Jassa Singh Ahluwalia: ਮਾਤਾ ਗੁਜ਼ਰੀ ਜੀ ਤੋਂ ਬਹੁ-ਪੱਖੀ ਗਿਆਨ ਪ੍ਰਾਪਤ ਕਰਨ ਵਾਲੇ ਜੱਸਾ ਸਿੰਘ ਆਹਲੂਵਾਲੀਆ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

Jassa Singh Ahluwalia: ਉਹ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਚੌਥੇ ਮੁਖੀ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੀ ਰਹੇ।

Jassa Singh Ahluwalia Sikh News

Jassa Singh Ahluwalia Sikh News: ਉਨ੍ਹਾਂ ਮਾਵਾਂ ਦੀਆਂ ਕੁੱਖਾਂ ਹੀ ਵਡਭਾਗੀਆਂ ਹੁੰਦੀਆਂ ਹਨ, ਜਿਨ੍ਹਾਂ ’ਚ ਸੁਲਤਾਨ-ਉਲ-ਕੌਮ ਸ. ਜੱਸਾ ਸਿੰਘ ਆਹਲੂਵਾਲੀਏ ਵਰਗੇ ਮਹਾਨ ਯੋਧੇ ਜਰਨੈਲ ਤੇ ਪੰਥ ਸੇਵਕ ਪੈਦਾ ਹੁੰਦੇ ਹਨ। ਨਵਾਬ ਕਪੂਰ ਸਿੰਘ ਦੇ ਇਸ ਜਹਾਨ ਤੋਂ ਅਕਾਲ ਚਲਾਣਾ ਕਰ ਜਾਣ ਉਪਰੰਤ ਸਮੁੱਚੇ ਪੰਥ ਵਲੋਂ ਇਕ ਰਾਏ ਹੋ ਸ. ਜੱਸਾ ਸਿੰਘ ਆਹਲੂਵਾਲੀਏ ਨੂੰ ਪੰਥ ਦਾ ਸ਼੍ਰੋਮਣੀ ਜਥੇਦਾਰ ਪ੍ਰਵਾਨਿਆ ਗਿਆ। ਖ਼ਾਲਸੇ ਦੇ ਧਾਰਮਕ ਤੇ ਸਿਆਸੀ ਮਾਮਲਿਆਂ ’ਤੇ ਮੋਹਰ ਜਥੇਦਾਰ ਦੀ ਪ੍ਰਵਾਨ ਹੋਈ। ਉਹ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਚੌਥੇ ਮੁਖੀ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੀ ਰਹੇ।

