ਇਹ ਹੈ ਅਸਲ ਸਿੱਖੀ!

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਮੁਸਲਿਮ ਔਰਤ ਨੇ ਅੰਮ੍ਰਿਤ ਛਕਾਉਣ ਦੀ ਬੇਨਤੀ ਕੀਤੀ, ਸੱਚੇ ਸਿੱਖ ਨੇ ਕਿਹਾ, " ਨਹੀਂ, ਤੇਰਾ ਘਰ ਨਹੀਂ ਟੁੱਟਣ ਦੇਣਾ...।"

Amrit Sanchar

ਜ਼ਿੰਦਗੀ ਦੇ ਸਫ਼ਰ ਵਿਚ ਕੁੱਝ ਘਟਨਾਵਾਂ ਅਜਿਹੀਆਂ ਵਾਪਰ ਜਾਂਦੀਆਂ ਹਨ ਜਿਨ੍ਹਾਂ ਨਾਲ ਜੁੜੇ ਪਾਤਰ ਤੁਹਾਡੇ ਚੇਤੇ ਦਾ ਹਿੱਸਾ ਬਣ ਜਾਂਦੇ ਹਨ। ਨਵੰਬਰ 1984 ਦੀ ਸਿੱਖ ਨਸਲਕੁਸ਼ੀ ਸਮੇਂ ਦਿੱਲੀਉਂ ਉਖੜੇ ਸਾਡੇ ਪੈਰਾਂ ਨੂੰ ਲੰਮਾ ਸਮਾਂ 'ਅਪਣੇ ਘਰ' ਦੀ ਦਹਿਲੀਜ਼ ਲੰਘਣ ਲਈ ਤਰਸਣਾ ਪਿਆ। 1999 ਵਿਚ ਅਸੀ ਸ਼ਹਿਰੋਂ ਬਾਹਰਵਾਰ ਪੈਂਦੀ ਇਕ ਕਾਲੋਨੀ ਵਿਚ ਛੋਟਾ ਜਿਹਾ ਪਲਾਟ ਖਰੀਦ ਕੇ ਇਕ ਕੱਚਾ ਪੱਕਾ ਜਿਹਾ ਕਮਰਾ ਬਣਾ ਲਿਆ। ਮੁੜੇ 'ਅਪਣੇ ਮਕਾਨ' ਵਾਲੇ ਹੋਣ ਦਾ ਰੁਤਬਾ ਹਾਸਲ ਕਰਨ ਲਈ ਸਾਨੂੰ ਕੁੱਝ ਕੁ ਦੋਸਤਾਨਾ ਕਰਜ਼ ਵੀ ਲੈਣਾ ਪਿਆ।

ਕਰਜ਼ ਤੋਂ ਛੇਤੀ ਸੁਰਖ਼ਰੂ ਹੋਣ ਦੀ ਸੋਚ ਕੇ ਮੇਰੀ ਸਿੰਘਣੀ ਨੇ ਇਕ ਛੋਟੇ ਜਿਹੇ ਪ੍ਰਾਈਵੇਟ ਸਕੂਲ ਵਿਚ ਅਧਿਆਪਕ ਦੀ ਨੌਕਰੀ ਕਰ ਲਈ। ਦਸਤਾਰ ਵਾਲੇ ਨਿਵੇਕਲੇ ਸਰੂਪ ਕਰ ਕੇ ਉਹ ਜਲਦੀ ਹੀ ਜੂੜੇ ਵਾਲੀ ਮੈਡਮ ਦੇ ਨਾਂ ਨਾਲ ਮਸ਼ਹੂਰ ਹੋ ਗਈ। ਉਸ ਦਾ ਸਕੂਲ ਛੋਟੀਆਂ ਜਮਾਤਾਂ ਤਕ ਹੀ ਸੀ। ਬੱਚਿਆਂ ਨੂੰ ਅਕਸਰ ਉਨ੍ਹਾਂ ਦੀਆਂ ਮਾਵਾਂ ਛੱਡਣ ਤੇ ਲੈਣ ਲਈ ਆਉਂਦੀਆਂ ਰਹਿੰਦੀਆਂ ਸਨ। ਇਨ੍ਹਾਂ ਵਿਚੋਂ ਆਇਸ਼ਾ ਨਾਂ ਦੀ ਇਕ ਮੁਸਲਮਾਨ ਔਰਤ ਮੈਡਮ ਨਾਲ ਕਾਫ਼ੀ ਘੁਲ ਮਿਲ ਗਈ ਸੀ।

ਇਕ ਦਿਨ ਉਸ ਨੇ ਮੈਡਮ ਨੂੰ ਅਪਣੇ ਘਰ ਆਉਣ ਦਾ ਸੱਦਾ ਦਿਤਾ ਪਰ ਉਸ ਨੇ ਟਾਲ ਮਟੋਲ ਕਰ ਛੱਡੀ। ਕੁੱਝ ਦਿਨ ਪਿਛੋਂ ਉਸ ਨੇ ਮੈਨੂੰ ਅਪਣੀ ਦੋਸਤ ਆਇਸ਼ਾ ਬਾਰੇ ਦਸਿਆ ਅਤੇ ਉਸ ਦੇ ਘਰ ਜਾਣ ਲਈ ਪੁਛਿਆ ਤੇ ਕਹਿਣ ਲੱਗੀ ਕਿ ਕੀ ਤੁਸੀ ਵੀ ਮੇਰੇ ਨਾਲ ਉਸ ਦੇ ਘਰ ਚਲੋਗੇ? ਮੈਂ ਹਾਮੀ ਭਰ ਦਿਤੀ ਅਤੇ ਛੁੱਟੀ ਵਾਲੇ ਇਕ ਦਿਨ ਅਸੀ ਦੋਵੇਂ ਉਸ ਵਲੋਂ ਦੱਸੇ ਹੋਏ ਪਤੇ 'ਤੇ ਪਹੁੰਚ ਗਏ।

