰ ਏਡੀਜੀਪੀ ਐਲਕੇ ਯਾਦਵ ਦੀ ਅਗਵਾਈ ਵਾਲੀ ਐਸਆਈਟੀ ਸਾਹਮਣੇ ਵੀ ਪੇਸ਼ ਹੋਣਗੇ। ਸੁਖਬੀਰ ਬਾਦਲ ਨੂੰ ਇਸ SIT ਨੇ 30 ਅਗਸਤ ਨੂੰ ਬੁਲਾਇਆ ਸੀ ਹਾਲਾਂਕਿ ਸੁਖਬੀਰ ਬਾਦਲ ਨੇ ਸੰਮਨ ਨਾ ਮਿਲਣ ਦੀ ਗੱਲ ਆਖੀ ਅਤੇ ਹਾਈਵੇਅ ਜਾਮ ਕਰਨ ਦੇ ਮਾਮਲੇ ਵਿਚ ਜ਼ੀਰਾ ਅਦਾਲਤ ਵਿੱ ਚ ਪੇਸ਼ ਹੋਣ ਲਈ ਚਲੇ ਗਏ। ਜਿਸ ਤੋਂ ਬਾਅਦ SIT ਨੇ ਉਨ੍ਹਾਂ ਨੂੰ 14 ਸਤੰਬਰ ਨੂੰ ਬੁਲਾਇਆ ਹੈ।