ਜੱਸਾ ਸਿੰਘ ਨੇ ਸ. ਬਦਰ ਸਿੰਘ ਦੇ ਘਰ ਮਾਤਾ ਜੀਵਨ ਕੌਰ ਦੀ ਪਵਿੱਤਰ ਕੁੱਖੋਂ ਪਿੰਡ ਆਹਲੂ ਜ਼ਿਲ੍ਹਾ ਲਾਹੌਰ (ਪਾਕਿਸਤਾਨ) ਵਿਖੇ 3 ਮਈ 1718 ਈ: ਨੂੰ ਜਨਮ ਲਿਆ। ਬਾਪ ਦਾ ਛੋਟੀ ਉਮਰੇ ਸਿਰ ਤੋਂ ਸਾਇਆ ਉਠ ਗਿਆ। ਮਾਤਾ ਜੀਵਨ ਕੌਰ ਸੰਗਤ ਨਾਲ ਦਿੱਲੀ ਗਏ ਤੇ ਮਾਤਾ ਸੁੰਦਰੀ ਜੀ ਦੀ ਸੇਵਾ ਵਿਚ ਹੀ ਜੁਟ ਗਏ। ਉਥੇ ਹੀ ਬਾਲ ਜੱਸਾ ਸਿੰਘ ਨੇ ਕੀਰਤਨ ਤੇ ਸੇਵਾ ਦੀ ਅਸੀਸ ਪ੍ਰਾਪਤ ਕੀਤੀ। ਮਾਤਾ ਸੁੰਦਰੀ ਜੀ ਦੀ ਸਰਪ੍ਰਸਤੀ ’ਚ ਹੀ ਸਿੱਖ ਵਿਚਾਰਧਾਰਾ, ਆਤਮਕ ਤੇ ਸਮਾਜਕ ਪੱਖਾਂ ਤੇ ਬਹੁਪੱਖੀ ਸਿਖਿਆ ਅਤੇ ਵੱਖ-ਵੱਖ ਭਾਸ਼ਾਵਾਂ ਦਾ ਗਿਆਨ, ਸ਼ੁੱਧ ਗੁਰਬਾਣੀ ਪੜ੍ਹਨ ਅਤੇ ਯੁੱਧਨੀਤੀ ਦੀ ਵਿਦਿਆ ਸ. ਜੱਸਾ ਸਿੰਘ ਨੇ ਪ੍ਰਾਪਤ ਕੀਤੀ। ਦਿੱਲੀ ਤੋਂ ਤੁਰਨ ਸਮੇਂ ਮਾਤਾ ਸੁੰਦਰੀ ਜੀ ਨੇ ਬਾਲਕ ਜੱਸਾ ਸਿੰਘ ਨੂੰ ਦਸਮੇਸ਼ ਪਿਤਾ ਜੀ ਦੇ ਕਰ ਕਮਲਾਂ ਦੀ ਛੋਹ ਪ੍ਰਾਪਤ ਸਸ਼ਤਰ, ਤਲਵਾਰ, ਤੀਰਾਂ ਦਾ ਭੱਥਾ, ਕਮਾਨ, ਗੁਰਜ ਆਦਿ ਬਖ਼ਸ਼ਿਸ਼ ਕੀਤੇ।

ਮਾਤਾ ਜੀਵਨ ਕੌਰ, ਪੁੱਤਰ ਜੱਸਾ ਸਿੰਘ ਤੇ ਮਾਮਾ ਸ. ਬਾਘ ਸਿੰਘ ਹਲੋਵਾਲੀਆ, ਨਵਾਬ ਕਪੂਰ ਸਿੰਘ ਪਾਸ ਕਰਤਾਰਪੁਰ ਜਲੰਧਰ ਵਿਖੇ ਪੁੱਜੇ। ਗੁਰੂ ਘਰੋਂ ਅਸੀਸ ਪ੍ਰਾਪਤ ਕਰ ਕੇ ਆਏ ਗੁੱਭਰੂ ਜੱਸਾ ਸਿੰਘ ਨੇ ਅੰਮ੍ਰਿਤ ਵੇਲੇ ਕੀਰਤਨ ਕਰ ਕੇ ਸੱਭ ਨੂੰ ਨਿਹਾਲੋ ਨਿਹਾਲ ਕੀਤਾ। ਸ. ਜੱਸਾ ਸਿੰਘ ਦੀ ਸ਼ਖ਼ਸੀਅਤ ਨਵਾਬ ਕਪੂਰ ਸਿੰਘ ਨੂੰ ਚੰਗੀ ਲੱਗੀ। ਉਨ੍ਹਾਂ ਮਾਤਾ ਜੀਵਨ ਕੌਰ ਨੂੰ ਕਿਹਾ ਕਿ ਜੱਸਾ ਸਿੰਘ ਨੂੰ ਸਾਡੇ ਕੋਲ ਰਹਿਣ ਦਿਉ। ਇਸ ’ਤੇ ਭੈਣ-ਭਰਾ ਨੇ ਜੱਸਾ ਸਿੰਘ ਨੂੰ ਪੰਥ ਦੇ ਮਹਾਨ ਆਗੂ ਨਵਾਬ ਕਪੂਰ ਸਿੰਘ ਦੇ ਸਪੁਰਦ ਕਰ ਦਿਤਾ। ਇਹੋ ਸ. ਜੱਸਾ ਸਿੰਘ ਬਾਅਦ ਵਿਚ ਨਵਾਬ ਸਾਹਿਬ ਦਾ ਧਰਮ ਪੁੱਤਰ ਪ੍ਰਸਿੱਧ ਹੋਇਆ। ਉਹ ਗੁਰਬਾਣੀ ਤੇ ਗੁਰਮਤਿ ਸੰਗੀਤ ਦੇ ਰਸੀਏ ਸਨ।

