ਮੈਂ ਖ਼ੁਦ ਅਕਾਲ ਤਖ਼ਤ ਸਾਹਿਬ 'ਤੇ ਆ ਰਿਹਾ ਹਾਂ: ਗਿਆਨੀ ਇਕਬਾਲ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਅੰਮ੍ਰਿਤਸਰ : ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਤਖ਼ਤਾਂ ਦੇ ਜਥੇਦਾਰਾਂ ਦੀ ਇਕ ਮੀਟਿੰੰਗ 9 ਮਾਰਚ ਨੂੰ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਬੁਲਾ...

Giani Iqbal Singh

ਅੰਮ੍ਰਿਤਸਰ : ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਤਖ਼ਤਾਂ ਦੇ ਜਥੇਦਾਰਾਂ ਦੀ ਇਕ ਮੀਟਿੰੰਗ 9 ਮਾਰਚ ਨੂੰ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਬੁਲਾ ਲਈ ਹੈ। ਅੱਜ ਫ਼ੋਨ 'ਤੇ ਗੱਲ ਕਰਦਿਆਂ 'ਜਥੇਦਾਰ' ਨੇ ਦਸਿਆ ਕਿ ਇਸ ਮੀਟਿੰਗ ਵਿਚ ਕੁੱਝ ਪੰਥਕ ਮਸਲਿਆਂ 'ਤੇ ਵਿਚਾਰ ਕਰਨ ਤੋਂ ਇਲਾਵਾ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਦੀਆਂ ਸ਼ਿਕਾਇਤਾਂ 'ਤੇ ਵਿਚਾਰ ਕੀਤਾ ਜਾਵੇਗਾ। ਉਨ੍ਹਾਂ ਦਸਿਆ ਕਿ ਇਸ ਮੀਟਿੰਗ ਵਿਚ ਸਾਥੀ 'ਜਥੇਦਾਰਾਂ' ਨਾਲ ਵਿਚਾਰ ਕਰ ਕੇ ਗਿਆਨੀ ਇਕਬਾਲ ਸਿੰਘ ਮਾਮਲੇ 'ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਗਿਆਨੀ ਇਕਬਾਲ ਸਿੰਘ ਮਾਮਲੇ ਦੀ ਜਾਂਚ ਲਈ ਬਣਾਈ 7 ਮੈਂਬਰੀ ਕਮੇਟੀ ਵਿਚ 2 ਮੈਂਬਰ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਤੋਂ ਵੀ ਸ਼ਾਮਲ ਕੀਤੇ ਗਏ ਹਨ ਤਾਕਿ ਸਹੀ ਤੱਥ ਸੰਗਤ ਸਾਹਮਣੇ ਆ ਸਕਣ। ਇਸ ਕਮੇਟੀ ਨੂੰ ਕਿਹਾ ਗਿਆ ਹੈ ਕਿ ਜਲਦ ਤੋਂ ਜਲਦ ਗਿਆਨੀ ਇਕਬਾਲ ਸਿੰਘ ਮਾਮਲੇ ਦੀ ਰੀਪੋਰਟ ਅਕਾਲ ਤਖ਼ਤ ਸਾਹਿਬ 'ਤੇ ਪੇਸ਼ ਕੀਤੀ ਜਾਵੇ। ਇਸ ਦੌਰਾਨ ਗਿਆਨੀ ਇਕਬਾਲ ਸਿੰਘ ਨੇ ਕਿਹਾ,''ਮੈਂ 9 ਮਾਰਚ ਨੂੰ ਅਕਾਲ ਤਖ਼ਤ ਸਾਹਿਬ 'ਤੇ ਆ ਰਿਹਾ ਹਾਂ।'' ਉਨ੍ਹਾਂ ਦੋਸ਼ ਲਾਇਆ ਕਿ ਮੈਨੂੰ ਬਾਦਲ ਅਤੇ ਇਨ੍ਹਾਂ ਦੇ ਸਹਿਯੋਗੀਆਂ ਤੋਂ ਜਾਨ ਦਾ ਖ਼ਤਰਾ ਹੈ। 