ਘਰ ਦੀ ਹੇਠਲੀ ਮੰਜ਼ਿਲ 'ਤੇ ਦੁਕਾਨ ਸੀ, ਜਿਥੇ ਕਿ ਉਸ ਆਇਸ਼ਾ ਦਾ ਘਰਵਾਲਾ ਬੈਠਾ ਹੋਇਆ ਸੀ। ਸਾਨੂੰ ਵੇਖ ਕੇ ਉਸ ਨੇ ਰਸਮੀ ਦੁਆ ਸਲਾਮ ਕੀਤੀ। ਅਪਣੀ ਪਤਨੀ ਨੂੰ ਆਵਾਜ਼ ਮਾਰ ਕੇ ਉਸ ਨੇ ਸਾਨੂੰ ਚੁਬਾਰੇ 'ਤੇ ਜਾਣ ਦਾ ਇਸ਼ਾਰਾ ਕਰ ਦਿਤਾ। ਸਾਨੂੰ ਦੋਹਾਂ ਜਣਿਆਂ ਨੂੰ ਆਇਆਂ ਵੇਖ ਕੇ ਆਇਸ਼ਾ ਨੂੰ ਤਾਂ ਜਿਵੇਂ ਚਾਅ ਹੀ ਚੜ੍ਹ ਗਿਆ। ਉਹ ਸਾਨੂੰ ਕਮਰੇ ਵਿਚ ਬਿਠਾ ਕੇ ਪੁੱਛਣ ਲੱਗੀ ਕਿ ਤੁਸੀ ਸਾਡੇ ਘਰ ਦਾ ਚਾਹ ਪਾਣੀ ਤਾਂ ਪੀ ਲਵੋਗੇ ਕਿ ਨਹੀਂ? ਮੈਂ ਸੁਣਿਆ ਹੈ ਕਿ ਪੱਕੇ ਸਿੱਖ ਮੁਸਲਮਾਨਾਂ ਦੇ ਘਰ ਦਾ ਅੰਨ ਨਹੀਂ ਖਾਂਦੇ (ਉਸ ਭੋਲੀ ਬੀਬੀ ਨੂੰ ਪਤਾ ਨਹੀਂ ਸੀ  ਕਿ ਕੇਵਲ ਬਾਹਰਲਾ ਭੇਸ ਹੀ ਸਿੱਖੀ ਵਿਚ ਪੱਕੇ ਹੋਣ ਦੀ ਨਿਸ਼ਾਨੀ ਨਹੀਂ ਹੁੰਦਾ)।

ਸਾਡੇ ਵਲੋਂ ਹਾਮੀ ਭਰਨ 'ਤੇ ਉਹ ਬਹੁਤ ਖ਼ੁਸ਼ ਹੋਈ ਤੇ ਪਹਿਲਾਂ ਤੋਂ ਹੀ ਮਾਂਜੇ ਹੋਏ ਭਾਂਡਿਆਂ ਨੂੰ ਦੋਬਾਰਾ ਧਿਆਨ ਨਾਲ ਮਾਂਜ ਕੇ ਚਾਹ ਤਿਆਰ ਕਰਨ ਲੱਗ ਪਈ। ਅੱਧੇ ਕੁ ਘੰਟੇ ਤਕ ਰਸਮੀ ਜਹੀਆਂ ਗੱਲਾਂ ਬਾਤਾਂ ਹੁੰਦੀਆਂ ਰਹੀਆਂ। ਚਾਹ ਵਗੈਰਾ ਪੀ ਕੇ ਜਦੋਂ ਅਸੀ ਉਠਣ ਦੀ ਸਲਾਹ ਕੀਤੀ ਤਾਂ ਆਇਸ਼ਾ ਆਖਣ ਲੱਗੀ, ''ਮੈਂ ਤੁਹਾਨੂੰ ਕੁੱਝ ਪੁਛਣਾ ਚਾਹੁੰਦੀ ਹਾਂ। ਮੈਨੂੰ ਡਰ ਵੀ ਲਗਦਾ ਹੈ ਕਿ ਕਿਤੇ ਤੁਹਾਨੂੰ ਗੁੱਸਾ ਨਾ ਲੱਗ ਜਾਵੇ?'' ਮੈਂ ਉਸ ਨੂੰ ਹੱਲਾਸ਼ੇਰੀ ਦਿਤੀ ਕਿ ਤੂੰ ਜੋ ਕੁੱਝ ਵੀ ਪੁਛਣਾ ਹੈ ਬੇਝਿਜਕ ਹੋ ਕੇ ਪੁਛ ਸਕਦੀ ਏਂ।

''ਵੀਰ ਜੀ, ਕੀ ਮੈਂ ਅਪਣੇ ਘਰ ਵਿਚ ਸੁਖਮਨੀ ਸਾਹਿਬ ਦੀ ਪੋਥੀ ਰੱਖ ਸਕਦੀ ਹਾਂ?'' ਉਸ ਨੇ ਥੋੜਾ ਝਿਜਕਦੇ ਹੋਏ ਪੁਛ ਲਿਆ।
ਅਸੀ ਇਹ ਸੁਣ ਕੇ ਹੱਕੇ ਬੱਕੇ ਰਹਿ ਗਏ। ਫਿਰ ਮੇਰੀ ਸਿੰਘਣੀ ਨੇ ਔਰਤਾਂ ਵਾਲੀ ਜਗਿਆਸਾ ਨਾਲ ਪੁੱਛ ਹੀ ਲਿਆ ਕਿ ਤੈਨੂੰ ਇਹ ਫੁਰਨਾ ਕਿਥੋਂ ਫੁਰਿਆ? ਜੁਆਬ ਵਿਚ ਉਸ ਨੇ ਜਿਹੜੀ ਵਾਰਤਾ ਸੁਣਾਈ ਅਸੀ ਉਸ ਨੂੰ ਸੁਣ ਕੇ ਵਿਸਮਾਦਤ ਹੋ ਗਏ। ਸੰਖੇਪ ਵਿਚ ਪਰ ਉਸ ਦੇ ਹੀ ਸ਼ਬਦ ਵਿਚ ਉਹ ਵਾਰਤਾ ਇਉਂ ਹੈ :