ਨਵਾਬ ਕਪੂਰ ਸਿੰਘ ਨੇ ਸ. ਜੱਸਾ ਸਿੰਘ ਨੂੰ ਘੋੜ ਸਵਾਰੀ, ਤੇਗ ਜੌਹਰ, ਨੇਜ਼ਾਬਾਜ਼ੀ ਤੇ ਤੀਰਕਮਾਨ ਆਦਿ ਦੀ ਬਰੀਕੀ ਨਾਲ ਸਿਖਿਆ ਦਿਵਾਈ। ਸ. ਜੱਸਾ ਸਿੰਘ ਇਸ ਸਿਖਲਾਈ ਦੇ ਨਾਲ ਦੀਵਾਨਾਂ ਵਿਚ ਸੰਗਤ ਨੂੰ ਪੱਖਾ ਝੱਲਣ ਤੇ ਭਾਂਡੇ ਮਾਂਜਣ ਦੀ ਸੇਵਾ ਵੀ ਖ਼ੂਬ ਕਰਦਾ। ਪੁੱਤ ਗੱਭਰੂ ਹੋਇਆ ਤਾਂ ਨਵਾਬ ਕਪੂਰ ਸਿੰਘ ਨੇ ਉਸ ਨੂੰ ਖੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ ਦਿਤੀ ਤੇ ਰਹਿਤ ਬਹਿਤ ਵਿਚ ਪ੍ਰਪੱਕ ਰਹਿਣ ਲਈ ਕਿਹਾ। ਫਿਰ ਨਵਾਬ ਕਪੂਰ ਸਿੰਘ ਜੀ ਨੇ ਖ਼ਾਲਸੇ ਦੇ ਘੋੜਿਆਂ ਨੂੰ ਖ਼ੁਰਾਕ ਮੁਹਈਆ ਕਰਨ ਦੀ ਸੇਵਾ ਸੌਂਪ ਦਿਤੀ, ਜੋ ਸ. ਜੱਸਾ ਸਿੰਘ ਨੇ ਪੂਰੀ ਤਨਦੇਹੀ ਤੇ ਲਗਨ ਨਾਲ ਨਿਭਾਈ।

ਸ. ਜੱਸਾ ਸਿੰਘ ਅਪਣੇ ਧਰਮ ਪਿਤਾ ਨਵਾਬ ਕਪੂਰ ਸਿੰਘ ਦੀਆਂ ਬਹੁਤ ਸਾਰੀਆਂ ਮੁਹਿੰਮਾਂ ਸਮੇਂ ਉਨ੍ਹਾਂ ਦੇ ਨਾਲ ਰਹੇ ਤੇ ਜਿੱਤਾਂ ਪ੍ਰਾਪਤ ਕੀਤੀਆਂ। ਉਹ 1738 ਦੇ ਲਗਭਗ ਸਿੱਖ ਸਰਦਾਰਾਂ ਦੀ ਪਹਿਲੀ ਕਤਾਰ ’ਚ ਸ਼ਾਮਲ ਹੋ ਗਏ ਸਨ। ਸ. ਜੱਸਾ ਸਿੰਘ ਨੇ ਜਿਥੇ ਅਫ਼ਗ਼ਾਨੀਆਂ ਨੂੰ ਸੋਧਿਆ, ਉਥੇ 1761 ਨੂੰ ਅਮਿਦਸ਼ਾਹ ਅਬਦਾਲੀ ਕੋਲੋਂ ਬਾਈ ਸੌ ਜਵਾਨ ਹਿੰਦੂ ਲੜਕੀਆਂ ਨੂੰ ਛੁਡਾ ਕੇ ਬਾਇੱਜ਼ਤ ਘਰੋਂ-ਘਰੀਂ ਪਹੁੰਚਾਇਆ। 1761 ਨੂੰ ਖ਼ਾਲਸੇ ਨੇ ਲਾਹੌਰ ਫ਼ਤਿਹ ਕੀਤਾ ਅਤੇ ਇਸ ਖ਼ੁਸ਼ੀ ਵਿਚ ਸ. ਜੱਸਾ ਸਿੰਘ ਆਹਲੂਵਾਲੀਆ ਨੂੰ ਪੰਥ ਦਾ ਪਹਿਲਾ ਬਾਦਸ਼ਾਹ ਸੁਲਤਾਨ-ਉਲ-ਕੌਮ ਐਲਾਨਿਆ ਗਿਆ।