ਉਨ੍ਹਾਂ ਗਿਆਨੀ ਹਰ੍ਰਪੀਤ ਸਿੰਘ ਨੂੰ ਕਿਹਾ,''9 ਮਾਰਚ ਨੂੰ ਮੇਰੇ ਨਾਲ ਗਿਆਨੀ ਗੁਰਬਚਨ ਸਿੰਘ, ਗਿਆਨੀ ਗੁਰਮੁਖ ਸਿੰਘ ਅਤੇ ਸੁਖਬੀਰ ਸਿੰਘ ਬਾਦਲ ਨੂੰ ਸੱਦਿਆ ਜਾਵੇ ਤਾਕਿ ਸੰਸਾਰ ਭਰ ਦੇ ਲੋਕਾਂ ਸਾਹਮਣੇ ਦੁਧ ਦਾ ਦੁਧ ਤੇ ਪਾਣੀ ਦਾ ਪਾਣੀ ਹੋ ਸਕੇ।'' ਉਨ੍ਹਾਂ ਕਿਹਾ,''9 ਮਾਰਚ ਦੀ ਮੀਟਿੰਗ ਵਿਸ਼ੇਸ਼ ਤੌਰ 'ਤੇ ਮੇਰੇ ਕਰ ਕੇ ਬੁਲਾਈ ਗਈ ਹੈ ਤਾਕਿ ਮੈਨੂੰ ਸਜ਼ਾ ਦਿਤੀ ਜਾ ਸਕੇ ਕਿਉਂਕਿ ਮੈਂ ਸੌਦਾ ਸਾਧ ਨੂੰ ਬਿਨਾਂ ਮੰਗੇ ਦਿਤੀ ਮਾਫ਼ੀ ਦੀ ਪੋਲ ਖੋਲ੍ਹਣੀ ਸ਼ੁਰੂ ਕੀਤੀ ਹੈ, ਇਹ ਸਜ਼ਾ ਮੈਨੂੰ ਤਾਂ ਦਿਤੀ ਜਾ ਰਹੀ ਹੈ ਤਾਕਿ ਭਵਿੱਖ ਵਿਚ ਕੋਈ ਇਨ੍ਹਾਂ ਅੱਗੇ ਸੱਚ ਬੋਲਣ ਦੀ ਹਿੰਮਤ ਨਾ ਕਰੇ।'' ਗਿਆਨੀ ਇਕਬਾਲ ਸਿੰਘ ਨੇ ਕਿਹਾ,''ਮੈਂ ਬੰਦ ਕਮਰੇ ਵਿਚ ਨਹੀਂ ਬਲਕਿ ਖੁਲ੍ਹੇ ਵਿਹੜੇ ਵਿਚ ਸੰਗਤ ਦੇ ਸਾਹਮਣੇ ਅਤੇ ਸੰਸਾਰ ਭਰ ਦੀ ਪ੍ਰੈਸ ਦੇ ਸਾਹਮਣੇ ਗੱਲ ਕਰਾਂਗਾ ਤਾਕਿ ਸੰਗਤ ਅੱਗੇ ਸੱਭ ਕੁੱਝ ਸਪਸ਼ਟ ਹੋ ਜਾਵੇ।''

ਉਨ੍ਹਾਂ ਕਿਹਾ,'' ਮੈਂ ਸੌਦਾ ਸਾਧ ਨੂੰ ਬਿਨਾਂ ਮੰਗੇ ਮਾਫ਼ੀ ਦੇ ਨਾਲ-ਨਾਲ ਕਈ ਹੋਰ ਸੱਚ ਵੀ ਸੰਗਤ ਅੱਗੇ ਰਖਾਂਗਾ।'' ਉਨ੍ਹਾਂ ਕਿਹਾ ਕਿ ਮੇਰੀ ਜਾਨ ਨੂੰ ਖ਼ਤਰਾ ਹੈ ਇਸ ਲਈ ਉਨ੍ਹਾਂ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖ ਕੇ ਅਪਣੀ ਸੁਰੱਖਿਆ ਲਈ ਸੁਰੱਖਿਆ ਕਰਮਚਾਰੀਆਂ ਦੀ ਮੰਗ ਕੀਤੀ ਹੈ।