ਬਾਦਲ ਦੀਆਂ ਚਾਲਾਂ ਤੋਂ ਖ਼ਬਰਦਾਰ ਰਹਿਣ ਚੀਫ਼ ਖ਼ਾਲਸਾ ਦੀਵਾਨ ਦੇ ਆਗੂ:  ਡਾ ਦਿਲਗੀਰ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਅਕਾਲ ਤਖ਼ਤ ਦੇ ਅਤੇ ਹੋਰ ਪੁਜਾਰੀ ਇਨ੍ਹਾਂ ਦੇ ਮੁਲਾਜ਼ਮ ਹਨ ਅਤੇ ਇਹ ਪੁਜਾਰੀਆਂ ਨੂੰ ਨਿਜੀ ਮੁਫ਼ਾਦ ਲਈ ਵਿਰੋਧੀਆਂ ਦੇ ਵਿਰੁਧ ਵਰਤਦੇ ਹਨ

Dr. Harjinder Singh Dilgeer

 ਨਾਮਵਰ ਇਤਿਹਾਸਕਾਰ ਡਾ. ਹਰਜਿੰਦਰ ਸਿੰਘ ਦਿਲਗੀਰ ਨੇ ਚੀਫ਼ ਖ਼ਾਲਸਾ ਦੀਵਾਨ ਦੇ ਨਵੇਂ ਚੁਣੇ ਗਏ ਆਗੂਆਂ ਨੂੰ ਸਲਾਹ ਦਿਤੀ ਹੈ ਕਿ ਉਹ ਬਾਦਲ ਅਕਾਲੀ ਦਲ ਵਲੋਂ ਅਕਾਲ ਤਖ਼ਤ ਆਦਿ ਦੇ ਪੁਜਾਰੀਆਂ ਨੂੰ ਵਰਤ ਕੇ ਚੀਫ਼ ਖ਼ਾਲਸਾ ਦੀਵਾਨ 'ਤੇ ਕਬਜ਼ਾ ਕਰਨ ਦੀਆਂ ਸਾਜ਼ਸ਼ਾਂ ਤੋਂ ਖ਼ਬਰਦਾਰ ਰਹਿਣ। ਤੁਹਾਡੀ ਚੋਣ ਕਾਨੂੰਨੀ ਤਰੀਕੇ ਨਾਲ ਹੋਈ ਹੈ ਅਤੇ ਹਾਰੇ ਹੋਏ ਬਾਦਲ ਦਲ ਦੇ ਚੌਧਰੀ, ਪਜਾਰੀਆਂ ਰਾਹੀਂ, ਇਸ ਚੋਣ ਨੂੰ ਖ਼ਤਮ ਕਰਨ ਦੇ ਹਰਬੇ ਵਰਤ ਰਹੇ ਹਨ। ਉਨ੍ਹਾਂ ਕਿਹਾ ਕਿ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਇਮੀ ਵੇਲੇ ਵੀ ਇਨ੍ਹਾਂ ਨੇ ਅਜਿਹਾ ਹੀ ਕੀਤਾ ਸੀ ਪਰ ਜਗਦੀਸ਼ ਸਿੰਘ ਝੀਂਡਾ ਤੇ ਦੀਦਾਰ ਸਿੰਘ ਨਲਵੀ ਇਨ੍ਹਾਂ ਦੇ ਜਾਲ ਵਿਚ ਨਹੀਂ ਫਸੇ ਸਨ। ਉਨ੍ਹਾਂ ਹੋਰ ਕਿਹਾ ਕਿ ਅਕਾਲ ਤਖ਼ਤ ਦੇ ਅਤੇ ਹੋਰ ਪੁਜਾਰੀ ਇਨ੍ਹਾਂ ਦੇ ਮੁਲਾਜ਼ਮ ਹਨ ਅਤੇ ਇਹ ਪੁਜਾਰੀਆਂ ਨੂੰ ਨਿਜੀ ਮੁਫ਼ਾਦ ਲਈ ਵਿਰੋਧੀਆਂ ਦੇ ਵਿਰੁਧ ਵਰਤਦੇ ਹਨ। ਉਨ੍ਹਾਂ ਨੇ ਕਿਹਾ ਕਿ ਜੇ ਇਹ ਪੁਜਾਰੀ ਬਾਜ਼ ਨਾ ਆਉਣ ਤਾਂ ਚੀਫ਼ ਖਾਲਸਾ ਦੀਵਾਨ ਦੇ ਆਗੂਆਂ ਨੂੰ ਇਨ੍ਹਾਂ ਵਲੋਂ ਤਖ਼ਤ ਦੀ ਦੁਰਵਰਤੋਂ ਵਿਰੁਧ ਅਦਾਲਤ ਵਿਚ ਕੇਸ ਕਰਨਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਉਨ੍ਹਾਂ ਹਾਈ ਕੋਰਟ ਵਿਚ ਕੇਸ ਕਰ ਕੇ ਸਾਬਤ ਕਰ ਦਿਤਾ ਹੈ ਕਿ ਅਖੌਤੀ ਜਥੇਦਾਰ ਦਾ ਅਖੌਤੀ ਹੁਕਮਨਾਮੇ ਨੂੰ ਚੁਨੌਤੀ ਦਿਤੀ ਜਾ ਸਕਦੀ ਹੈ ਤੇ ਜਥੇਦਾਰ ਸ਼੍ਰੋਮਣੀ ਕਮੇਟੀ ਦੇ ਸਿਰਫ਼ ਮੁਲਾਜ਼ਮ ਹਨ ਅਤੇ ਇਸ ਤੋਂ ਸਿਵਾ ਇਨ੍ਹਾਂ ਦੀ ਕੋਈ ਹਸਤੀ ਨਹੀਂ। ਅਦਾਲਤ ਵਿਚ ਇਹ ਉਨ੍ਹਾਂ ਦਾ ਦਾਅਵਾ ਰੱਦ ਨਹੀਂ ਕਰ ਸਕੇ ਤੇ ਅਦਾਲਤ ਨੇ ਇਨ੍ਹਾਂ ਨੂੰ ਸਿਰਫ਼ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਹੀ ਮੰਨਿਆ ਹੈ। ਹੁਣ ਇਨ੍ਹਾਂ ਦਾ ਹਊਆ ਅਦਾਲਤੀ ਤੌਰ 'ਤੇ ਵੀ ਖ਼ਤਮ ਹੋ ਚੁੱਕਾ ਹੈ। ਉਨ੍ਹਾਂ ਚੀਫ਼ ਖਾਲਸਾ ਦੀਵਾਨ ਦੇ ਆਗੂਆਂ ਨੂੰ ਚੇਤਾਵਨੀ ਦਿਤੀ ਹੈ ਕਿ ਅਜੇ ਮੌਕਾ ਹੈ ਸੰੰਭਲ ਜਾਉ ਨਹੀਂ ਤਾਂ ਤਖ਼ਤ ਦੇ ਨਾਂ 'ਤੇ ਮੂਰਖ ਬਣਾ ਜਾਣਗੇ ਤੇ ਫਿਰ ਕੋਈ ਚਾਰਾ ਨਹੀਂ ਰਹਿਣਾ। ਇਨ੍ਹਾਂ ਦੇ ਤਖ਼ਤ ਦੇ ਨਾਂ 'ਤੇ ਕੀਤੇ ਜਾਣ ਵਾਲੇ ਧੋਖੇ ਦੇ ਜਾਲ ਵਿਚ ਨਾ ਫਸਣਾ।