ਸੁਲਤਾਨ-ਉਲ-ਕੌਮ ਨੇ ਸਿੱਖਾਂ ਦੀ ਸੁਤੰਤਰਤਾ ਦਾ ਐਲਾਨ ਕੀਤਾ ਤੇ ਸਿੱਖ ਗੁਰੂ ਸਾਹਿਬਾਨ ਦੇ ਨਾਂ ਦੇ ਸਿੱਕੇ ਜਾਰੀ ਕੀਤੇ। ਜਥੇਦਾਰ ਜੱਸਾ ਸਿੰਘ ਆਹਲੂਵਾਲੀਆ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਚੌਥੇ ਜਥੇਦਾਰ ਬਣੇ ਤੇ ਇਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਜੋਂ ਵੀ ਕੌਮ ਦੀ ਅਗਵਾਈ ਕਰਦੇ ਰਹੇ। ਇਸੇ ਤਰ੍ਹਾਂ ਹੀ ਇਸ ਮਹਾਨ ਜਥੇਬੰਦੀ ਦੇ ਆਗੂ ਦੀਵਾਨ ਦਰਬਾਰਾ ਸਿੰਘ, ਨਵਾਬ ਕਪੂਰ ਸਿੰਘ, ਸ. ਜੱਸਾ ਸਿੰਘ ਆਹਲੂਵਾਲੀਆ, ਜਥੇਦਾਰ ਨੈਣਾ ਸਿੰਘ, ਜਥੇ. ਅਕਾਲੀ ਫੂਲਾ ਸਿੰਘ, ਬਾਬਾ ਹਨੁਮਾਨ ਸਿੰਘ, ਬਾਬਾ ਪ੍ਰਲਾਹਦ ਸਿੰਘ, ਬਾਬਾ ਗਿਆਨ ਸਿੰਘ, ਬਾਬਾ ਤੇਜਾ ਸਿੰਘ, ਇਹ ਸਾਰੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁੱਖ ਸੇਵਾਦਾਰ ਵਜੋਂ ਸੇਵਾ ਵੀ ਨਿਭਾਉਂਦੇ ਰਹੇ। ਲੰਮਾਂ ਸਮਾਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪਾਸ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸੇਵਾ ਸੰਭਾਲ ਦਾ ਪ੍ਰਬੰਧ ਰਿਹਾ।