''ਅਸੀ ਪੇਂਡੂ ਪੰਜਾਬੀ ਮੁਸਲਮਾਨ ਹਾਂ। ਮੈਂ ਸਕੂਲੀ ਵਿਦਿਆ ਪਿੰਡ ਦੇ ਸਕੂਲ ਵਿਚ ਹੀ ਹਾਸਲ ਕੀਤੀ ਹੈ। ਪਿੰਡਾਂ ਦੇ ਰਿਵਾਜ ਮੁਤਾਬਕ ਚੜ੍ਹਦੀ ਉਮਰ ਵਿਚ ਹੀ ਮੇਰਾ ਨਿਕਾਹ ਹੋ ਗਿਆ। ਸਹੁਰੇ ਘਰ ਆਈ ਤਾਂ ਮੈਨੂੰ ਖ਼ਾਵੰਦ (ਪਤੀ) ਵੀ ਬੜਾ ਨੇਕ ਇਨਸਾਨ ਮਿਲਿਆ ਜੋ ਹਰ ਤਰ੍ਹਾਂ ਦੇ ਐਬ-ਫ਼ਰੇਬ ਤੋਂ ਕੋਹਾਂ ਦੂਰ ਹੈ। ਅਪਣੇ ਮਜ਼੍ਹਬ ਦੀਆਂ ਰਵਾਇਤਾਂ ਦਾ ਪਾਬੰਦ ਹੋਣ ਦੇ ਬਾਵਜੂਦ ਕੱਟੜਪੁਣੇ ਤੋਂ ਰਹਿਤ ਹੈ। ਸ਼ੁਰੁ ਵਿਚ ਨਵੀਂ ਥਾਂ ਹੋਣ ਕਰ ਕੇ ਮੇਰਾ ਮਨ ਥੋੜ੍ਹਾ ਉਚਾਟ ਜਿਹਾ ਰਹਿੰਦਾ ਸੀ।

ਇਕ ਦਿਨ ਮੇਰਾ ਪਤੀ ਮਸੀਤ ਚਲਿਆ ਸੀ ਤੇ ਮੈਂ ਵੀ ਉਨ੍ਹਾਂ ਦੇ ਨਾਲ ਜਾਣ ਦੀ ਜ਼ਿੱਦ ਫੜ ਲਈ। ਇਹ ਭੋਲਾ ਬੰਦਾ ਕਹਿ ਬੈਠਾ ਕਿ ਜੇ ਤੇਰਾ ਦਿਲ ਘਰ ਨਹੀਂ ਲੱਗ ਰਿਹਾ ਤਾਂ ਤੂੰ ਮੁਹੱਲੇ ਦੇ ਗੁਰਦਵਾਰੇ ਚਲੀ ਜਾਇਆ ਕਰ। ਭਾਵੇਂ ਮੈਨੂੰ ਇਹ ਗੱਲ ਓਪਰੀ ਲੱਗੀ ਪਰ ਮੈਂ ਘਰੋਂ ਨਿਕਲਣ ਦੇ ਬਹਾਨੇ ਗੁਰਦਵਾਰਾ ਸਾਹਿਬ ਜਾਣ ਲੱਗ ਪਈ। ਉਥੇ ਹਰ ਹਫ਼ਤੇ ਬੀਬੀਆਂ ਸੁਖਮਨੀ ਸਾਹਿਬ ਦਾ ਪਾਠ ਕਰਦੀਆਂ ਸਨ। ਅਪਣੀ ਮਾਂ ਬੋਲੀ ਹੋਣ ਕਾਰਨ ਮੈਨੂੰ ਕੁੱਝ ਕੁੱਝ ਸਮਝ ਵੀ ਆਉਣ ਲੱਗ ਪਿਆ। ਨਵੀਂ ਨਵੀਂ ਹੋਣ ਕਾਰਨ ਮੇਰੀ ਉਥੇ ਵਾਕਫ਼ੀਅਤ ਤਾਂ ਨਹੀਂ ਸੀ ਪਰ ਪੱਕੀ ਹਾਜ਼ਰੀ ਨੂੰ ਵੇਖ ਕੇ ਇਕ ਦਿਨ ਇਕ ਬੀਬੀ ਨੇ ਮੇਰੇ ਹੱਥ ਵਿਚ ਵੀ ਪੋਥੀ ਫੜਾ ਦਿਤੀ।

ਮੈਂ ਜਦੋਂ ਆਪ ਸੁਖਮਨੀ ਸਾਹਿਬ ਪੜ੍ਹਿਆ ਤਾਂ ਮੈਨੂੰ ਬੜਾ ਸੌਖਾ ਲੱਗਾ ਤੇ ਮੈਂ ਹੋਰ ਉਤਸ਼ਾਹ ਨਾਲ ਗੁਰਦਵਾਰੇ ਜਾਣ ਲੱਗ ਪਈ। ਇਹ ਸਿਲਸਿਲਾ ਕਈ ਸਾਲਾਂ ਤੋਂ ਚਲ ਰਿਹਾ ਹੈ। ਮੇਰਾ ਬਾਣੀ ਨਾਲ ਇੰਨਾ ਪਿਆਰ ਬਣ ਗਿਆ ਹੈ ਕਿ ਮੇਰਾ ਦਿਲ ਕਰਦਾ ਹੈ ਕਿ ਮੈਂ ਰੋਜ਼ਾਨਾ ਘਰ ਬੈਠੀ ਵੀ ਸੁਖਮਨੀ ਸਾਹਿਬ ਦਾ ਪਾਠ ਕਰਿਆ ਕਰਾਂ।''

