ਜਥੇਦਾਰ ਹਵਾਰਾ ਚਲ ਚੁਕੇ ਕਾਰਤੂਸਾ ਨੂੰ ਅੱਗੇ ਲਾ ਕੇ ਕੁੱਝ ਵੀ ਹਾਸਲ ਨਹੀ ਕਰ ਸਕਣਗੇ -ਭਾਈ ਰਣਜੀਤ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਅੱਜ 'ਸਪੋਕਸਮੈਨ ਟੀਵੀ' ਨਾਲ ਵਿਸ਼ੇਸ਼ ਇੰਟਰਵਿਊ ਦੌਰਾਨ ਮੌਜੂਦਾ ਪੰਥਕ....

Bhai Ranjit Singh Ji

ਚੰਡੀਗੜ੍ਹ (ਨੀਲ ਭਲਿੰਦਰ ਸਿੰਘ): ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਅੱਜ 'ਸਪੋਕਸਮੈਨ ਟੀਵੀ' ਨਾਲ ਵਿਸ਼ੇਸ਼ ਇੰਟਰਵਿਊ ਦੌਰਾਨ ਮੌਜੂਦਾ ਪੰਥਕ, ਅਕਾਲੀ ਸਿਆਸਤ, ਬਰਗਾੜੀ ਕਾਂਡ ਦੀ ਜਾਂਚ ਅਤੇ ਮੁਤਵਾਜ਼ੀ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਹਵਾਲੇ ਨਾਲ ਮੁੜ ਮੋਰਚਾ ਲਾਉਣ ਦੀਆਂ ਕੋਸ਼ਿਸ਼ਾਂ ਜਹੇ ਅਹਿਮ ਮੁੱਦਿਆਂ ਉਤੇ ਬੇਬਾਕ ਵਿਚਾਰਾਂ ਰੱਖੀਆਂ। ਗੱਲਬਾਤ ਦੌਰਾਨ ਉਨ੍ਹਾਂ ਜਥੇਦਾਰ ਹਵਾਰਾ ਨੂੰ ਸਲਾਹ ਦਿਤੀ ਕਿ ਉਹ ਅੱਜ 'ਚਲ ਚੁਕੇ ਕਾਰਤੂਸਾਂ' ਨੂੰ ਮੋਹਰਾ ਬਣਾਉਣ ਦਾ ਸੰਕਲਪ ਲੈਣ ਤੋਂ ਗੁਰੇਜ਼ ਕਰਨ ਕਿਉਂਕਿ ਇਨ੍ਹਾਂ ਦੇ ਦਮ ਉਤੇ ਕੁੱਝ ਹਾਸਲ ਨਹੀਂ ਹੋਣਾ।

ਖ਼ੁਦ ਨਿਰੰਕਾਰੀ ਮੁਖੀ ਗੁਰਬਚਨ ਸਿੰਘ ਹਤਿਆ ਕੇਸ 'ਚ ਸਜ਼ਾ ਭੁਗਤ ਚੁਕੇ ਅਤੇ ਜਥੇਦਾਰ ਅਕਾਲ ਤਖ਼ਤ ਥਾਪੇ ਗਏ ਭਾਈ ਰਣਜੀਤ ਸਿੰਘ ਨੇ ਕਿਹਾ ਕਿ ਬੇਅੰਤ ਸਿੰਘ ਹਤਿਆ ਕੇਸ 'ਚ ਹਵਾਰਾ ਵੀ ਅੰਦਰ ਬੰਦ ਹਨ ਅਤੇ ਉਨ੍ਹਾਂ ਨੂੰ ਮੁਤਵਾਜ਼ੀ ਜਥੇਦਾਰ ਥਾਪਿਆ ਗਿਆ ਹੈ। ਪਰ ਉਹ ਵੀ ਜੇਲ ਵਿਚ ਬੰਦ ਹਨ। ਇਸ ਲਈ ਜੇਲ ਕੱਟੀ ਹੋਣ ਸਦਕਾ ਉਹ ਹਵਾਰਾ ਦੇ ਮੌਜੂਦਾ ਹਾਲਾਤ ਤੋਂ ਭਲੀਭਾਂਤ ਜਾਣੂ ਹਨ। ਉਨ੍ਹਾਂ ਨੂੰ ਇਹੋ ਸਲਾਹ ਹੈ ਕਿ ਉਹ ਸਮੇਂ ਦੀ ਨਜ਼ਾਕਤ ਸਮਝਦੇ ਹੋਏ ਸੰਜਮ ਨਾਲ ਚਲਣ ਅਤੇ ਅਪਣੇ ਅਦਾਲਤੀ ਕੇਸਾਂ ਉਤੇ ਧਿਆਨ ਦੇਣ। ਪਹਿਲਾਂ ਬਰੀ ਹੋ ਕੇ ਬਾਹਰ ਆਉਣ ਨੂੰ ਤਰਜੀਹ ਦੇਣ ਅਤੇ ਬਾਹਰ ਉਨ੍ਹਾਂ ਲਈ ਸੱਭ ਕੁੱਝ ਖੁਲ੍ਹਾ ਪਿਆ ਹੈ।