ਬਾਅਦ ਵਿਚ ਬਾਬਾ ਸਾਹਿਬ ਸਿੰਘ ਕਲਾਧਾਰੀ, ਬਾਬਾ ਚੇਤ ਸਿੰਘ, ਬਾਬਾ ਸੰਤਾ ਸਿੰਘ ਨੇ ਸ਼ਾਨਦਾਰ ਸੇਵਾਵਾਂ ਹੁਣ ਬਾਬਾ ਬਲਬੀਰ ਸਿੰਘ ਬੁੱਢਾ ਦਲ ਦੇ 14ਵੇਂ ਮੁਖੀ ਵਜੋਂ ਸੇਵਾ ਨਿਭਾ ਰਹੇ ਹਨ। ਇਤਿਹਾਸਕਾਰ ਲਿਖਦੇ ਹਨ ਕਿ ਵੱਡਾ ਘੱਲੂਘਾਰਾ ਜੋ 5 ਫ਼ਰਵਰੀ 1762 ਨੂੰ ਕੁੱਪ ਰੁਹੀੜੇ ਦੇ ਸਥਾਨ ਪੁਰ ਵਾਪਰਿਆ, ਉਸ ਸਮੇਂ ਸ. ਜੱਸਾ ਸਿੰਘ ਨੇ ਬਹੁਤ ਦਲੇਰੀ ਤੇ ਸਮਝਦਾਰੀ ਨਾਲ ਕੌਮ ਦੀ ਅਗਵਾਈ ਕੀਤੀ। ਇਸ ਸਾਕੇ ਸਮੇਂ ਉਨ੍ਹਾਂ ਦੇ ਸਰੀਰ ’ਤੇ ਦੋ ਦਰਜਨ ਤੋਂ ਵੱਧ ਫੱਟ ਲੱਗੇ। 1764 ਵਿਚ ਸਰਹਿੰਦ ਫ਼ਤਹਿ ਕਰਨ ਉਪਰੰਤ ਖ਼ਾਲਸੇ ਨੇ ਮਾਤਾ ਗੁਜਰੀ ਜੀ ਦੀ ਯਾਦ ਵਿਚ ਗੁਰਦੁਆਰਾ ਸਾਹਿਬ ਉਸਾਰਿਆ। 

ਸ. ਜੱਸਾ ਸਿੰਘ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਸੇਵਾ ਲਈ ਨੌਂ ਲੱਖ ਰੁਪਏ ਅਤੇ ਬਾਕੀ ਸਿੰਘ ਸਰਦਾਰਾਂ ਨੇ ਪੰਜ ਲੱਖ ਰੁਪਏ ਭੇਟ ਕੀਤੇ। ਇਹ ਮਾਇਆ ਆਪ ਨੇ ਗੁਰੂ ਘਰ ਦੇ ਅਨਿਨ ਭਾਈ ਦੇਸ ਰਾਜ ਬਿਧੀ ਚੰਦੀਏ ਨੂੰ ਸ੍ਰੀ ਹਰਿਮੰਦਰ ਸਾਹਿਬ ਦੀ ਉਸਾਰੀ ਲਈ ਸੌਂਪ ਦਿਤੀ। ਇਕ ਹੋਰ ਇਤਿਹਾਸਕ ਘਟਨਾ ਸਾਹਮਣੇ ਆਉਂਦੀ ਹੈ ਕਿ ਇਸ ਸਮੇਂ ਨੌਸ਼ਹਿਰਾ ਪੰਨੂਆਂ ਦੇ ਚੌਧਰੀ ਰਾਏ ਜਿਸ ਤਿੰਨ ਲੱਖ ਰੁਪਏ ਵਿਚ ਸ੍ਰੀ ਹਰਿਮੰਦਰ ਸਾਹਿਬ ਗਿਰਵੀ ਸੀ, ਉਸ ਦਾ ਬਣਦਾ ਕਰਜ਼ ਚੁਕਾ ਕੇ ਜੱਸਾ ਸਿੰਘ ਆਹਲੂਵਾਲੀਆ ਨੇ ਸਿੱਖ ਪੰਥ ਦੇ ਸਿਰੋਂ ਵੱਡਾ ਭਾਰ ਉਤਾਰਿਆ। ਇਨ੍ਹਾਂ ਪੰਥਕ ਨਿਸ਼ਕਾਮ ਸੇਵਾਵਾਂ ਦੇ ਉਤਰਫਲ ਵਜੋਂ ਹੀ ਬਾਜ਼ਾਰ (ਕਟੜਾ) ਦਾ ਨਾਂ ਆਹਲੂਵਾਲੀਆ ਰਖਿਆ ਗਿਆ।