ਇੰਨੀ ਕੁ ਗੱਲ ਕਰ ਕੇ ਉਹ ਚੁਪ ਜਹੀ ਹੋ ਗਈ।  ਮੈਡਮ ਨੇ ਉਸ ਨੂੰ ਅਪਣੀ ਗੱਲ ਪੂਰੀ ਕਰਨ ਲਈ ਪ੍ਰੇਰਿਆ ਤਾਂ ਉਸ ਨੇ ਲੜੀ ਅੱਗੇ ਸ਼ੁਰੂ ਕਰ ਦਿਤੀ ਤੇ ਦਸਣ ਲੱਗੀ, ''ਸਮੇਂ ਦੇ ਨਾਲ ਗੁਰਦਵਾਰੇ ਵਾਲੀਆਂ ਬੀਬੀਆਂ ਨੂੰ ਮੇਰੇ ਮੁਸਲਮਾਨ ਹੋਣ ਦਾ ਪਤਾ ਚਲ ਗਿਆ ਹੈ। ਉਂਜ ਤਾਂ ਮੇਰਾ ਪੂਰਾ ਸਤਿਕਾਰ ਕਰਦੀਆਂ ਹਨ ਪਰ ਜਦੋਂ ਮੈਂ ਅਪਣੇ ਘਰ ਵਿਚ ਪੋਥੀ ਰੱਖਣ ਦਾ ਵਿਚਾਰ ਦਸਿਆ ਤਾਂ ਕਹਿੰਦੀਆਂ ਹਨ ਕਿ ਤੇਰੇ ਘਰ ਵਿਚ ਪੋਥੀ ਦੀ ਬੇਅਦਬੀ ਹੋਵੇਗੀ।''

ਇਹ ਗੱਲ ਕਹਿ ਕੇ ਉਹ ਉਠੀ ਤੇ ਕੰਧ ਵਿਚ ਬਣੀ ਇਕ ਬੜੀ ਸੋਹਣੀ ਲਕੜੀ ਦੀ ਛੋਟੀ ਜਿਹੀ ਅਲਮਾਰੀ ਖੋਲ੍ਹ ਕੇ ਸਾਨੂੰ ਵਿਖਾਈ ਅਤੇ ਕਹਿਣ ਲੱਗੀ, ''ਇਹ ਵੇਖੋ, ਮੇਰੇ ਖ਼ਾਵੰਦ ਨੇ ਅਪਣੀਆਂ ਮਜ਼੍ਹਬੀ ਕਿਤਾਬਾਂ ਰੱਖਣ ਲਈ ਕਿੰਨੇ ਪਿਅਰ ਨਾਲ ਇਹ ਉਚੇਚੀ ਥਾਂ ਬਣਾਈ ਹੋਈ ਹੈ। ਕੀ ਮੈਂ ਇਥੇ ਸੁਖਮਨੀ ਸਾਹਿਬ ਦੀ ਪੋਥੀ ਨਹੀਂ ਰੱਖ ਸਕਦੀ? ਮੈਂ ਤੁਹਾਡੇ ਕੋਲੋਂ ਬਸ ਇਹੀ ਪੁਛਣਾ ਸੀ ਕਿ ਇਥੇ ਰੱਖ ਕੇ ਕੀ ਸੁਖਮਨੀ ਸਾਹਿਬ ਦੀ ਬੇਅਦਬੀ ਹੋਵੇਗੀ?''

ਸਾਨੂੰ ਚੁੱਪ ਵੇਖ ਕੇ ਉਹ ਫਿਰ ਬੋਲ ਪਈ, ''ਜੇ ਤੁਸੀ ਇਸ ਨੂੰ ਬੇਅਦਬੀ ਸਮਝਦੇ ਹੋ ਤਾਂ ਮੈਂ ਪੋਥੀ ਲਈ ਹੋਰ ਨਿਵੇਕਲੀ ਥਾਂ ਬਣਵਾ ਲਵਾਂਗੀ, ਬਸ ਮੈਨੂੰ ਪੋਥੀ ਰੱਖਣ ਦੀ ਇਜਾਜ਼ਤ ਦਿਵਾ ਦਿਉ।''
ਉਸ ਪਾਕ ਰੂਹ ਦੀਆਂ ਗੱਲਾਂ ਨੇ ਸਾਨੂੰ ਦੋਹਾਂ ਨੂੰ ਸੋਚਾਂ ਦੇ ਸਮੁੰਦਰ ਵਿਚ ਸੁੱਟ ਦਿਤਾ। ਮੈਂ ਸਾਧਾਰਣ ਜਿਹਾ ਆਟੋ ਚਾਲਕ ਪੁਜਾਰੀਆਂ ਵਲੋਂ ਬਣਾਏ ਬੇਅਦਬੀ ਦੇ ਕਿਲ੍ਹੇ ਨੂੰ ਢਾਹੁਣ ਜੋਗਾ ਕਿਥੇ ਸਾਂ! ਨਾਲੇ ਮੈਂ ਇਜਾਜ਼ਤ ਵੀ ਕਿਸ ਕੋਲੋਂ ਲੈ ਕੇ ਦੇ ਦੇਣੀ ਸੀ? ਪਰ ਉਸ ਦੀ ਪਿਆਰ ਭਾਵਨਾ ਨੂੰ ਵੇਖ ਕੇ ਅਪਣੇ ਆਪ ਹੀ ਮੇਰੇ ਮੂੰਹੋਂ ਨਿਕਲ ਗਿਆ, ''ਭੈਣੇ, ਤੂੰ ਮਨ ਹੌਲਾ ਨਾ ਕਰ, ਮੈਂ ਤੈਨੂੰ ਖ਼ੁਦ ਪੋਥੀ ਲਿਆ ਕੇ ਦੇਵਾਂਗਾ ਤੇ ਤੂੰ ਉਸ ਨੂੰ ਸਤਿਕਾਰ ਨਾਲ ਇਥੇ ਹੀ ਰੱਖ ਲਵੀਂ।'' ਮੇਰਾ ਜੁਆਬ ਸੁਣ ਕੇ ਉਸ ਦੀ ਉਦਾਸੀ ਦੂਰ ਹੋ ਗਈ।