ਬਾਹਰ ਆ ਕੇ ਡੱਟ ਕੰਮ ਕਰਨ ਦਾ ਮੌਕਾ ਪੰਥ ਦੇਵੇਗਾ। ਅਪਣੇ ਨਾਮ ਉਤੇ ਬਾਹਰ ਬੈਠੇ ਆਗੂਆਂ ਨੂੰ ਕਾਰਵਾਈਆਂ ਕਰਨ ਦੇਣ ਨਾਲ ਕੁੱਝ ਨਹੀਂ ਮਿਲੇਗਾ। ਭਾਈ ਰਣਜੀਤ ਸਿੰਘ ਨੇ ਅਕਾਲੀ ਦਲ ਦੇ ਦੋਫਾੜ ਉਤੇ ਇਸ ਨੂੰ ਦੇਰ ਨਾਲ ਆਇਆ ਦਰੁਸਤ ਫ਼ੈਸਲਾ ਕਰਾਰ ਦਿਤਾ। ਪਰ ਨਾਲ ਹੀ ਕਿਹਾ ਕਿ ਅਕਾਲੀ ਦਲ ਦਾ ਵਜੂਦ ਬਾਦਲਾਂ ਦੇ ਲਾਂਭੇ ਹੋਣ ਨਾਲ ਹੀ ਕਾਇਮ ਰਹਿੰਦਾ ਹੈ। ਹੁਣ ਭਾਵੇਂ ਸਮਾਂ ਸੰਭਾਲਦੇ ਹੋਏ ਬਾਦਲ ਖ਼ੁਦ ਲਾਂਭੇ ਹੋ ਜਾਣ, ਨਹੀਂ ਤਾਂ ਲੋਕਾਂ ਨੇ ਕਰ ਹੀ ਦੇਣਾ ਹੈ। ਸਾਬਕਾ ਜਥੇਦਾਰ ਨੇ ਇਹ ਵੀ ਸਪਸ਼ਟ ਕੀਤਾ ਕਿ ਸ਼੍ਰੋਮਣੀ ਕਮੇਟੀ ਉਤੇ ਕਾਬਜ਼ ਅਕਾਲੀ ਦਲ ਹੀ ਮਜ਼ਬੂਤ ਅਕਾਲੀ ਦਲ ਸਾਬਤ ਹੋ ਸਕਦਾ ਹੈ

ਜਿਸ ਲਈ ਬਾਦਲ ਦਲ ਨੂੰ ਕਮੇਟੀ ਤੋਂ ਲਾਂਭੇ ਕਰਨਾ ਅਤਿ ਜ਼ਰੂਰੀ ਹੈ। ਬਰਗਾੜੀ ਗੋਲੀਕਾਂਡ ਮਾਮਲੇ ਵਿਚ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਵਲੋਂ ਸਾਬਕਾ ਐਸਐਸਪੀ ਚਰਨਜੀਤ ਸਿੰਘ ਸ਼ਰਮਾ ਕੋਲੋਂ ਪੁਛਗਿਛ ਕੀਤੀ ਜਾ ਰਹੀ ਹੋਣ ਉਤੇ ਉਨ੍ਹਾਂ ਕਿਹਾ ਕਿ ਸ਼ਰਮਾ ਉਤੇ ਹੀ ਕੇਸ ਦਾ ਸਾਰਾ ਦਾਰੋਮਦਾਰ ਪਾਉਣ ਨਾਲ ਸਿੱਖਾਂ ਨੂੰ ਇਨਸਾਫ਼ ਨਹੀਂ ਮਿਲਣਾ। ਸ਼ਰਮਾ ਕੋਲੋਂ ਗੋਲੀ ਚਲਵਾਉਣ ਵਾਲੀ 'ਹਾਈਕਮਾਨ' ਨੂੰ ਨਪਣਾ ਜ਼ਰੂਰੀ ਹੋਵੇਗਾ। ਉਨ੍ਹਾਂ ਦਾਅਵੇ ਨਾਲ ਕਿਹਾ ਕਿ ਘਟਨਾ ਮੌਕੇ ਐਸਐਸਪੀ ਸ਼ਰਮਾ 'ਉਪਰਲਿਆਂ' ਸਥਿਤੀ ਸ਼ਾਂਤ ਦੇਣ ਦੀਆਂ ਰੀਪੋਰਟਾਂ ਦੇ ਰਿਹਾ ਸੀ ਪਰ ਉਤੋਂ ਉਸ ਨੂੰ ਗਾਲਾਂ ਕੱਢ ਸਖ਼ਤੀ ਨਾਲ ਨਜਿੱਠਣ ਦੇ ਹੁਕਮ ਦਿਤੇ ਗਏ। ਉਨ੍ਹਾਂ ਕੇਸ ਨੂੰ ਅੰਜਾਮ ਤਕ ਲਿਜਾਉਣ ਲਈ ਤਤਕਾਲੀ ਡੀਜੀਪੀ ਅਤੇ ਹੁਕਮਰਾਨਾਂ ਨੂੰ ਵੀ ਜਾਂਚ ਦੇ ਘੇਰੇ 'ਚ ਲਿਆਉਣ ਉਤੇ ਜ਼ੋਰ ਦਿਤਾ।