ਸ੍ਰੀ ਮੁਕਤਸਰ ਸਾਹਿਬ 'ਚ ਹੋਈ ਗੁਟਕਾ ਸਾਹਿਬ ਦੀ ਬੇਅਦਬੀ
ਔਰਤ ਦਿਮਾਗੀ ਤੌਰ 'ਤੇ ਦੱਸੀ ਜਾ ਰਹੀ ਏ ਪਰੇਸ਼ਾਨ
ਮੁਕਤਸਰ ਸਾਹਿਬ- ਆਏ ਦਿਨ ਗੁਟਕਾ ਸਾਹਿਬ ਨਾਲ ਛੇਰਛਾੜ ਕਰਨ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹੀ ਰਹਿੰਦੀਆਂ ਹਨ ਤੇ ਹੁਣ ਸ੍ਰੀ ਮੁਕਤਸਰ ਸਾਹਿਬ ਵਿਖੇ ਬੀਤੀ ਰਾਤ ਇਕ ਔਰਤ ਵਲੋਂ ਗੁਟਕਾ ਸਾਹਿਬ ਦੀ ਬੇਅਦਬੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਜਨਾਨੀ ਜੋ ਕਿ ਨਜਦੀਕੀ ਸ਼ਹਿਰ ਕੋਟਕਪੂਰਾ ਦੀ ਵਾਸੀ ਹੈ ਅਤੇ ਪ੍ਰਾਪਤ ਜਾਣਕਾਰੀ ਅਨੁਸਾਰ ਇਕ ਸੇਵਾ ਮੁਕਤ ਅਧਿਆਪਕਾ ਹੈ।
ਇਸ ਜਨਾਨੀ ਕੋਲੋਂ 4 ਗੁਟਕਾ ਸਾਹਿਬ ਬਰਾਮਦ ਹੋਏ ਹਨ ਜਿੰਨਾਂ 'ਚੋਂ 3 ਗੁਟਕਾ ਸਾਹਿਬ ਦੀ ਬੇਅਦਬੀ ਕੀਤੀ ਗਈ ਹੈ। ਜਿਸ ਵਿਅਕਤੀ ਨੂੰ ਇਸ ਘਟਨਾ ਦਾ ਸਭ ਤੋਂ ਪਹਿਲਾਂ ਪਤਾ ਲੱਗਾ ਉਸ ਦਾ ਨਾਮ ਮਨਿੰਦਰ ਸਿੰਘ ਹੈ। ਮਨਿੰਦਰ ਸਿੰਘ ਦਾ ਕਹਿਣਾ ਹੈ ਕਿ ਔਰਤ ਕੋਲ 3 ਸੁਖਮਨੀ ਸਾਹਿਬ ਦੇ ਗੁਟਕਾ ਸਾਹਿਬ ਸਨ ਤੇ ਇਕ ਰਹਿਰਾਸ ਸਾਹਿਬ ਦਾ ਜਿਨ੍ਹਾਂ ਵਿਚੋਂ ਇਕ ਗੁਟਕਾ ਸਾਹਿਬ ਦੀ ਬੇਅਦਬੀ ਕੀਤੀ ਗਈ ਹੈ।
ਉਹਨਾਂ ਦੱਸਿਆ ਕਿ ਇਕ ਆਟੋ ਡਰਾਈਵਰ ਨੇ ਜਦੋਂ ਔਰਤ ਤੋਂ ਉਸ ਦੀ ਨੰਬਰ ਮੰਗਿਆ ਸੀ ਤਾਂ ਔਰਤ ਨੇ ਗੁਟਕਾ ਸਾਹਿਬ 'ਤੇ ਆਪਣਾ ਨੰਬਰ ਲਿਖ ਕੇ ਦਿੱਤਾ ਅਤੇ ਨਾਲ ਕੁੱਝ ਅਕਾਉਂਟ ਨੰਬਰ ਵੀ ਲਿਖੇ ਹੋਏ ਸਨ ਤੇ ਉਸ ਨੇ ਉਹੀ ਅੰਗ ਪਾੜ ਕੇ ਆਟੋ ਡਰਾਈਵਰ ਨੂੰ ਦੇ ਦਿੱਤਾ। ਮਨਿੰਦਰ ਸਿੰਘ ਨੇ ਘਟਨਾ ਦਾ ਪਤਾ ਚੱਲਣ 'ਤੇ ਤੁਰੰਤ ਸਿਟੀ ਥਾਣੇ ਨੂੰ ਇਸ ਬਾਰੇ ਦੱਸਿਆ ਤੇ ਔਰਤ ਨੂੰ ਸਿਟੀ ਥਾਣੇ ਲਿਜਾਂਦਾ ਗਿਆ ਔਰਤ ਦਾ ਨਾਮ ਸੁਖਪਾਲ ਕੌਰ ਦੱਸਿਆ ਜਾ ਰਿਹਾ ਹੈ।
ਪੁਲਿਸ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਇਹ ਔਰਤ ਦਿਮਾਗੀ ਤੌਰ 'ਤੇ ਪਰੇਸ਼ਾਨ ਦੱਸੀ ਜਾ ਰਹੀ ਹੈ ਪਰ ਮਨਿੰਦਰ ਸਿੰਘ ਦਾ ਕਹਿਣਾ ਹੈ ਕਿ ਜੋ ਵੀ ਕੋਈ ਦਿਮਾਗੀ ਤੌਰ ਤੇ ਪਰੇਸ਼ਾਨ ਹੁੰਦਾ ਹੈ ਉਹ ਹਮੇਸ਼ਾਂ ਗੁਟਕਾ ਸਾਹਿਬ ਨਾਲ ਜਾਂ ਗ੍ਰੰਥ ਸਾਹਿਬ ਨਾਲ ਹੀ ਕਿਉਂ ਛੇੜਛਾੜ ਕਰਦਾ ਹੈ ਉਹ ਆਪਣੇ ਆਪ ਨੁਕਸਾਨ ਕਿਉਂ ਨਹੀਂ ਪਹੁੰਚਾਉਂਦਾ। ਉਹਨਾਂ ਕਿਹਾ ਕਿ ਉਹਨਾਂ ਨੂੰ ਤਾਂ ਇਹ ਸਾਜ਼ਿਸ਼ ਲੱਗ ਰਹੀ ਹੈ।
ਮਨਿੰਦਰ ਸਿੰਘ ਦਾ ਕਹਿਣਾ ਹੈ ਕਿ ਜੇ ਔਰਤ ਦਿਮਾਗੀ ਤੌਰ ਤੇ ਠੀਕ ਨਹੀਂ ਹੈ ਤਾਂ ਉਸ ਨੇ 60 ਸਾਲ ਨੌਕਰੀ ਕਿਵੇਂ ਕਰ ਲਈ ਤੇ ਇਸ ਲਈ ਉਹਨਾਂ ਨੂੰ ਲੱਗਦਾ ਹੈ ਕਿ ਇਹ ਸਭ ਕੁੱਝ ਸਾਜਿਸ਼ ਤਹਿਤ ਹੀ ਕਰਵਾਇਆ ਜਾਂਦਾ ਹੈ। ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸੁਮੇਰ ਸਿੰਘ ਦੇ ਬਿਆਨਾਂ ਤੇ ਇਸ ਜਨਾਨੀ ਵਿਰੁੱਧ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।