ਕੁੱਝ ਦਿਨਾਂ ਬਾਅਦ ਅਸੀ ਉਸ ਨੂੰ ਸੁਖਮਨੀ ਸਾਹਿਬ ਦੇ ਨਾਲ ਨਾਲ ਪ੍ਰੋ. ਸਾਹਿਬ ਸਿੰਘ ਰਚਿਤ ਗੁਰੂ ਗ੍ਰੰਥ ਸਾਹਿਬ ਦਰਪਣ ਦੀ ਇਕ ਪੋਥੀ ਵੀ ਦੇ ਆਏ ਤਾਕਿ ਉਹ ਕੁੱਝ ਕੁੱਝ ਗੁਰਬਾਣੀ ਦੇ ਅਰਥ ਸਮਝਣ ਦੀ ਕੋਸ਼ਿਸ਼ ਵੀ ਕਰ ਸਕੇ।
'ਜਹਾ ਦਾਣੇ ਤਹਾਂ ਖਾਣੇ' ਦੇ ਦਰਗਾਹੀ ਹੁਕਮ ਮੁਤਾਬਕ ਅੰਨ ਜਲ ਦੀ ਖੇਡ ਅਜਿਹੀ ਵਰਤੀ ਕਿ ਸਾਨੂੰ ਅਪਣਾ ਮਕਾਨ ਵੇਚਣਾ ਪੈ ਗਿਆ। ਮੈਡਮ ਨੇ ਵੀ ਸਕੂਲ ਛੱਡ ਦਿਤਾ ਅਤੇ ਆਇਸ਼ਾ ਨਾਲੋਂ ਸਾਡਾ ਸੰਪਰਕ ਟੁੱਟ ਗਿਆ। ਕੁੱਝ ਸਾਲਾਂ ਬਾਅਦ ਅਸੀ ਕਿਸੇ ਦੂਜੀ ਥਾਂ 'ਤੇ ਘਰ ਬਣਾ ਲਿਆ। ਇਸ ਸਾਰੇ ਅਰਸੇ ਵਿਚ ਆਇਸ਼ਾ ਨਾਲ ਮੁਲਾਕਾਤ ਹੋਇਆਂ ਕਈ ਵਰ੍ਹੇ ਲੰਘ ਗਏ ਸਨ।

ਇਕ ਦਿਨ ਅਸੀ ਦੋਵੇਂ ਪਤੀ ਪਤਨੀ ਅਪਣੇ ਗੇਟ ਕੋਲ ਖੜੇ ਗੱਲਾਂਬਾਤਾਂ ਕਰ ਰਹੇ ਸੀ ਕਿ ਇਕ ਸਾਈਕਲ ਸਵਾਰ ਔਰਤ ਸਾਨੂੰ ਵੇਖ ਕੇ ਰੁਕ ਗਈ। ਪਿੱਛੇ ਮੁੜੀ ਤੇ ਕੁੱਝ ਝਿਜਕਦੀ ਜਿਹੀ ਪੁੱਛਣ ਲਗੀ, ''ਕੀ ਤੁਸੀ ਆਇਸ਼ਾ ਨੂੰ ਜਾਣਦੇ ਹੋ?'' ਸਾਡੇ ਵਲੋਂ ਹਾਮੀ ਭਰਨ 'ਤੇ ਉਹ ਆਖਣ ਲਗੀ, ''ਮੈਂ ਉਸ ਦੀ ਰਿਸ਼ਤੇਦਾਰ ਹਾਂ। ਉਹ ਤੁਹਾਨੂੰ ਬੜਾ ਚੇਤੇ ਕਰਦੀ ਹੈ।''
ਸਾਡੇ ਵਲੋਂ ਉਸ ਦੀ ਸੁੱਖ-ਸਾਂਦ ਪੁੱਛਣ 'ਤੇ ਉਹ ਔਰਤ ਬੋਲੀ, ''ਉਸ ਦੇ ਘਰ ਦਾ ਮਾਹੌਲ ਕੁੱਝ ਠੀਕ ਨਹੀਂ ਚੱਲ ਰਿਹਾ। ਹੋ ਸਕੇ ਤਾਂ ਉਸ ਨੂੰ ਛੇਤੀ ਮਿਲਣ ਦੀ ਕੋਸ਼ਿਸ਼ ਕਰਿਆ ਜੇ।''

'ਮਾਹੌਲ ਕੁੱਝ ਠੀਕ ਨਹੀਂ ਹੈ' ਵਾਲੀ ਗੱਲ ਸੁਣ ਕੇ ਸਾਨੂੰ ਵੀ ਕੁੱਝ ਅੱਚਵੀ ਜਿਹੀ ਲੱਗ ਗਈ ਤੇ ਅਸੀ ਅਗਲੇ ਦਿਨ ਹੀ ਉਸ ਦੇ ਘਰ ਜਾ ਪਹੁੰਚੇ। ਅਚਨਚੇਤ ਸਾਨੂੰ ਆਇਆਂ ਵੇਖ ਕੇ ਉਹ ਬੜਾ ਹੈਰਾਨ ਹੋਈ। ਉਸ ਨੂੰ ਸਾਡੇ ਤੇ ਬੜਾ ਗਿਲਾ ਸੀ ਕਿ ਅਸੀ ਮੁੜ ਕੇ ਉਸ ਦੀ ਖ਼ਬਰ ਸਾਰ ਹੀ ਨਹੀਂ ਲਈ। ਸਾਡੀਆਂ ਮਜ਼ਬੂਰੀਆਂ ਨੂੰ ਸੁਣ ਕੇ ਉਸ ਦਾ ਰੋਸਾ ਉਤਰ ਗਿਆ। ਥੋੜ੍ਹੀ ਦੇਰ ਦੁਨੀਆਂਦਾਰੀ ਦੀਆਂ ਗੱਲਾਂ ਤੋਂ ਬਾਅਦ ਉਸ ਨੇ ਅਚਾਨਕ ਸੁਆਲ ਦਾਗ਼ ਦਿਤਾ, ''ਕੀ ਮੈਂ ਅੰਮ੍ਰਿਤ ਛਕ ਸਕਦੀ ਹਾਂ?''
ਅਸੀ ਉਸ ਦੀ ਗੱਲ ਸੁਣ ਕੇ ਹੱਕੇ ਬੱਕੇ ਰਹਿ ਗਏ ਅਤੇ ਦੋਵੇਂ ਇਕੱਠੇ ਹੀ ਬੋਲ ਪਏ, ''ਹੁਣ ਤੈਨੂੰ ਅੰਮ੍ਰਿਤ ਛਕਣ ਦੀ ਗੱਲ ਕਿਥੋਂ ਫੁਰ ਪਈ ਏ?''