11 ਮਾਰਚ 1783 ਨੂੰ ਆਹਲੂਵਾਲੀਆ ਦੀ ਅਗਵਾਈ ਵਿਚ ਸਿੱਖ ਸਰਦਾਰਾਂ ਸ. ਜੱਸਾ ਸਿੰਘ ਰਾਮਗੜ੍ਹੀਆ, ਸ. ਬਘੇਲ ਸਿੰਘ, ਸ. ਭਾਗ ਸਿੰਘ, ਸ. ਗੁਰਦਿੱਤ ਸਿੰਘ ਨੇ ਮਿਲ ਕੇ ਲਾਲ ਕਿਲੇ੍ਹ ਤੇ ਕੇਸਰੀ ਪਰਚਮ ਲਹਿਰਾਇਆ ਤੇ ਸੁਲਤਾਨ-ਉਲ-ਕੌਮ ਸ. ਜੱਸਾ ਸਿੰਘ ਆਹਲੂਵਾਲੀਆ ਨੂੰ ਭਾਰਤ ਦਾ ਬਾਦਸ਼ਾਹ ਐਲਾਨਿਆ। ਇਸ ਸਮੇਂ ਸਿੱਖ ਪੰਥ ਪੂਰੀ ਜਾਹੋ ਜਲਾਲ ਵਿਚ ਸੀ, ਪੰਥ ਦੇ ਜੈਕਾਰਿਆਂ ਦੀਆਂ ਧੁੰਮਾਂ ਅਕਾਸ਼ ਵਿਚ ਗੂੰਜਦੀਆਂ ਸਨ। ਹਰ ਪਾਸੇ ਕੇਸਰੀ ਨਿਸ਼ਾਨ ਲਹਿਰਾਉਂਦੇ ਸਨ। ਅਖ਼ੀਰ ਸ. ਜੱਸਾ ਸਿੰਘ ਆਹਲੂਵਾਲੀਆ 20 ਅਕਤੂਬਰ 1783 ਨੂੰ ਕੌਮ ਦੇ ਤੇਜ਼-ਤਪ ਨੂੰ ਬੁਲੰਦੀਆਂ ’ਤੇ ਪਹੁੰਚਾ ਅਕਾਲ ਚਲਾਣਾ ਕਰ ਗਏ। ਉਨ੍ਹਾਂ ਦਾ ਅੰਗੀਠਾ ਬਾਕੀ ਸਿੰਘ ਸਾਹਿਬਾਨ ਦੇ ਨਾਲ ਗੁਰਦੁਆਰਾ ਬਾਬਾ ਅਟੱਲ ਰਾਏ ਸਾਹਿਬ ਦੀ ਪ੍ਰਕਰਮਾ ਵਿਚ ਬਣਿਆ ਹੋਇਆ ਹੈ।  ਹਰ ਸਾਲ ਉਨ੍ਹਾਂ ਦੀ ਬਰਸੀ ਦੇ ਸਬੰਧ ਵਿਚ ਵੱਖ ਵੱਖ ਗੁਰਦਵਾਰਾ ਸਾਹਿਬ ਵਿਚ ਗੁਰਮਤਿ ਸਮਾਗਮ ਕਰਵਾਏ ਜਾਂਦੇ ਹਨ। ਸੰਨ 2031 ਵਿਚ ਬਾਬਾ ਜੱਸਾ ਸਿੰਘ ਆਹਲੂਵਾਲੀਏ ਦੇ 250ਵੀਂ ਬਰਸੀ ਸਮਾਗਮ ਅਰਥ ਸ਼ਤਾਬਦੀ ਵਜੋਂ ਮਨਾਏ ਜਾਣਗੇ।