ਅੱਗ ਨਾਲ ਨੁਕਸਾਨੀ ਹਾਲਤ 'ਚ ਗੁਟਕਾ ਸਾਹਿਬ ਮਿਲਿਆ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਨੇੜਲੇ ਪਿੰਡ ਬਰ੍ਹੇ ਦੀ ਫਿਰਨੀ 'ਤੇ ਅੱਗ ਨਾਲ ਨੁਕਸਾਨੀ ਹਾਲਤ 'ਚ ਗੁਟਕਾ ਸਾਹਿਬ ਮਿਲਿਆ ਹੈ.......

sacrilege matter

ਮਾਨਸਾ : ਨੇੜਲੇ ਪਿੰਡ ਬਰ੍ਹੇ ਦੀ ਫਿਰਨੀ 'ਤੇ ਅੱਗ ਨਾਲ ਨੁਕਸਾਨੀ ਹਾਲਤ 'ਚ ਗੁਟਕਾ ਸਾਹਿਬ ਮਿਲਿਆ ਹੈ। ਪਿੰਡ ਦੇ ਇਤਹਾਸਕ ਗੁਰਦੁਆਰਾ ਪਾਤਸ਼ਾਹੀ ਨੌਵੀਂ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੁਖਪਾਲ ਸਿੰਘ ਮੈਂਬਰ ਹਰਮੇਲ ਸਿੰਘ ਕਲੀਪੁਰ ਅਤੇ ਭੋਲਾ ਸਿੰਘ ਨੇ ਦਸਿਆ ਕਿ ਸ਼ੁੱਕਰਵਾਰ ਦੀ ਸਵੇਰ ਸਮੇਂ ਪਿੰਡ ਦੀ ਫਿਰਨੀ ਦੀ ਸੜਕ 'ਤੇ ਪਿੰਡ ਵਾਸੀ ਕੇਵਲ ਸਿੰਘ ਨੂੰ ਅੱਗ ਨਾਲ ਨੁਕਸਾਨੇ ਹੋਏ ਸੁੰਦਰ ਗੁਟਕਾ ਸਾਹਿਬ ਦੇ ਸਰੂਪ ਮਿਲੇ ਜਿਨ੍ਹਾਂ ਬਾਰੇ ਉਸ ਨੇ ਇਕ ਹੋਰ ਸਾਥੀ ਲਾਭ ਸਿੰਘ ਨੂੰ ਦਸਿਆ। ਉਸਨੂੰ ਨਾਲ ਲੈ ਕੇ ਉਹ ਸਤਿਕਾਰ ਕਮੇਟੀ ਦੇ ਆਗੂ ਮਲੂਕ ਸਿੰਘ ਕੋਲ ਪੁੱਜੇ ਅਤੇ ਉਨ੍ਹਾਂ ਨੇ ਗੁਰੂ ਘਰ ਕਮੇਟੀ ਦੇ ਆਗੂਆਂ ਨੂੰ ਇਸ ਬਾਰੇ ਜਾਣੂ ਕਰਵਾਇਆ

ਅਤੇ ਉਨ੍ਹਾਂ ਇਸ ਦੀ ਸੂਚਨਾ ਬੋਹਾ ਥਾਣਾ ਵਿਖੇ ਦਿਤੀ। ਇਸ ਸਬੰਧੀ ਸੂਚਨਾ ਮਿਲਣ 'ਤੇ ਐਸ.ਪੀ.ਡੀ. ਅਨਿਲ ਕੁਮਾਰ ਅਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਗੁਟਕਾ ਸਾਹਿਬ ਦੇ ਸਰੂਪ ਨੂੰ ਦੇਖਿਆ। ਜਥੇਦਾਰ ਹਰਪ੍ਰੀਤ ਸਿੰਘ ਨਾਲ ਦਮਦਮਾ ਸਾਹਿਬ ਤੋਂ ਆਏ ਪੰਜ ਪਿਆਰੇ ਸਹਿਬਾਨਾਂ ਦੀ ਅਗਵਾਈ 'ਚ ਇਨ੍ਹਾਂ ਸਰੂਪਾਂ ਨੂੰ ਤਲਵੰਡੀ ਸਾਬੋ ਲਈ ਰਵਾਨਾ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੰਘ ਸਾਹਿਬ ਨੇ ਕਿਹਾ ਕਿ ਪੁਲਿਸ ਵਲੋਂ ਗੁਟਕਾ ਸਾਹਿਬ ਦੇ ਇਸ ਹੋਏ ਨਿਰਾਦਰ ਸਬੰਧੀ ਜਲਦ ਤੋਂ ਜਲਦ ਜਾਂਚ ਕਰਕੇ ਸਚਾਈ ਸਾਹਮਣੇ ਲਿਆਉਣੀ ਚਾਹੀਦੀ ਹੈ। 

ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਗੁਟਕਾ ਸਾਹਿਬ ਦੇ ਬਿਰਧ ਸਰੂਪਾਂ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ ਆਪਣੇ ਨੇੜਲੇ ਗੁਰੂ ਘਰਾਂ 'ਚ ਜਮਾਂ ਕਰਵਾ ਕੇ ਨਵੇਂ ਗੁਟਕਾ ਸਾਹਿਬ ਪ੍ਰਾਪਤ ਕਰਨ। ਗੁਰੂ ਘਰ ਕਮੇਟੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਪਿੰਡ ਪੱਧਰ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ, ਸੈਂਚੀਆਂ ਅਤੇ ਗੁਟਕਾ ਸਾਹਿਬ ਦੀ ਗਿਣਤੀ ਸੂਚੀਬੱਧ ਕਰਕੇ ਆਪਣੇ ਕੋਲ ਰੱਖਣ। ਮੌਕੇ 'ਤੇ ਪੁੱਜੇ ਥਾਣਾ ਬੋਹਾ ਮੁਖੀ ਗੁਰਦੀਪ ਸਿੰਘ ਨੇ ਦਸਿਆ ਕਿ ਇਸ ਮੰਦਭਾਗੀ ਘਟਨਾਂ ਸਬੰਧੀ ਮਾਮਲਾ ਦਰਜ ਕਰਕੇ ਜਾਂਚ ਆਰੰਭ ਦਿਤੀ ਹੈ ।