''ਮੈਂ ਕਥਾ ਵਿਚ ਸੁਣਿਆ ਹੈ ਕਿ ਅੰਮ੍ਰਿਤ ਛਕੇ ਬਿਨਾਂ ਜੀਵ ਦੀ ਮੁਕਤੀ ਨਹੀਂ ਹੁੰਦੀ। ਹੁਣ ਮੇਰੇ ਤਨ ਵਿਚ ਇਹ ਖ਼ਿਆਲ ਘੁੰਮਦਾ ਰਹਿੰਦਾ ਹੈ ਕਿ ਮੈਂ ਰੋਜ਼ ਬਾਣੀ ਤਾਂ ਪੜ੍ਹਦੀ ਹੀ ਹਾਂ, ਸਹਿਜ ਪਾਠ ਵੀ ਕਰੀ ਜਾਂਦੀ ਹਾਂ ਪਰ ਪਤਾ ਨਹੀਂ ਮੇਰੀ ਮੁਕਤੀ ਹੋਵੇਗੀ ਕਿ ਨਹੀਂ। ਕੀ ਤੁਸੀ ਮੈਨੂੰ ਕੁੱਝ ਰਾਹੇ ਪਾ ਸਕਦੇ ਹੋ?'' ਉਸ ਨੇ ਅਪਣੇ ਮਨ ਦੀ ਸਾਰੀ ਗੱਲ ਸਾਡੇ ਅੱਗ ਰੱਖ ਦਿਤੀ।
ਜੁਆਬ ਦੇਣਾ ਤਾਂ ਔਖਾ ਸੀ ਪਰ ਮੈਡਮ ਨੇ ਮੋੜਵਾਂ ਸੁਆਲ ਪੁੱਛ ਲਿਆ, ''ਤੇਰੇ ਖ਼ਾਵੰਦ ਦਾ ਇਸ ਬਾਰੇ ਕੀ ਖ਼ਿਆਲ ਏ?''
ਆਇਸ਼ਾ ਨੇ ਕਿਹਾ, ''ਉਹ ਕਹਿੰਦੇ ਨੇ ਕਿ ਮੈਂ ਇਸ ਮਾਮਲੇ ਵਿਚ ਤੇਰਾ ਸਾਥ ਨਹੀਂ ਦੇ ਸਕਦਾ ਕਿਉਂਕਿ ਮੈਂ ਤਾਂ ਅਪਣੇ ਮਜ਼੍ਹਬ 'ਤੇ ਹੀ ਅਕੀਦਾ ਰਖਦਾ ਹਾਂ।''
''ਤੇ ਤੇਰੇ ਬੱਚੇ?''
''ਉਹ ਵੀ ਅਪਣੇ ਅੱਬਾ ਨਾਲ ਹੀ ਸਹਿਮਤ ਹਨ।''
''ਫਿਰ ਤੂੰ ਕਿਵੇਂ ਅੰਮ੍ਰਿਤ ਛਕ ਲਵੇਂਗੀ?'' ਮੈਂ ਵੀ ਚੁਪੀ ਤੋੜ ਦਿਤੀ।

''ਮੈਂ ਫ਼ੈਸਲਾ ਕਰ ਚੁਕੀ ਹਾਂ ਕਿ ਜੇ ਇਹ ਮੇਰਾ ਸਾਥ ਨਹੀਂ ਦਿੰਦੇ ਤਾਂ ਮੈਂ ਅੱਡ ਹੋ ਜਾਂਦੀ ਹਾਂ ਪਰ ਅੰਮ੍ਰਿਤ ਤਾਂ ਮੈਂ ਛਕ ਕੇ ਹੀ ਰਹਿਣੈ।'' ਉਸ ਨੇ ਬੜੀ ਦਲੇਰੀ ਨਾਲ ਕਹਿ ਦਿਤਾ।
''ਮਤਲਬ ਕਿ ਤੂੰ ਅਪਣੇ ਪਤੀ ਨੂੰ ਤਲਾਕ ਦੇ ਦੇਵੇਂਗੀ।'' ਅਸੀ ਹੈਰਾਨ ਹੋ ਗਏ ਸੀ।
''ਜੀ ਵੀਰ ਜੀ।'' ਦੋ ਟੁਕ ਜੁਆਬ ਦੇ ਕੇ ਉਹ ਚੁਪ ਕਰ ਗਈ।
ਇਹ ਸੁਣ ਕੇ ਮੈਂ ਤਾਂ ਜਿਵੇਂ ਭੜਕ ਹੀ ਪਿਆ, ''ਤੇਰਾ ਦਿਮਾਗ਼ ਤਾਂ ਨਹੀਂ ਹਿਲ ਗਿਆ। ਇਸ ਖ਼ੁਦਾਪ੍ਰਸਤ ਬੰਦੇ ਦਾ ਵਸਦਾ ਰਸਦਾ ਘਰ ਉਜਾੜ ਕੇ ਤੂੰ ਕਿਹੜੀ ਮੁਕਤੀ ਭਾਲਦੀ ਐਂ? ਜੇ ਘਰ ਦੇ ਇਨ੍ਹਾਂ ਜੀਆਂ ਵਿਚ ਤੈਨੂੰ ਰੱਬ ਨਹੀਂ ਦਿਸਿਆ ਤਾਂ ਬਾਹਰੋਂ ਕਿਥੋਂ ਰੱਬ ਨੂੰ ਲੱਭ ਲਵੇਂਗੀ? ਮੁਕਤੀ ਲਭਦੀ ਲਭਦੀ ਤੂੰ ਤਾਂ ਸਗੋਂ ਦੋਜ਼ਖ਼ ਦਾ ਰਾਹ ਖੋਲ੍ਹ ਲਵੇਂਗੀ।''

ਉਸ ਨੂੰ ਮੇਰੇ ਕੋਲੋਂ ਇਸ ਤਰ੍ਹਾਂ ਦੇ ਸਖ਼ਤ ਪ੍ਰਤੀਕਰਮ ਦੀ ਉਮੀਦ ਨਹੀਂ ਸੀ, ਇਸ ਲਈ ਉਹ ਡੁਸਕਣ ਲੱਗ ਪਈ। ਅਜੇ ਵੀ ਜਿਵੇਂ ਉਸ ਅੰਦਰ ਕੋਈ ਗੁਬਾਰ ਜਿਹਾ ਦਬਿਆ ਹੋਇਆ ਸੀ ਜਿਹੜਾ ਉਹ ਕਢਣਾ ਚਾਹੁੰਦੀ ਸੀ। ਇਸ ਲਈ ਉਹ ਤੰਦ ਨੂੰ ਅੱਗੇ ਛੇੜ ਬੈਠੀ, ''ਮੇਰੀ ਇਕ ਬਚਪਨ ਦੀ ਸਹੇਲੀ ਹੈ। ਉਹ ਕਿਸੇ ਬਾਬੇ ਦੇ ਡੇਰੇ ਵਿਚ ਹੀ ਰਹਿੰਦੀ ਹੈ। ਜਦੋਂ ਤੋਂ ਉਸ ਨੂੰ ਮੇਰੀ ਬਾਣੀ ਨਾਲ ਲਗਨ ਦਾ ਪਤਾ ਲਗਿਐ, ਉਦੋਂ ਤੋਂ ਮੇਰੇ ਨਾਲ ਵਧੇਰੇ ਮੋਹ ਕਰਨ ਲੱਗ ਪਈ ਐ। ਪਿਛੇ ਜਿਹੇ ਮੈਂ ਉਸ ਨੂੰ ਅਪਣੇ ਘਰ ਆਉਣ ਦਾ ਸੱਦਾ ਦਿਤਾ ਸੀ। ਉਸ ਨੇ ਇਹ ਕਹਿ ਕੇ ਟਾਲ ਦਿਤਾ ਕਿ ਪਹਿਲਾਂ ਮੈਂ ਗੁਰੂ ਵਾਲੀ ਬਣ ਜਾਵਾਂ ਤਾਂ ਹੀ ਉਹ ਸਾਡੇ ਘਰ ਪੈਰ ਪਾਵਾਂਗੀ।''

ਹੁਣ ਮੈਡਮ ਨੇ ਮੋਰਚਾ ਸੰਭਾਲ ਲਿਆ, ''ਤੇਰੇ ਵਿਆਹ ਨੂੰ ਕਿੰਨੇ ਸਾਲ ਹੋ ਗਏ ਨੇ?''
ਉਸ ਨੇ ਜਵਾਬ ਦਿਤਾ, ''12-13 ਸਾਲ ਤੋਂ ਉਪਰ ਸਮਾਂ ਹੋ ਗਿਐ।''
''ਇੰਨੇ ਸਾਲਾਂ ਵਿਚ ਜੇ ਉਹ ਤੇਰੇ ਘਰ ਨਹੀਂ ਆਈ ਤਾਂ ਹੁਣ ਤੇਰਾ ਕਿਹੜਾ ਗੱਡਾ ਫੱਸ ਗਿਐ ਜਿਹੜਾ ਉਸ ਦੇ ਆਏ ਬਿਨਾਂ ਨਹੀਂ ਨਿਕਲਣਾ? ਨਾਲੇ ਇਹੋ ਜਿਹੀ ਸਹੇਲੀ ਤੋਂ ਤੂੰ ਲੈਣਾ ਵੀ ਕੀ ਐ ਜਿਹੜੀ ਅਜਿਹੀਆਂ ਸ਼ਰਤਾਂ ਰੱਖ ਕੇ ਤੇਰੇ ਘਰ ਦੀ ਸ਼ਾਂਤੀ ਨੂੰ ਭੰਗ ਕਰ ਰਹੀ ਏ। ਜਿਹੜੇ ਖ਼ੁਦਾ ਦੇ ਬੰਦੇ ਨੇ, ਮਸੀਤ ਵਿਚ ਤੇ ਗੁਰਦਵਾਰੇ ਵਿਚ ਫ਼ਰਕ ਨਹੀਂ ਸਮਝਿਆ ਕਰਦੇ। ਤੈਨੂੰ ਅਪਣੇ ਘਰ ਵਿਚ ਗ਼ੈਰ ਮਜ਼੍ਹਬ ਦਾ ਕਲਾਮ ਪੜ੍ਹਨ ਤੋਂ ਕਦੀ ਨਹੀਂ ਰੋਕਿਆ, ਉਸ ਨੂੰ ਛੱਡ ਕੇ ਤੈਨੂੰ ਕਿਥੇ ਢੋਈ ਮਿਲੇਗੀ?'' ਸਿੰਘਣੀ ਗਰਜਦੀ ਪਈ ਸੀ।

ਇਸ ਤਰ੍ਹਾਂ ਦੀਆਂ ਕੜਕ ਗੱਲਾਂ ਸੁਣ ਕੇ ਉਹ ਸੁੰਨ ਹੋ ਗਈ ਸੀ। ਮਾਹੌਲ ਨੂੰ ਕੁੱਝ ਠੰਢਾ ਕਰਨ ਲਈ ਮੈਂ ਉਸ ਨੂੰ ਇਤਿਹਾਸ ਵਿਚੋਂ ਸਿੱਖਾਂ ਤੇ ਮੁਸਲਮਾਨਾਂ ਦੀ ਸਾਂਝ ਦੇ ਹਵਾਲੇ ਦੇਣੇ ਸ਼ੁਰੂ ਕੀਤੇ। ਗੁਰੂ ਨਾਨਕ ਸਾਹਿਬ ਤੇ ਭਾਈ ਮਰਦਾਨਾ ਜੀ ਦੀ ਲੰਮੀ ਸਾਂਝ, ਸਾਈਂ ਮੀਆਂ ਮੀਰ ਜੀ ਤੇ ਗੁਰੂ ਅਰਜਨ ਦੇਵ ਜੀ ਦਾ ਪਿਆਰ, ਭਾਈ ਬਚਿੱਤਰ ਸਿੰਘ ਦੀ ਸੇਵਾ ਲਈ ਨਿਹੰਗ ਖ਼ਾਨ ਪਠਾਣ ਦੀ ਧੀ ਵਲੋਂ ਸਾਰੀ ਉਮਰ ਨਿਕਾਹ ਨਾ ਕਰਵਾਉਣਾ, ਗਨੀ ਖ਼ਾਂ, ਨਬੀ ਖ਼ਾਂ ਵਲੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਮੁਗ਼ਲ ਫ਼ੌਜਾਂ ਦੇ ਘੇਰੇ ਵਿਚੋਂ ਬਾ-ਅਦਬ ਕੱਢ ਕੇ ਲੈ ਜਾਣਾ, ਪੀਰ ਬੁੱਧੂ ਸ਼ਾਹ ਦਾ ਗੁਰੂ ਸਾਹਿਬ ਲਈ ਅਪਣੇ ਪੁੱਤਰ ਤੇ ਭਤੀਜੇ ਸ਼ਹੀਦ ਕਰਵਾ ਦੇਣਾ ਆਦਿ ਦੀਆਂ ਗਾਥਾਵਾਂ ਅਸੀ ਉਸ ਨੂੰ ਦਸੀਆਂ।

ਇਹ ਵੀ ਦਸਿਆ ਕਿ ਇੰਨੀ ਪੱਕੀ ਪੀਡੀ ਸਾਂਝ ਦੇ ਹੁੰਦਿਆਂ ਵੀ ਜਦੋਂ ਕਿਸੇ ਨੇ ਮਜ਼੍ਹਬ ਦੀ ਸ੍ਰੇਸ਼ਟਤਾ ਦਾ ਸੁਆਲ ਉਠਾਇਆ ਤਾਂ ਗੁਰੂ ਸਾਹਿਬ ਦਾ ਜੁਆਬ ਸੀ :
ਤੁਮਕੋ ਤੁਮਾਰਾ ਖੂਬ ਔਰ ਹਮਕੋ ਹਮਾਰਾ
'ਬਾਬਾਣੀਆਂ ਕਹਾਣੀਆਂ' ਨੇ ਮਾਹੌਲ ਵਿਚ ਬਦਲਾਅ ਲਿਆ ਦਿਤਾ ਸੀ। ਆਇਸ਼ਾ ਦੇ ਚਿਹਰੇ 'ਤੇ ਵੀ ਖੇੜਾ ਮੁੜ ਆਇਆ। ਹੁਣ ਮੈਨੂੰ ਮੁਖ਼ਾਤਬ ਹੋ ਕੇ ਕਹਿਣ ਲੱਗੀ, ''ਵੀਰ ਜੀ, ਮੇਰੇ ਸਿਰੋਂ ਇਕ ਬੋਝ ਹੋਰ ਲਾਹ ਦਿਉ। ਮੇਰੀ ਸਹੇਲੀ ਨੇ ਮੇਰੇ ਕੋਲੋਂ ਕੌਲ ਲਿਆ ਸੀ ਕਿ ਮੈਂ ਅੰਮ੍ਰਿਤ ਜ਼ਰੂਰ ਛਕਾਂਗੀ। ਇਸ ਗੱਲ ਦੀ ਜ਼ਾਮਨੀ ਲਈ ਉਸ ਨੇ ਮੈਨੂੰ ਬਾਬਾ ਜੀ ਦੀ ਇਕ ਫੋਟੋ 'ਤੇ ਇਕ ਤਸਬੀ (ਮਾਲਾ) ਦਿਤੀ ਸੀ। ਮੈਨੂੰ ਸਮਝਾ ਦਿਉ ਕਿ ਮੈਂ ਇਨ੍ਹਾਂ ਚੀਜ਼ਾਂ ਦਾ ਕੀ ਕਰਾਂ।''

ਕੁੱਝ ਪਲ ਸੋਚ ਕੇ ਮੈਂ ਕਿਹਾ ਕਿ ਲਿਆ ਤੂੰ ਉਹ ਚੀਜ਼ਾਂ ਮੈਨੂੰ ਦੇ ਦੇ ਤਾਕਿ ਤੇਰੇ ਦਿਲ ਤੋਂ ਇਹ ਭਾਰ ਵੀ ਲਹਿ ਜਾਵੇ। ਇਹ ਸੁਣ ਕੇ ਉਹ ਬੜੇ ਸਤਿਕਾਰ ਨਾਲ ਸੰਭਾਲ ਕੇ ਰੱਖੀ ਇਕ ਬਾਬੇ ਦੀ ਫੋਟੋ ਅਤੇ ਇਕ ਸੌ ਇਕ ਮਣਕਿਆਂ ਦੀ ਮਾਲਾ ਚੁੱਕ ਲਿਆਈ। ਅਸੀ ਇਹ ਦੋਵੇਂ ਚੀਜ਼ਾਂ ਘਰ ਲਿਆ ਕੇ ਵਾਜ਼ਬ ਤਰੀਕੇ ਨਾਲ ਟਿਕਾਣੇ ਲਗਾ ਦਿਤੀਆਂ। ਇਸ ਘਟਨਾ ਨੂੰ ਕਈ ਸਾਲ ਲੰਘ ਚੁੱਕੇ ਹਨ। ਹੁਣ ਉਹ (ਆਇਸ਼ਾ) ਸੁਖ ਸ਼ਾਂਤੀ ਨਾਲ ਅਪਣੇ ਘਰ ਵਿਚ ਵਸ ਰਹੀ ਹੈ। ਉਸ ਦੀ ਨਿਜੀ ਜ਼ਿੰਦਗੀ ਦੀ ਗੁਪਤਤਾ ਦਾ ਧਿਆਨ ਰਖਦਿਆਂ ਮੈਂ ਜਾਣ ਬੁੱਝ ਕੇ ਉਸ ਦੇ ਅਸਲੀ ਨਾਂ ਅਤੇ ਇਲਾਕੇ ਦਾ ਜ਼ਿਕਰ ਛੁਪਾ ਲਿਆ ਹੈ। ਐਸੇ ਭੋਲੇ ਲੋਕ ਵਸਦੇ ਹੀ ਰਹਿਣੇ ਚਾਹੀਦੇ ਹਨ।

ਕੁਲਦੀਪ ਸਿੰਘ (ਆਟੋ ਚਾਲਕ)
- ਮੋਬਾਈਲ : 90412-63401